ਤਾਜ਼ਾ ਖੋਜ 'ਚ ਗ੍ਰੀਨ ਟੀ ਦਾ ਵੱਡਾ ਫ਼ਾਇਦਾ ਸਾਹਮਣੇ ਆਇਆ ਹੈ। ਵਿਗਿਆਨਕਾਂ ਦਾ ਕਹਿਣਾ ਹੈ ਕਿ ਗ੍ਰੀਨ ਟੀ ਮੋਟਾਪੇ ਦਾ ਖ਼ਤਰਾ ਘੱਟ ਕਰਨ ਦੇ ਸਮਰੱਥ ਹੈ। ਨਾਲ ਹੀ ਇਹ ਸਿਹਤ ਨਾਲ ਜੁੜੀਆਂ ਕਈ ਹੋਰ ਪਰੇਸ਼ਾਨੀਆਂ ਤੋਂ ਵੀ ਬਚਾਉਂਦੀ ਹੈ। ਨਿਊਟ੍ਰੀਸ਼ਨਲ ਬਾਇਓਕੈਮਿਸਟ੍ਰੀ 'ਚ ਪ੍ਰਕਾਸ਼ਿਤ ਖੋਜ ਅਨੁਸਾਰ ਅਧਿਐਨ ਦੌਰਾਨ ਜਿਨ੍ਹਾਂ ਚੂਹਿਆਂ ਨੂੰ ਗ੍ਰੀਨ ਟੀ ਦਿੱਤੀ ਗਈ ਉਨ੍ਹਾਂ ਦੀ ਸਿਹਤ ਹੋਰ ਦੇ ਮੁਕਾਬਲੇ ਬਿਹਤਰ ਰਹੀ। ਇਨ੍ਹਾਂ ਨਤੀਜਿਆਂ ਤੋਂ ਆਉਣ ਵਾਲੇ ਦਿਨਾਂ ਵਿਚ ਡਾਇਬਟੀਜ਼ ਅਤੇ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ 'ਤੇ ਗ੍ਰੀਨ ਟੀ ਦੇ ਅਸਰ ਨੂੰ ਲੈ ਕੇ ਅਧਿਐਨ ਦਾ ਵੀ ਰਸਤਾ ਖੁੱਲੇਗਾ। ਅਮਰੀਕਾ ਦਾ ਓਹਾਇਓ ਸਟੇਟ ਯੂਨੀਵਰਸਿਟੀ ਦੇ ਖੋਜਕਰਤਾ ਰਿਚਰਡ ਬਰੂਨੋ ਨੇ ਦੱਸਿਆ ਕਿ ਗ੍ਰੀਨ ਟੀ ਪੇਟ ਦੀ ਸਿਹਤ ਨੂੰ ਸੁਧਾਰਦੀ ਹੈ। ਇਹ ਪੇਟ ਦੇ ਉਨ੍ਹਾਂ ਬੈਕਟੀਰੀਆ ਲਈ ਚੰਗੀ ਹੈ ਜੋ ਸਾਡੀ ਸਿਹਤ ਨੂੰ ਸਹੀ ਰੱਖਣ ਵਿਚ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਬੈਕਟੀਰੀਆ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਨਾਲ ਮੋਟਾਪੇ ਅਤੇ ਹੋਰ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।