ਵਾਸ਼ਿੰਗਟਨ (ਪੀਟੀਆਈ) : ਵਿਗਿਆਨੀਆਂ ਨੂੰ ਨੱਕ 'ਚ ਦੋ ਖ਼ਾਸ ਤਰ੍ਹਾਂ ਦੀਆਂ ਕੋਸ਼ਿਕਾਵਾਂ (ਸੈੱਲ) ਦੀ ਪਛਾਣ ਕਰਨ 'ਚ ਵੱਡੀ ਕਾਮਯਾਬੀ ਹੱਥ ਲੱਗੀ ਹੈ, ਜੋ ਸ਼ਾਇਦ ਕੋਰੋਨਾ ਵਾਇਰਸ ਨਾਲ ਸਭ ਤੋਂ ਪਹਿਲਾਂ ਇਨਫੈਕਟਿਡ ਹੁੰਦੀਆਂ ਹਨ। ਇਹ ਕੋਸ਼ਿਕਾਵਾਂ ਸਰੀਰ 'ਚ ਕੋਰੋਨਾ ਦੇ ਦਾਖ਼ਲ ਹੋਣ ਲਈ ਦਾਖਲਾ ਗੇਟ ਦੇ ਤੌਰ 'ਤੇ ਕੰਮ ਕਰ ਸਕਦੀਆਂ ਹਨ। ਬਰਤਾਨੀਆ ਦੇ ਵੈਲਕਮ ਸੈਂਜਰ ਇੰਸਟੀਚਿਊਟ ਤੇ ਨੀਦਰਲੈਂਡ ਦੀ ਯੂਨੀਵਰਸਿਟੀ ਮੈਡੀਕਲ ਸੈਂਟਰ ਦੇ ਖੋਜੀਆਂ ਨੇ ਨੱਕ 'ਚ ਗਾਬਲੇਟ ਤੇ ਸਿਲੀਏਟਿਡ ਸੈੱਲਾਂ ਦੀ ਖੋਜ ਕੀਤੀ। ਇਨ੍ਹਾਂ ਦੋਵਾਂ ਕੋਸ਼ਿਕਾਵਾਂ 'ਚ ਉੱਚ ਪੱਧਰ 'ਤੇ ਐਂਟਰੀ ਪ੍ਰਰੋਟੀਨ ਹੁੰਦੀਆਂ ਹਨ। ਇਨ੍ਹਾਂ ਪ੍ਰੋਟੀਨ ਦੇ ਇਸਤੇਮਾਲ ਨਾਲ ਕੋਰੋਨਾ ਵਾਇਰਸ (ਕੋਵਿਡ-19) ਸਾਡੇ ਸਰੀਰ ਦੀਆਂ ਕੋਸ਼ਿਕਾਵਾਂ 'ਚ ਦਾਖ਼ਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਸ਼ਿਕਾਵਾਂ ਦੀ ਪਛਾਣ ਹੋਣ ਨਾਲ ਕੋਰੋਨਾ ਇਨਫੈਕਸ਼ਨ ਦੀ ਉੱਚ ਦਰ ਦੀ ਵਿਆਖਿਆ ਕਰਨ 'ਚ ਮਦਦ ਮਿਲ ਸਕਦੀ ਹੈ। ਨੇਚਰ ਮੈਡੀਸਨ ਮੈਗਜ਼ੀਨ 'ਚ ਛਪੇ ਅਧਿਐਨ ਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਅੱਖ, ਅੰਤੜੀ, ਕਿਡਨੀ ਤੇ ਲਿਵਰ ਸਮੇਤ ਸਰੀਰ ਦੇ ਦੂਜੇ ਕੁਝ ਅੰਗਾਂ 'ਚ ਵੀ ਐਂਟਰੀ ਪ੍ਰੋਟੀਨ ਹੁੰਦੇ ਹਨ। ਅਧਿਐਨ 'ਚ ਇਹ ਅਨੁਮਾਨ ਵੀ ਲਗਾਇਆ ਗਿਆ ਹੈ ਕਿ ਐਂਟਰੀ ਪ੍ਰੋਟੀਨ ਦੂਜੇ ਇਮਿਊਨ ਸਿਸਟਮ ਜੀਨ ਦੇ ਨਾਲ ਕਿਵੇਂ ਕੰਟਰੋਲ ਹੁੰਦੇ ਹਨ। ਇਨ੍ਹਾਂ ਸਿੱਟਿਆਂ ਨਾਲ ਕੋਰੋਨਾ ਦੀ ਰੋਕਥਾਮ ਲਈ ਨਵੇਂ ਟੀਚਿਆਂ ਨੂੰ ਹਾਸਲ ਕਰਨ ਦੇ ਨਾਲ ਇਲਾਜ ਦੇ ਵਿਕਾਸ ਦਾ ਰਸਤਾ ਖੁੱਲ੍ਹ ਸਕਦਾ ਹੈ। ਖੋਜੀਆਂ ਨੇ ਕਿਹਾ ਕਿ ਕੋਵਿਡ-19 ਬਿਮਾਰੀ ਕਾਰਨ ਬਣਨ ਵਾਲੇ ਵਾਇਰਸ ਨੂੰ ਸਾਰਸ-ਕੋਵੀ-2 ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਵਾਇਰਸ ਵੀ ਇਸੇ ਤਰੀਕੇ ਨਾਲ ਸਾਡੀਆਂ ਕੋਸ਼ਿਕਾਵਾਂ ਦੀ ਇਨਫੈਕਸ਼ਨ ਕਰਦਾ ਹੈ। ਵਾਇਰਸ ਨਾਲ ਸਭ ਤੋਂ ਪਹਿਲਾਂ ਇਨਫੈਕਟਿਡ ਹੋਣ ਵਾਲੀ ਨੱਕ ਦੀਆਂ ਕੋਸ਼ਿਕਾਵਾਂ ਦੀ ਪਹਿਲਾਂ ਪਛਾਣ ਨਹੀਂ ਹੋ ਸਕੀ ਸੀ। ਵੈਲਕਮ ਸੇਂਜਰ ਇੰਸਟੀਚਿਊਟ ਦੇ ਖੋਜੀ ਵਾਰਡੋਨ ਸੁੰਗਨੇਕ ਨੇ ਕਿਹਾ, 'ਅਸੀਂ ਰਿਸੈਪਟਰ ਪ੍ਰੋਟੀਨ ਏਸੀਈ2 ਤੇ ਟੀਐੱਮਪੀਆਰਐੱਸਐੱਸ2 ਪਾਏ ਹਨ ਜਿਹੜੇ ਨੱਕ ਸਮੇਤ ਕਈ ਅੰਗਾਂ ਦੀਆਂ ਕੋਸ਼ਿਕਾਵਾਂ 'ਚ ਮੌਜੂਦ ਹੁੰਦੇ ਹਨ। ਇਹ ਪ੍ਰੋਟੀਨ ਸਾਰਸ-ਕੋਵੀ-2 ਨੂੰ ਸਰਗਰਮ ਕਰ ਸਕਦੇ ਹਨ।'