ਜੇਐੱਨਐੱਨ, ਨਵੀਂ ਦਿੱਲੀ : ਆਮ ਤੌਰ 'ਤੇ ਅਦਰਕ ਨੂੰ ਮਸਾਲਿਆਂ ਦੀ ਸੂਚੀ 'ਚ ਸ਼ਾਮਲ ਨਹੀਂ ਕੀਤਾ ਜਾਂਦਾ ਹਾਲਾਂਕਿ ਜਦੋਂ ਅਸੀਂ ਕਹਿੰਦੇ ਹਾਂ 'ਬਾਂਦਰ ਕੀ ਜਾਣੇ ਅਦਰਕ ਦਾ ਸਵਾਦ!' ਉਦੋਂ ਇਹ ਤਾਂ ਕਬੂਲ ਕਰਦੇ ਹੀ ਹਾਂ ਕਿ ਸਵਾਦ ਨਾਲ ਇਸ ਦਾ ਸਬੰਧ ਕਿਸੇ ਮਸਾਲੇ ਤੋਂ ਘੱਟ ਨਹੀਂ। ਇਹ ਗੱਲ ਜਾਣੇ ਕਿਉਂ ਆਸਾਨੀ ਨਾਲ ਨਜ਼ਰਅੰਦਾਜ਼ ਕਰ ਦਿੱਤੀ ਜਾਂਦੀ ਹੈ ਕਿ ਜ਼ਿਆਦਾਤਰ ਭਾਰਤੀ ਪਕਵਾਨਾਂ 'ਚ ਪੀਸਿਆ ਹੋਇਆ ਅਦਰਕ-ਲਸਣ ਇਸਤੇਮਾਲ ਹੁੰਦਾ ਹੈ। ਪਹਿਲਾਂ ਜਿੱਥੇ ਇਨ੍ਹਾਂ ਨੂੰ ਸਿਲਬੱਟੇ 'ਤੇ ਤਾਜ਼ਾ ਪੀਸਿਆ ਜਾਂਦਾ ਸੀ, ਹੁਣ ਇਸ ਦੀ ਖਪਤ ਦੇਖ ਕੇ ਕਈ ਕੰਪਨੀਆਂ ਰੈਡੀਮੇਡ ਅਦਰਕ ਜਾਂ ਅਦਰਕ-ਲਸਣ ਦੀ ਪੇਸਟ ਬਾਜ਼ਾਰ 'ਚ ਉਤਾਰ ਚੁੱਕੀਆਂ ਹਨ।

ਸਾਤਵਿਕਤਾ ਨਾਲ ਭਰਪੂਰ

ਅਦਰਕ ਮੂਲ ਸੰਸਕ੍ਰਿਤ ਸ਼ਬਦ ਆਰਦਰਕ ਤੋਂ ਹੋਂਦ 'ਚ ਆਇਆ ਹੈ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਖੁਸ਼ਕੀ ਦੂਰ ਕਰਦਾ ਹੈ। ਅੰਗਰੇਜ਼ੀ 'ਚ ਇਸ ਨੂੰ ਜਿੰਜਰ ਕਹਿੰਦੇ ਹਨ ਜੋ ਕੁਦਰਤ ਦੇ ਸ਼੍ਰੰਗਵੇਰ ਤੋਂ ਬਣਿਆ ਹੈ। ਇਹ ਨਾਂ ਇਸ ਦੀ ਸ਼ਕਲ ਦੇਖ ਕੇ ਦਿੱਤਾ ਗਿਆ ਸੀ- ਅਜਿਹੀ ਗੰਢ ਵਾਲੀ ਜੜ੍ਹ ਜਿਸ 'ਤੇ ਸਿੰਘ ਨਜ਼ਰ ਆਉਂਦੇ ਹਨ! ਹਲਦੀ ਦੇ ਪਰਿਵਾਰ ਦੇ ਮੈਂਬਰ ਅਦਰਕ ਦਾ ਸਵਾਦ ਜ਼ਰਾ ਤਿੱਖਾ ਹੁੰਦਾ ਹੈ ਜਿਸ ਨੂੰ ਅੰਗਰੇਜ਼ੀ 'ਚ 'ਐਸਟ੍ਰੀਜੈਂਟ' ਕਹਿੰਦੇ ਹਨ। ਅਦਰਕ ਨੂੰ ਸਾਤਵਿਕ ਸਮਝਿਆ ਜਾਂਦਾ ਹੈ ਤੇ ਬ੍ਰਹਮਚਾਰੀ ਬੌਧੀ ਆਪਣੇ ਖਾਣੇ 'ਚ ਇਸ ਨੂੰ ਬੇਝਿਜਕ ਸ਼ਾਮਲ ਕਰ ਸਕਦੇ ਸਨ।

ਵਿਦਵਾਨਾਂ ਦਾ ਮਤ ਹੈ ਕਿ ਅਦਰਕ ਦਾ ਜਨਮ ਹੋਰ ਕਈ ਮਸਾਲਿਆਂ ਵਾਂਗ ਦੱਖਣੀ-ਪੂਰਬੀ ਏਸ਼ੀਆ 'ਚ ਹੋਇਆ ਹੈ। ਈਸਾ ਦੇ ਜਨਮ ਤੋਂ ਸਦੀਆਂ ਪਹਿਲਾਂ ਸਮੁੰਦਰੀ ਸੌਦਾਗਰ ਇਸ ਨੂੰ ਭਾਰਤ ਲਿਆਏ ਤੇ ਅੱਜ ਭਾਰਤ ਅਦਰਕ ਦੇ ਸਭ ਤੋਂ ਵੱਡੇ ਉਤਪਾਦਕ ਦੇਸ਼ਾਂ 'ਚੋਂ ਇਕ ਹੈ।

ਦੇਸ਼-ਵਿਦੇਸ਼ ਦੀ ਥਾਲੀ ਅਧੂਰੀ

ਇਹੀ ਅਦਰਕ ਜਦੋਂ ਸੁੱਕ ਜਾਂਦਾ ਹੈ ਤਾਂ ਇਸ ਨੂੰ ਸੁੰਢ ਦਾ ਨਾਂ ਦਿੱਤਾ ਜਾਂਦਾ ਹੈ। ਕਸ਼ਮੀਰੀ ਪੰਡਤਾਂ ਦੀ ਰਸੋਈ 'ਚ ਸੁੰਢ ਅਹਿਮ ਮਸਾਲਾ ਹੈ। ਲਗਪਗ ਸਾਰੇ ਪਕਵਾਨਾਂ 'ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਖਟਾਈ ਲਈ ਤੁਸੀਂ ਚਾਹੇ ਇਮਲੀ ਨੂੰ ਚੁਣੋ ਜਾਂ ਅੰਬਚੂਰ ਨੂੰ, ਇਹ ਗਾੜ੍ਹੀ ਚਟਨੀ ਬਿਨਾਂ ਸੁੰਢ ਦੇ ਨਹੀਂ ਬਣ ਸਕਦੀ। ਥਾਈਲੈਂਡ ਦੇ ਖਾਣ-ਪਾਣ 'ਚ ਗਲਾਂਗਲ ਨਾਂ ਦੇ ਅਦਰਕ ਦੀ ਪ੍ਰਜਾਤੀ ਦਾ ਇਸਤੇਮਾਲ ਲੈਮਨ ਗ੍ਰਾਸ ਤੇ ਕਾਫ਼ਿਰ ਲਾਈਮ ਦੇ ਨਾਲ ਹੁੰਦਾ ਹੈ। ਚਾਇਨੀਜ਼ ਪਕਵਾਨਾਂ 'ਚ ਅਦਰਕ ਨੂੰ ਚਾਸ਼ਨੀ 'ਚ ਲਬੇੜ ਕੇ ਮੁਰੱਬੇ ਦੇ ਕਤਰੇ ਦੀ ਸ਼ਕਲ 'ਚ ਪੇਸ਼ ਕੀਤਾ ਜਾਂਦਾ ਹੈ। ਜਿੰਜਰ ਪੁਡਿੰਗ, ਜਿੰਜਰ ਨੱਟਸ, ਬਿਸਕੁਟ ਵਰਗੇ ਬੇਕਰੀ ਉਤਪਾਦਾਂ 'ਚ ਵੀ ਅਦਰਕ ਜਾਦੂ ਜਗਾਉਂਦਾ ਹੈ। ਫਰਾਂਸ 'ਚ ਕੁਝ ਵਾਈਨਜ਼ 'ਚ ਮੌਜੂਦ ਅਦਰਕ ਦੀ ਮਹਿਕ ਇਸ ਨੂੰ ਹੋਰ ਮਾਦਕ ਬਣਾਉਂਦੀ ਹੈ, ਇਨ੍ਹਾਂ ਨੂੰ ਮਲਡਵਾਈਨ ਕਹਿੰਦੇ ਹਨ।

ਹਰ ਮੌਸਮ ਦਾ ਹਮਸਫ਼ਰ

ਅਦਰਕ ਦਾ ਗੁਣ ਇਹ ਵੀ ਹੈ ਕਿ ਇਹ ਮਿੱਠੇ ਤੇ ਨਮਕੀਨ ਦੋਵਾਂ ਹੀ ਤਰ੍ਹਾਂ ਦੇ ਪਕਵਾਨਾਂ ਦਾ ਸਾਥ ਬਾਖ਼ੂਬੀ ਨਿਭਾਅ ਸਕਦਾ ਹੈ। ਗਰਮੀ 'ਚ ਤਨ-ਮਨ ਸੀਤਲ ਕਰਨ ਵਾਲਾ ਜਿੰਜਰ ਐੱਲ ਜਾਂ ਜੋੜਾਂ 'ਚ ਠੰਢ ਭਜਾਉਣ ਵਾਲਾ ਮਸਾਲਾ ਚਾਹ

'ਚ ਵੀ ਅਦਰਕ ਦੀ ਅਹਿਮ ਭੂਮਿਕਾ ਰਹਿੰਦੀ ਹੈ। ਠੰਢ 'ਚ ਪੁਸ਼ਟੀਮਾਰਗੀ ਮੰਦਰਾਂ 'ਚ ਜਿਹੜਾ ਛੱਪਣ ਭੋਗ ਹੁੰਦਾ ਹੈ ਉਸ ਵਿਚ ਸ਼ੁੰਠੀ ਨਾਂ ਦੀ ਡਰਿੰਕ ਵੀ ਹੈ ਜਿਸ ਨੂੰ ਅਦਰਕ ਨਾਲ ਤਿਆਰ ਕੀਤਾ ਜਾਂਦਾ ਹੈ।

ਦੂਰ ਭਜਾਵੇ ਖੰਘ

ਆਯੁਰਵੈਦ ਅਨੁਸਾਰ, ਅਦਰਕ ਖੰਘ 'ਚ ਸ਼ਹਿਦ ਨਾਲ ਰਾਹਤ ਦਿੰਦਾ ਹੈ। ਨਿੰਬੂ ਦੇ ਰਸ 'ਚ ਕਿਸ਼ਮਿਸ਼ ਵਾਲੇ ਅਦਰਕ ਦਾ ਗੁਲਾਬੀ ਆਚਾਰ ਰਵਾਇਤੀ ਹੈ ਜਦਕਿ ਵੱਡੇ ਅਕਾਰ ਦੇ ਅਦਰਕ ਦੀਆਂ ਪਰਤਾਂ ਨਾਲ ਤਿਕੋਣੇ ਸਮੋਸੇ ਦੀ ਸ਼ਕਲ ਵਾਲਾ ਨਵਜਾਤ ਆਚਾਰ ਵੀ ਘੱਟ ਆਕਰਸ਼ਕ ਨਹੀਂ ਹੁੰਦਾ।

Posted By: Seema Anand