ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਇਨਫੈਕਸ਼ਨ ਏਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਇਸ ਤੋਂ ਬਚਾਅ ਲਈ ਜਿੰਨੇ ਵੀ ਉਪਾਅ ਕੀਤੇ ਜਾਣ ਉਹ ਨਾਕਾਫੀ ਲਗਦੇ ਹਨ। ਕਿਸੇ ਵੀ ਇਨਫੈਕਟਿਡ ਰੋਗ ਨੂੰ ਫੈਲਣ ਤੋਂ ਰੋਕਣਾ ਹੈ ਤਾਂ ਤੁਰੰਤ ਰੋਗ ਦੀ ਪਛਾਣ ਕਰ ਕੇ ਰੋਗੀ ਦੀ ਸਿਹਤਮੰਦ ਲੋਕਾਂ ਤੋਂ ਦੂਰੀ ਬਣਾਉਣੀ ਜ਼ਰੂਰੀ ਹੈ। ਕੋਰੋਨਾ ਇਨਫੈਕਸ਼ਨ ਤੋਂ ਲੈ ਕੇ ਸਰਦੀ, ਜ਼ੁਕਾਮ ਜਾਂ ਹੋਰ ਵਾਇਰਲ ਦੀ ਜਾਂਚ ਕਰਵਾਉਣ ਲਈ ਸਾਨੂੰ ਹੁਣ ਤਕ ਪੈਥੋਲਾਜੀ ਲੈਬ ਜਾ ਕੇ ਹੀ ਟੈਸਟ ਕਰਵਾਉਣੇ ਹੁੰਦੇ ਹਨ, ਪਰ ਕੋਰੋਨਾ ਇਨਫੈਕਸ਼ਨ ਦੇ ਇਸ ਦੌਰ 'ਚ ਵਿਗਿਆਨੀਆਂ ਨੇ ਇਕ ਹੋਰ ਨਵੀਂ ਕਾਮਯਾਬੀ ਹਾਸਲ ਕੀਤੀ ਹੈ। ਹੁਣ ਕਿਸੇ ਵੀ ਇਨਫੈਕਸ਼ਨ ਦੀ ਜਾਂਚ ਤੁਸੀਂ ਘਰ ਬੈਠੇ ਮੋਬਾਈਲ ਤੋਂ ਕਰ ਸਕਦੇ ਹੋ।

ਜਰਮਨ ਖੋਜੀਆਂ ਨੇ ਮਾਈਕ੍ਰੋਸਕੋਪ ਤੇ ਡੀਐੱਨਏ ਐਂਟੀਨਾ ਨਾਲ ਲੈਸ ਇਕ ਅਜਿਹੇ ਸਮਾਰਟਫੋਨ ਦਾ ਪ੍ਰੋਟੋਟਾਈਪ ਤਿਆਰ ਕੀਤਾ ਹੈ ਜੋ ਖ਼ੂਨ 'ਚ ਮੌਜੂਦ ਵਿਸ਼ਾਣੂਆਂ ਦੀ ਪਛਾਣ ਕਰਨ 'ਚ ਸਮਰੱਥ ਹੋਵੇਗਾ। ਖੋਜੀਆਂ ਮੁਤਾਬਿਕ ਹੁਣ ਤੁਸੀਂ ਸਮਾਰਟਫੋਨ ਦੀ ਮਦਦ ਨਾਲ ਘਰ ਬੈਠੇ ਜਾਣ ਸਕਦੇ ਹੋ ਕਿ ਕਿਸ ਵਾਇਰਸ ਨੇ ਤੁਹਾਨੂੰ ਆਪਣੀ ਗ੍ਰਿਫਤ 'ਚ ਲੈ ਲਿਆ ਹੈ। ਮੁੱਖ ਖੋਜੀ ਪ੍ਰੋਫੈਸਰ ਫਿਲਿਪ ਟਿਨੇਫੀਲਡ ਅਨੁਸਾਰ ਸਾਲ 2020 ਨੇ ਦੁਨੀਆ ਨੂੰ ਦਿਖਾਇਆ ਹੈ ਕਿ ਮੈਡੀਕਲ ਜਗਤ 'ਚ ਨਵੀਂ ਤੇ ਵਧੀਆ ਜਾਂਚ ਪ੍ਰਣਾਲੀ ਦੀ ਕਿੰਨੀ ਜ਼ਰੂਰਤ ਹੈ। ਇਹ ਫੋਨ ਬਲੱਡ 'ਚ ਮੌਜੂਦ ਅਲੱਗ-ਅਲੱਗ ਜੀਵਾਣੂਆਂ ਨੂੰ ਪਛਾਣਨ ਦੀ ਸਮਰੱਥਾ ਰੱਖਦਾ ਹੈ। ਖੋਜੀਆਂ ਮੁਤਾਬਿਕ ਇਹ ਸਮਾਰਟਫੋਨ ਇਨਫੈਕਸ਼ਨ ਦੀ ਜਾਂਚ ਲਈ ਇਕ ਸਸਤੀ ਤੇ ਭਰੋਸੇਯੋਗ ਜਾਂਚ ਪ੍ਰਣਾਲੀ ਦੀ ਖੋਜ ਦਾ ਸਬੱਬ ਬਣੇਗਾ, ਜਿਸ ਨੂੰ ਘਰ 'ਚ ਹੀ ਅੰਜਾਮ ਦਿੱਤਾ ਜਾ ਸਕਦਾ ਹੈ।

ਖੋਜੀ ਟੀਮ 'ਚ ਸ਼ਾਮਲ ਡਾ. ਵਿਕਟੋਰੀਆ ਗਲੈਂਬੋਕਾਈਟ ਦੀ ਮੰਨੀਏ ਤਾਂ ਇਹ ਨਵਾਂ ਸਮਾਰਟਫੋਨ ਉਨ੍ਹਾਂ ਲੋਕਾਂ ਲਈ ਕਾਫੀ ਫਾਇਦੇਮੰਦ ਹੈ ਜਿਹੜੇ ਦੂਰ-ਦੁਰਾਡੇ ਦੇ ਇਲਾਕਿਆਂ 'ਚ ਰਹਿੰਦੇ ਹਨ ਤੇ ਜਿੱਥੇ ਟੈਸਟ ਦੀਆਂ ਸਹੂਲਤਾਂ ਮੁਹੱਈਆ ਨਹੀਂ ਹਨ। ਅਜਿਹੇ ਮਰੀਜ਼ਾਂ ਨੂੰ ਇਨਫੈਕਸ਼ਨ ਦੀ ਜਾਂਚ ਕਰਵਾਉਣ ਲਈ ਪਿੰਡ ਤੋਂ ਸ਼ਹਿਰ ਆਉਣ ਤਕ ਦਾ ਲੰਬਾ ਫ਼ਾਸਲਾ ਤੈਅ ਨਹੀਂ ਕਰਨਾ ਪਵੇਗਾ।

ਹੁਣ ਮਰੀਜ਼ ਘਰ ਬੈਠੇ ਹੀ ਖ਼ੂਨ ਦੀ ਜਾਂਚ ਕਰ ਕੇ ਰਿਪੋਰਟ ਦੇ ਹਿਸਾਬ ਨਾਲ ਉਚਿੱਤ ਡਾਕਟਰ ਨਾਲ ਸੰਪਰਕ ਕਰ ਸਕਦੇ ਹਨ। ਗਲੈਂਬੋਕਾਈਟ ਨੇ ਦੱਸਿਆ ਕਿ ਸਮਾਰਟਫੋਨ ਸੁਪਰਬੱਗ ਦੀ ਵੀ ਪਛਾਣ ਕਰੇਗਾ। ਸੁਪਰਬੱਗ ਉਹ ਰੋਗਾਣੂ ਹੁੰਦੇ ਹਨ, ਜਿਨ੍ਹਾਂ ਨੇ ਮੌਜੂਦਾ ਦਵਾਈਆਂ ਤੇ ਇਲਾਜ ਪ੍ਰਣਾਲੀਆਂ ਖ਼ਿਲਾਫ਼ ਰੋਗਾਂ ਨਾਲ ਲੜਨ ਦੀ ਸਮਰੱਥਾ ਹਾਸਲ ਕਰ ਲਈ ਹੈ।

ਸਮਾਰਟਫੋਨ ਨਾਲ ਟੈਸਟ ਕਰਨ ਦੀ ਪ੍ਰਕਿਰਿਆ

ਖੋਜੀਆਂ ਨੇ ਦੱਸਿਆ ਕਿ ਸਮਾਰਟਫੋਨ 'ਚ ਯੂਐੱਸਬੀ ਕੇਬਲ ਜ਼ਰੀਏ ਇਕ ਖਾਸ ਮਾਈਕ੍ਰੋਸਕੋਪ ਜੋੜਨਾ ਪਵੇਗਾ। ਯੂਜ਼ਰ ਜਦੋਂ ਖ਼ੂਨ ਦੇ ਨਮੂਨੇ ਨੂੰ ਮਾਈਕ੍ਰੋਸਕੋਪ ਦੇ ਸੰਪਰਕ 'ਚ ਲਿਆਵੇਗਾ ਤਾਂ ਫੋਨ 'ਚ ਲੱਗਿਆ ਡੀਐੱਨਏ ਆਧਾਰਤ ਐਂਟੀਨਾ ਸਰਗਰਮ ਹੋ ਜਾਵੇਗਾ। ਇਹ ਖ਼ੂਨ 'ਚ ਵਾਇਰਸ ਦੇ ਡੀਐੱਨਏ ਦੀ ਮੌਜੂਦਗੀ ਦੀ ਪੜਤਾਲ ਕਰਨ ਲੱਗੇਗਾ।

Posted By: Seema Anand