ਜੇਐੱਨਐੱਨ, ਨਵੀਂ ਦਿੱਲੀ - ਆਟਿਜ਼ਮ ਦੀ ਸਮੱਸਿਆ ਆਮ ਤਰੀਕੇ ਨਾਲ ਪਤਾ ਨਹੀਂ ਲਗਦੀ। ਇਸ ਨਾਲ ਕਈ ਵਾਰ ਬੱਚਿਆਂ ਦੀਆਂ ਪਰੇਸ਼ਾਨੀਆਂ ਵੱਧ ਜਾਂਦੀਆਂ ਹਨ। ਆਈਆਈਟੀ ਕਾਨਪੁਰ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਤੇ ਹਿਊਮੈਨਿਟੀ ਐਂਡ ਸੋਸ਼ਲ ਸਾਇੰਸਿਜ਼ ਵਿਭਾਗ ਦੇ ਮਾਹਿਰਾਂ ਨੇ ਅਜਿਹਾ ਸਾਫਟਵੇਅਰ ਬਣਾਇਆ ਹੈ ਜੋ ਇਸ ’ਚ ਅਪਲੋਡ ਵੀਡੀਓ ਦੀ ਗੁਣਵੱਤਾ ਦੇ ਆਧਾਰ ’ਤੇ ਮਹਿਜ਼ ਪੰਜ ਤੋਂ ਪੰਦਰਾਂ ਮਿੰਟਾਂ ਦਰਮਿਆਨ ਦੱਸ ਦੇਵੇਗਾ ਕਿ ਬੱਚੇ ਨੂੰ ਆਟਿਜ਼ਮ ਹੈ ਜਾਂ ਨਹੀਂ। ਇਹ ਸਾਫਟਵੇਅਰ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ’ਤੇ ਆਧਾਰਤ ਹੈ। ਆਟਿਜ਼ਮ ਦੀ ਸਮੱਸਿਆ ਨਾਲ ਜੂਝ ਰਹੇ ਅਤੇ ਆਮ ਬੱਚਿਆਂ ਦੇ ਪ੍ਰੀਖਣ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੁਣ ਐਡਵਾਂਸ ਵਰਜ਼ਨ ਲਈ ਕਈ ਬੱਚਿਆਂ ’ਤੇ ਖੋਜ ਚੱਲ ਰਹੀ ਹੈ। ਕੋਵਿਡ-19 ਕਾਰਨ ਸਾਵਧਾਨੀ ਨਾਲ ਟੈਸਟਿੰਗ ਕੀਤੀ ਜਾ ਰਹੀ ਹੈ।

ਬੱਚੇ ਦੀਆਂ ਗਤੀਵਿਧੀਆਂ ਦਾ ਰਿਕਾਰਡ

ਹਿਊਮੈਨਿਟੀ ਐਂਡ ਸੋਸ਼ਲ ਸਾਇੰਸਿਜ਼ ਦੇ ਵਿਭਾਗ ਮੁਖੀ ਪ੍ਰੋ. ਬਿ੍ਰਜਭੂਸ਼ਣ ਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਪ੍ਰੋ. ਕੇਐੱਸ ਵੈਂਕਟੇਸ਼ ਦੇ ਨਿਰਦੇਸ਼ਨ ’ਚ ਖੋਜਾਰਥੀ ਪਿ੍ਰਯਾ ਸਿੰਘ ਨੇ ਦੋ, ਤਿੰਨ ਤੇ ਚਾਰ ਸਾਲ ਦੇ ਬੱਚਿਆਂ ’ਤੇ ਖੋਜ ਕੀਤੀ। ਇਹ ਸਾਫਟਵੇਅਰ ਕਾਰਡੀਓਨੇਟ ਜਿਓਮੈਟਰੀ ਦੇ ਐਕਸ ਤੇ ਵਾਈ ਐਕਸਿਸ ਦੇ ਆਧਾਰ ’ਤੇ ਕੰਮ ਕਰਦਾ ਹੈ। ਇਸ ’ਚ ਬੱਚਿਆਂ ਦੇ ਮੋਢਿਆਂ ਨੂੰ ਐਕਸ ਤੇ ਨੱਕ, ਮੰੂਹ, ਗਲੇ, ਰੀੜ੍ਹ ਦੀ ਹੱਡੀ ਨੂੰ ਵਾਈ ਧੁਰਾ ਮੰਨਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਟਿਜ਼ਮ ਤੇ ਆਮ ਬੱਚਿਆਂ ਦੀਆਂ ਗਤੀਵਿਧੀਆਂ ਦੇਖੀਆਂ। ਉਨ੍ਹਾਂ ਦੇ ਤੁਰਨ-ਫਿਰਨ ਦੇ ਅੰਦਾਜ਼, ਹੱਥਾਂ-ਪੈਰਾਂ ਦੀ ਹਰਕਤ, ਗਰਦਨ ਮੋੜਨ ਦੇ ਤਰੀਕੇ ਨੂੰ ਰਿਕਾਰਡ ਕੀਤਾ।

ਸਾਫਟਵੇਅਰ ਖ਼ੁਦ ਲਵੇਗਾ ਫ਼ੈਸਲਾ

ਸਾਫਟੇਅਰ ’ਚ ਵੀਡੀਓ ਆਟੋਮੈਟਿਕ ਵਾਇਰ ਫਰੇਮ ਦੇ ਰੂਪ ’ਚ ਤਬਦੀਲ ਹੋ ਜਾਵੇਗਾ। ਉਸ ਨੂੰ ਵੱਖ-ਵੱਖ ਤਰ੍ਹਾਂ ਦੀ ਕੋਡਿੰਗ ਕਰ ਕੇ ਨੀਲੀ, ਪੀਲੀ, ਹਰੀ ਤੇ ਹੋਰ ਰੰਗਾਂ ਦੀਆਂ ਲਕੀਰਾਂ ਦੇ ਰੂਪ ’ਚ ਸਾਫਟਵੇਅਰ ਪੜ੍ਹੇਗਾ ਤੇ ਖ਼ੁਦ ਫੈਸਲਾ ਲੈ ਕੇ ਫ਼ਰਕ ਦੱਸੇਗਾ।

ਕੀ ਹੈ ਆਟਿਜ਼ਮ

ਆਟਿਜ਼ਮ ਇਕ ਤਰ੍ਹਾਂ ਦੀ ਦਿਮਾਗ਼ੀ ਬਿਮਾਰੀ ਹੈ। ਇਸ ਨਾਲ ਪੀੜਤ ਨੂੰ ਆਪਣੀ ਗੱਲ ਕਹਿਣ ਤੇ ਸਮਝਣ ’ਚ ਔਖ ਹੰੁਦੀ ਹੈ। ਛੋਟੇ ਬੱਚੇ ਇਸ ’ਚ ਮਾਤਾ-ਰਿਤਾ ਤੇ ਘਰ ਵਾਲਿਆਂ ਨਾਲ ਅੱਖਾਂ ਦਾ ਸੰਪਰਕ ਨਹੀਂ ਕਰਦੇ ਹਨ। ਉਹ ਅਲੱਗ ਤਰੀਕੇ ਨਾਲ ਖੇਡਣਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਟੀਵੀ ਦੇਖਣਾ, ਮੋਬਾਈਲ ’ਤੇ ਇਕਾਗਰਚਿਤ ਹੋਣਾ ਪਸੰਦ ਹੰੁਦਾ ਹੈ। ਉਹ ਅਕਸਰ ਮਾਤਾ-ਪਿਤਾ ਦੀਆਂ ਗੱਲਾਂ ਸੁਣ ਕੇ ਪ੍ਰਤੀਕਿਰਿਆ ਨਹੀਂ ਦਿੰਦੇ ਹਨ।

ਇਸ ਸਾਫਟਵੇਅਰ ਦਾ ਵੱਡਾ ਫ਼ਾਇਦਾ ਇਹ ਹੋਵੇਗਾ ਕਿ ਜੇ ਬੱਚਾ ਪੀੜਤ ਮਿਲਦਾ ਹੈ ਤਾਂ ਸਮੇਂ ’ਤੇ ਸੰਭਲਣ ਨਾਲ ਉਹ ਆਤਮ-ਨਿਰਭਰ ਹੋ ਸਕੇਗਾ ਤੇ ਉਸ ਦੀ ਜ਼ਿੰਦਗੀ ਸੌਖੀ ਹੋ ਜਾਵੇਗੀ।

Posted By: Harjinder Sodhi