ਸਾਡੇ ਸਰੀਰ ਅੰਦਰ ਬਕਾਇਦਾ ਮਜ਼ਬੂਤ ਰੋਗ ਰੱਖਿਅਕ ਪ੍ਰਣਾਲੀ ਹੈ, ਜਿਸ ਦਾ ਕੰਮ ਸਾਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਣਾ ਹੈ ਜੋ ਨਿਰੰਤਰ ਕਾਰਜਸ਼ੀਲ ਰਹਿੰਦੀ ਹੈ। ਸਾਡੇ ਵਾਤਾਵਰਨ 'ਚ ਹਰ ਸਮੇਂ ਅਨੇਕਾਂ ਸੂਖ਼ਮ ਜੀਵਾਣੂ ਮੌਜੂਦ ਰਹਿੰਦੇ ਹਨ, ਜਿਨ੍ਹਾਂ 'ਚੋਂ ਬਹੁਤੇ ਮਨੁੱਖੀ ਸਰੀਰ ਅੰਦਰ ਬਿਮਾਰੀ ਪੈਦਾ ਕਰਨ ਦੇ ਸਮਰੱਥ ਹੁੰਦੇ ਹਨ ਜਿਨ੍ਹਾਂ ਨੂੰ ਰੋਗਾਣੂ ਕਿਹਾ ਜਾਂਦਾ ਹੈ। ਸਾਡੀ ਰੋਗ ਰੱਖਿਅਕ ਪ੍ਰਣਾਲੀ (ਇਮਿਊਨ ਸਿਸਟਮ) ਕਿਸੇ ਵੀ ਰੋਗਾਣੂ ਦੇ ਹਮਲੇ ਤੋਂ ਸੁਰੱਖਿਆ ਤਿੰਨ ਪੜਾਵਾਂ 'ਚ ਕਰਦੀ ਹੈ।

ਪਹਿਲਾ ਬਚਾਅ

ਜਦੋਂ ਵੀ ਕੋਈ ਰੋਗਾਣੂ ਸਰੀਰ 'ਤੇ ਹਮਲਾ ਕਰਦਾ ਹੈ ਤਾਂ ਉਸ ਦਾ ਮੁਕਾਬਲਾ ਕਰਨ ਲਈ ਸਭ ਤੋਂ ਪਹਿਲਾਂ ਸਾਡੀ ਚਮੜੀ ਤੇ ਸਰੀਰ ਦੀਆਂ ਰੇਸ਼ੇਦਾਰ ਝਿੱਲੀਆਂ ਸਹਾਈ ਹੁੰਦੀਆਂ ਹਨ। ਚਮੜੀ ਸਰੀਰ ਦੀ ਸਭ ਤੋਂ ਮਜ਼ਬੂਤ ਸੁਰੱਖਿਆ ਪਰਤ ਹੈ ਜੋ ਬਾਹਰੀ ਜੀਵਾਣੂ ਨੂੰ ਸਰੀਰ ਅੰਦਰ ਦਾਖ਼ਲ ਨਹੀਂ ਹੋਣ ਦਿੰਦੀ। ਇਸ ਵਿੱਚੋਂ ਰਿਸਣ ਵਾਲੇ ਪਦਾਰਥ (ਚਿਕਨਾਹਟ ਤੇ ਪਸੀਨਾ) ਤੇਜ਼ਾਬੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਹ ਤੇਜ਼ਾਬੀ ਮਾਦਾ ਰੋਗਾਣੂਨਾਸ਼ਕ ਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿੱਚ ਲਾਈਜ਼ੋਜਾਇਮ ਨਾਂ ਦਾ ਪਦਾਰਥ ਪਾਇਆ ਜਾਂਦਾ ਹੈ, ਜੋ ਰੋਗਾਣੂਆਂ ਨੂੰ ਖ਼ਤਮ ਕਰਨ ਦੀ ਸ਼ਕਤੀ ਰੱਖਦਾ ਹੈ। 1922 'ਚ ਅਲੈਗਜੈਂਦਰ ਫਲੈਮਿੰਗ ਵਿਗਿਆਨੀ ਜਦੋਂ ਬੈਕਟੀਰੀਆ 'ਤੇ ਖੋਜ ਕਰ ਰਿਹਾ ਸੀ ਤਾਂ ਅਚਾਨਕ ਉਸ ਨੂੰ ਛਿੱਕ ਆ ਗਈ। ਛਿੱਕ ਨਾਲ ਉਸ ਦੇ ਨੱਕ ਦਾ ਨਜ਼ਲਾ ਸਾਹਮਣੇ ਪਈ ਬੈਕਟੀਰੀਆ ਦੀ ਕਲਚਰ ਪਲੇਟ 'ਚ ਡਿੱਗਿਆ ਤਾਂ ਉਹ ਦੇਖ ਕੇ ਬੜਾ ਹੈਰਾਨ ਹੋਇਆ ਕਿ ਸਾਰੇ ਬੈਕਟੀਰੀਆ ਮਰ ਚੁੱਕੇ ਸਨ। ਨਜ਼ਲੇ ਦੀ ਪੜਤਾਲ ਤੋਂ ਉਸ ਨੇ ਪਤਾ ਲਗਾਇਆ ਕਿ ਕੁਦਰਤੀ ਤੌਰ 'ਤੇ ਸਾਡੇ ਸਰੀਰਕ ਰਿਸਾਅ 'ਚ ਬੈਕਟੀਰੀਆ ਨੂੰ ਖ਼ਤਮ ਕਰਨ ਵਾਲਾ ਲਾਈਜ਼ੋਜਾਇਮ ਨਾਂ ਦਾ ਪਦਾਰਥ ਪਾਇਆ ਜਾਂਦਾ ਹੈ। ਲਾਈਜ਼ੋਜਾਇਮ ਤੇ ਤੇਜ਼ਾਬੀ ਮਾਦਾ ਮਨੁੱਖੀ ਸਰੀਰ ਦੇ ਹਰ ਉਸ ਦੁਆਰ 'ਤੇ ਮੌਜੂਦ ਹੁੰਦੇ ਹਨ, ਜਿੱਥੋਂ ਰੋਗਾਣੂ ਸਰੀਰ ਅੰਦਰ ਦਾਖ਼ਲ ਹੋ ਸਕਦਾ ਹੈ। ਜੇ ਕੋਈ ਰੋਗਾਣੂ ਮੂੰਹ ਰਾਹੀਂ ਦਾਖ਼ਲ ਹੁੰਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਥੁੱਕ ਵਿਚਲੇ ਲਾਈਜ਼ੋਜਾਇਮ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਟਾਂਸਿਲ, ਜੋ ਗਲੇ ਦੇ ਦੋਵਾਂ ਪਾਸੇ ਗਾਰਡ ਦਾ ਕੰਮ ਕਰਦੇ ਹਨ, ਰੋਗਾਣੂ ਨੂੰ ਅੰਦਰ ਜਾਣ ਤੋਂ ਪਹਿਲਾਂ ਹੀ ਰੋਕ ਦਿੰਦੇ ਹਨ। ਫਿਰ ਵੀ ਕੋਈ ਰੋਗਾਣੂ ਇਨ੍ਹਾਂ ਤੋਂ ਬਚ ਕੇ ਮਿਹਦੇ ਅੰਦਰ ਚਲਾ ਜਾਵੇ ਤਾਂ ਉਥੇ ਤੇਜ਼ਾਬ ਉਸ ਨੂੰ ਖ਼ਤਮ ਕਰਨ ਲਈ ਤਿਆਰ ਬੈਠਾ ਹੁੰਦਾ ਹੈ। ਉਸ ਤੋਂ ਅੱਗੇ ਅੰਤੜੀਆਂ ਵਿਚਲੀਆਂ ਲਿੰਫ-ਨੋਡਜ਼ ਉਸ ਨੂੰ ਮਾਰ ਮੁਕਾÀੁਂਦੀਆਂ ਹਨ। ਜੇ ਕੋਈ ਜ਼ਹਿਰੀਲਾ ਪਦਾਰਥ ਅੰਤੜੀਆਂ ਤੋਂ ਵੀ ਬਚ ਕੇ ਲੰਘ ਜਾਵੇ ਤਾਂ ਬੰਦੇ ਨੂੰ ਦਸਤ ਲੱਗ ਜਾਂਦੇ ਹਨ, ਜਿਸ ਨਾਲ ਰੋਗਾਣੂ ਸਰੀਰ 'ਚੋਂ ਬਾਹਰ ਨਿਕਲ ਜਾਂਦਾ ਹੈ। ਜੇ ਕੋਈ ਰੋਗਾਣੂ ਨੱਕ ਰਾਹੀਂ ਸਰੀਰ ਅੰਦਰ ਦਾਖ਼ਲ ਹੋਣ ਲੱਗੇ ਤਾਂ ਨੱਕ ਦੇ ਵਾਲ ਤੇ ਐਡੀਨਾਇਡ ਗਿਲਟੀਆਂ ਤੇ ਸਾਹ ਨਾਲੀ ਦੀ ਝਿੱਲੀ ਦਾ ਰਿਸਾਅ ਉਸ ਨੂੰ ਛਿੱਕ, ਖੰਘ ਜਾਂ ਬਲਗਮ ਦੇ ਰੂਪ 'ਚ ਬਾਹਰ ਕੱਢ ਦਿੰਦਾ ਹੈ।

ਦੂਜਾ ਬਚਾਅ

ਜੇ ਕੋਈ ਤਾਕਤਵਰ ਰੋਗਾਣੂ ਮੂੰਹ ਤੋਂ ਅੰਤੜੀਆਂ ਤਕ ਦੇ ਬਚਾਅ ਨੂੰ ਪਾਰ ਕਰਦਾ ਹੋਇਆ ਲਹੂ ਪ੍ਰਣਾਲੀ ਤਕ ਪਹੁੰਚ ਜਾਂਦਾ ਹੈ ਤਾਂ ਦੂਜੇ ਦਰਜੇ ਦਾ ਅਮਲਾ ਡਿਊਟੀ ਸੰਭਾਲਦਾ ਹੈ। ਸਾਡੇ ਖ਼ੂਨ ਵਿਚ ਚਿੱਟੇ ਕਣ ਹੁੰਦੇ ਹਨ, ਜਿਨ੍ਹਾਂ ਦਾ ਕੰਮ ਸਰੀਰ 'ਚ ਦਾਖ਼ਲ ਹੋਏ ਰੋਗਾਣੂਆਂ ਨੂੰ ਨਿਗਲ ਜਾਣਾ ਹੁੰਦਾ ਹੈ ਜਾਂ ਫਿਰ ਜ਼ਹਿਰੀਲੇ ਰਿਸਾਅ ਨਾਲ ਮਾਰ ਮੁਕਾਉਣਾ ਹੁੰਦਾ ਹੈ। ਜਦੋਂ ਵੀ ਕੋਈ ਤਾਕਤਵਰ ਰੋਗਾਣੂ ਸਰੀਰ 'ਚ ਦਾਖ਼ਲ ਹੁੰਦਾ ਹੈ ਤਾਂ ਇਨ੍ਹਾਂ ਦੀ ਗਿਣਤੀ ਕੁਝ ਸਮੇਂ ਬਾਅਦ ਵੱਧ ਜਾਂਦੀ ਹੈ। ਬਹੁ-ਗਿਣਤੀ 'ਚ ਮੁਕਾਬਲਾ ਕਰ ਕੇ ਇਹ ਰੋਗਾਣੂਆਂ ਦੀ ਵੱਧ ਰਹੀ ਗਿਣਤੀ ਨੂੰ ਮਾਰ ਮੁਕਾਉਂਦੇ ਹਨ। ਮੁਕਾਬਲੇ ਦੌਰਾਨ ਕਈ ਵਾਰ ਚਿੱਟੇ ਕਣ ਖ਼ੁਦ ਵੀ ਮਰ ਜਾਂਦੇ ਹਨ। ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋਣ 'ਤੇ ਬੁਖ਼ਾਰ ਹੋ ਜਾਣਾ ਵੀ ਇਸੇ ਹੀ ਬਚਾਓ ਪੜਾਅ ਦਾ ਇਕ ਹਿੱਸਾ ਹੈ, ਜਿਸ ਨੂੰ ਅਸੀਂ ਬਿਮਾਰੀ ਸਮਝ ਲੈਂਦੇ ਹਾਂ ਤੇ ਤੁਰੰਤ ਬੁਖ਼ਾਰ ਦੀ ਗੋਲੀ ਖਾ ਕੇ ਬੁਖ਼ਾਰ ਉਤਾਰਨ ਨੂੰ ਅਕਲਮੰਦੀ ਸਮਝ ਬੈਠਦੇ ਹਾਂ। ਅਸਲ 'ਚ ਜੋ ਬੁਖ਼ਾਰ ਆÀੁਂਦਾ ਹੈ ਉਹ ਸਾਡਾ ਦੁਸ਼ਮਣ ਨਹੀਂ ਸਗੋਂ ਮਿੱਤਰ ਹੁੰਦਾ ਹੈ। ਬੁਖ਼ਾਰ ਚੜ੍ਹਨ ਦਾ ਭਾਵ ਸਰੀਰ ਦਾ ਤਾਪਮਾਨ ਜ਼ਿਆਦਾ ਹੋਣ ਕਰਕੇ ਰੋਗਾਣੂਆਂ ਦੀ ਕਾਰਜ ਸ਼ਕਤੀ ਕਮਜ਼ੋਰ ਹੁੰਦੀ ਹੈ ਤੇ ਜਲਦੀ ਹੀ ਖ਼ਤਮ ਹੋ ਜਾਂਦੇ ਹਨ।

ਤੀਜਾ ਬਚਾਅ

ਜੇ ਕੋਈ ਬੇਹੱਦ ਤਾਕਤਵਰ ਰੋਗਾਣੂ ਚਿੱਟੇ ਕਣਾਂ ਤੋਂ ਵੀ ਬਚ ਜਾਂਦਾ ਹੈ ਅਤੇ ਉਸ ਦਾ ਪ੍ਰਜਨਣ ਹੋਣ ਨਾਲ ਉਸ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਇਸ ਸਥਿਤੀ 'ਚ ਇਮਿਊਨ ਸਿਸਟਮ ਦਾ ਤੀਜੇ ਦਰਜੇ ਦਾ ਬਚਾਅ ਹਰਕਤ ਵਿਚ ਆਉਂਦਾ ਹੈ। ਚਿੱਟੇ ਕਣਾਂ 'ਚ ਖ਼ਾਸ ਕਿਸਮ ਦੇ ਸੈੱਲ ੩. 2-Lymphocytes ਹੁੰਦੇ ਹਨ, ਜਿਹੜੇ ਆਮ ਕਣਾਂ ਦੀ ਤਰ੍ਹਾਂ ਰੋਗਾਣੂਆਂ ਨੂੰ ਨਿਗਲਦੇ ਨਹੀਂ ਸਗੋਂ ਹਮਲਾਵਰ ਰੋਗਾਣੂਆਂ ਦਾ ਸੁਭਾਅ ਤੇ ਬਣਤਰ ਸਮਝਣ ਉਪਰੰਤ ਆਪਣੇ ਵਿੱਚੋਂ ਰੋਗਾਣੂ ਵਿਰੋਧੀ ਐਂਟੀਬਾਡੀਜ਼ ਛੱਡਦੇ ਹਨ, ਜਿਹੜਾ ਰੋਗਾਣੂਆਂ 'ਤੇ ਸਿੱਧਾ ਵਾਰ ਕਰ ਕੇ ਉਸ ਨੂੰ ਨਕਾਰਾ ਬਣਾ ਕੇ ਰੱਖ ਦਿੰਦੀਆਂ ਹਨ। ਇਹ ਐਂਟੀਬਾਡੀਜ਼ ਮਰੀਜ਼ ਦੇ ਠੀਕ ਹੋਣ ਤੋਂ ਬਾਅਦ ਵੀ ਲੋੜੀਂਦੀ ਮਾਤਰਾ ਵਿਚ ਹਾਜ਼ਰ ਰਹਿੰਦੀਆਂ ਹਨ। ਇਹ ਐਂਟੀਬਾਡੀਜ਼ ਉਮਰ ਭਰ ਲਈ ਸਾਨੂੰ ਸੁਰੱਖਿਅਤ ਰੱਖਦੀਆਂ ਹੈ।

ਕੋਰੋਨਾ 'ਚ ਰੋਗ ਰੱਖਿਅਕ ਪ੍ਰਣਾਲੀ ਦੀ ਭੂਮਿਕਾ

ਕੋਰੋਨਾ ਮਹਾਮਾਰੀ 'ਚ ਵੀ ਰੋਗ ਰੱਖਿਅਕ ਪ੍ਰਣਾਲੀ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਬਿਮਾਰੀ ਦਾ ਰੋਗਾਣੂ ਇਕ ਵਾਇਰਸ ਹੈ। ਇਹ ਵਾਇਰਸ ਨੱਕ, ਮੂੰਹ ਜਾਂ ਸਾਹ ਰਾਹੀਂ ਮਨੁੱਖੀ ਸਰੀਰ 'ਚ ਦਾਖ਼ਲ ਹੁੰਦਾ ਹੈ। ਇਹ ਬਿਮਾਰੀ ਖੰਘ, ਜ਼ੁਕਾਮ, ਗਲੇ ਦਾ ਦਰਦ ਤੇ ਬੁਖ਼ਾਰ ਤੋਂ ਸ਼ੂਰੁ ਹੋ ਕੇ ਕਈ ਵਾਰ ਗੰਭੀਰ ਨਿਊਮੋਨੀਆ ਦਾ ਰੂਪ ਧਾਰਨ ਕਰ ਜਾਂਦੀ ਹੈ। ਜਦੋਂ ਕੋਈ ਬਿਮਾਰ ਵਿਅਕਤੀ ਖੰਘ, ਛਿੱਕ ਜਾਂ ਸਾਹ ਲੈਂਦਾ ਹੈ ਤਾਂ ਉਹ ਵਾਇਰਸ ਨਾਲ ਇਨਫੈਕਟਿਡ ਤੁਪਕਿਆਂ ਨੂੰ ਹਵਾ 'ਚ ਛੱਡਦਾ ਹੈ ਤੇ ਜਦੋਂ ਕੋਈ ਤੰਦਰੁਸਤ ਵਿਅਕਤੀ ਸੰਕ੍ਰਮਣ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਉਹ ਲਾਗ ਨਾਲ ਪੀੜਤ ਹੋ ਜਾਂਦਾ ਹੈ।

ਡਰਨ ਦੀ ਲੋੜ ਨਹੀਂ

ਬਿਮਾਰੀ ਤੋਂ ਡਰਨ ਦੀ ਕੋਈ ਲੋੜ ਨਹੀਂ, ਜੇ ਤੁਹਾਡੀ ਰੋਗ ਰੱਖਿਅਕ ਪ੍ਰਣਾਲੀ ਮਜ਼ਬੂਤ ਹੋਵੇ ਤੇ ਤੁਸੀਂ ਬਚਾਅ ਸਬੰਧੀ ਜ਼ਰੂਰੀ ਸਾਵਧਾਨੀਆਂ ਦਾ ਪਾਲਣ ਕਰਦੇ ਹੋ। ਇਹ ਬਿਮਾਰੀ ਨੱਕ, ਮੂੰਹ ਰਾਹੀਂ ਫ਼ੈਲਦੀ ਹੈ, ਇਸ ਕਰਕੇ ਇਸ ਬਿਮਾਰੀ ਤੋਂ ਮੂੰਹ 'ਤੇ ਮਾਸਕ, ਹੱਥਾਂ ਦੀ ਸਫ਼ਾਈ ਤੇ ਸਮਾਜਿਕ ਦੂਰੀ ਬਣਾ ਕੇ ਬਚਿਆ ਜਾ ਸਕਦਾ ਹੈ। 70 ਫ਼ੀਸਦੀ ਲੋਕਾਂ 'ਚ ਨੱਕ ਦੇ ਵਾਲ, ਮੂੰਹ ਤੇ ਨੱਕ ਵਿਚਲਾ ਚਿਪਚਪਾ ਲਾਈਜ਼ੋਜਾਇਮ ਵਾਇਰਸ ਨੂੰ ਅੰਦਰ ਜਾਣ ਤੋਂ ਪਹਿਲਾਂ ਹੀ ਖ਼ਤਮ ਕਰ ਦਿੰਦਾ ਹੈ। ਜੇ ਵਾਇਰਸ ਬਚ ਕੇ ਗਲ਼ੇ 'ਚ ਪਹੁੰਚ ਜਾਵੇ ਤਾਂ 25 ਫ਼ੀਸਦੀ ਲੋਕਾਂ 'ਚ ਗਲ਼ੇ ਦੇ ਟਾਂਸਿਲ ਉਸ ਨੂੰ ਖ਼ਤਮ ਕਰ ਦਿੰਦੇ ਹਨ। ਵਾਇਰਸ ਗਲ਼ੇ 'ਚ ਕਈ ਦਿਨ ਟਿਕਿਆ ਰਹਿ ਸਕਦਾ ਹੈ, ਜਿਸ ਕਰਕੇ ਗਰਮ ਪਾਣੀ ਦੇ ਗਰਾਰੇ ਵੀ ਬਿਮਾਰੀ ਤੋਂ ਬਚਾਅ ਕਰਦੇ ਹਨ। ਸਿਰਫ਼ 1-2 ਫ਼ੀਸਦੀ ਮਰੀਜ਼, ਜਿਹੜੇ ਵਡੇਰੀ ਉਮਰ ਜਾਂ ਪਹਿਲਾਂ ਤੋਂ ਹੀ ਗੰਭੀਰ ਕਿਸਮ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ, ਉਨ੍ਹਾਂ 'ਚ ਹੀ ਗੰਭੀਰ ਨਿਊਮੋਨੀਆ ਦੀ ਨੌਬਤ ਆਉਂਦੀ ਹੈ। ਫੇਫੜਿਆਂ ਤੋਂ ਬਅਦ ਛੂਤ ਖ਼ੂਨ ਵਿਚ ਚਲੀ ਜਾਂਦੀ ਹੈ, ਜਿੱਥੇ ਚਿੱਟੇ ਕਣਾਂ (ਡਬਲਿਊਬੀਸੀ) ਨਾਲ ਉਸ ਦੀ ਜੰਗ ਹੁੰਦੀ ਹੈ। ਜੇ ਤੁਹਾਡੀ ਸਰੀਰਕ ਤਾਕਤ ਤਹਾਨੂੰ ਬਚਾ ਲਵੇ ਤਾਂ ਤੁਹਾਡੇ ਅੰਦਰ ਬਿਮਾਰੀ ਵਿਰੋਧੀ ਐਂਟੀਬਾਡੀਜ਼ ਪੈਦਾ ਹੁੰਦੀ ਹੈ ਪਰ ਕਈ ਵਾਰ ਮੌਤ ਵੀ ਹੋ ਸਕਦੀ ਹੈ। ਇਸ ਕਰਕੇ ਕਿਸੇ ਵੀ ਬਿਮਾਰੀ ਤੋਂ ਬਚਾਅ ਲਈ ਮਜ਼ਬੂਤ ਰੋਗ ਰੱਖਿਅਕ ਪ੍ਰਣਾਲੀ ਅਹਿਮ ਰੋਲ ਨਿਭਾਉਂਦੀ ਹੈ।

- ਕੇਵਲ ਸਿੰਘ ਮਾਨਸਾ

98725-15652

Posted By: Harjinder Sodhi