ਜੇਐੱਨਐੱਨ, ਨਵੀਂ ਦਿੱਲੀ : IIT Delhi News : ਕੋਰੋਨਾ ਮਹਾਮਾਰੀ ਤੋਂ ਜਿੱਥੇ ਪੂਰੀ ਦੁਨੀਆ ਪਰੇਸ਼ਾਨ ਹੈ, ਉੱਥੇ ਹੀ ਭਾਰਤ 'ਚ ਇਸ ਦੀ ਦਵਾਈ ਸਬੰਧੀ ਇਕ ਖੁਸ਼ਖਬਰੀ ਆਈ ਹੈ ਜੋ ਆਈਆਈਟੀ ਦਿੱਲੀ ਨੇ ਦਿੱਤੀ। ਭਾਰਤੀ ਤਕਨੀਕੀ ਸੰਸਥਾ (IIT) ਦਿੱਲੀ ਦੇ ਬਾਇਓਕੈਮੀਕਲ ਇੰਜੀਨੀਅਰਿੰਗ ਦੇ ਪ੍ਰੋ. ਡੀ. ਸੁੰਦਰ ਨੇ ਜਾਪਾਨ ਦੇ ਨੈਸ਼ਨਲ ਇੰਸਟੀਚਿਊਟ ਆਫ ਐਡਵਾਂਸਡ ਇੰਡਸਟ੍ਰੀਅਲ ਸਾਇੰਸ ਐਂਡ ਟੈਕਨਾਲੌਜੀ ਨਾਲ ਮਿਲ ਕੇ ਖੋਜ ਕੀਤੀ ਹੈ ਕਿ ਕੁਦਰਤੀ ਔਸ਼ਧੀ ਅਸ਼ਵਗੰਧਾ ਨਾਲ ਕੋਵਿਡ-19 ਦਾ ਇਲਾਜ ਸੰਭਵ ਹੈ।

ਅਸ਼ਵਗੰਧਾ ਤੋਂ ਕਿਉਂ ਬੱਝੀ ਉਮੀਦ

ਅਸ਼ਵਗੰਧਾ ਦਾ ਇਕ ਰਸਾਇਣਕ ਪਦਾਰਥ, ਕੋਵਿਡ-19 ਨੂੰ ਕੋਸ਼ਿਕਾਵਾਂ 'ਚ ਵਿਕਸਤ ਹੋਣ ਤੋਂ ਰੋਕਣ 'ਚ ਕਾਰਗਰ ਹੋ ਸਕਦਾ ਹੈ। ਇਹ ਕਿਸ ਤਰ੍ਹਾਂ ਨਾਲ ਕੋਵਿਡ-19 ਦੀ ਵਿਕਸਤ ਹੋਣ ਦੀ ਪ੍ਰਕਿਰਿਆ ਨੂੰ ਰੋਕ ਸਕਦਾ ਹੈ, ਇਸ ਦੀ ਪ੍ਰਣਾਲੀ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ।

15 ਸਾਲਾਂ ਤੋਂ ਅਸ਼ਵਗੰਧਾ 'ਤੇ ਜਾਪਾਨ 'ਚ ਕਰ ਰਹੇ ਕੰਮ

ਪ੍ਰੋ. ਡੀ. ਸੁੰਦਰ 15 ਸਾਲਾਂ ਤੋਂ ਅਸ਼ਵਗੰਧਾ 'ਤੇ ਜਾਪਾਨ ਦੇ ਇੰਸਟੀਚਿਊਟ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਡੀ ਇਸ ਖੋਜ ਦੀ ਪਹਿਲੀ ਰਿਪੋਰਟ ਨੂੰ ਕੌਮਾਂਤਰੀ ਰਿਸਰਚ ਮੈਗਜ਼ੀਨ ਜਰਨਲ ਆਫ ਬਾਇਓਮੌਲੀਕਿਊਲਰ ਡਾਇਨਾਮਿਕਸ 'ਚ ਪ੍ਰਕਾਸ਼ਿਤ ਹੋਣ ਦੀ ਮਨਜ਼ੂਰੀ ਮਿਲ ਗਈ ਹੈ।

ਅਸ਼ਵਗੰਧਾ ਨਾਲ ਕੋਵਿਡ-19 ਦੀ ਦਵਾਈ ਬਣਾਉਣ ਦੀ ਦਿਸ਼ਾ 'ਚ ਕੰਮ ਹੋਵੇਗਾ

ਦੋ ਦਿਨਾਂ 'ਚ ਇਸ ਦੇ ਪ੍ਰਕਾਸ਼ਿਤ ਹੋਣ ਦੀ ਉਮੀਦ ਹੈ। ਇਸ ਖੋਜ ਨੂੰ ਅੱਗੇ ਵਧਾਉਂਦਿਆਂ ਅਸ਼ਵਗੰਧਾ ਨਾਲ ਕੋਵਿਡ-19 ਦੀ ਦਵਾਈ ਬਣਾਉਣ ਦੀ ਦਿਸ਼ਾ 'ਚ ਅਸੀਂ ਕੰਮ ਕਰਾਂਗੇ। ਉਨ੍ਹਾਂ ਦੱਸਿਆ ਕਿ ਅਸ਼ਵਗੰਧਾ ਨਾਲ ਕੋਵਿਡ-19 ਦੀ ਦਵਾਈ ਬਣਾਉਣ ਲਈ ਕਈ ਕਲੀਨਿਕਲ ਟ੍ਰਾਇਲ ਦੀ ਜ਼ਰੂਰਤ ਹੈ। ਅਤਿ-ਆਧੁਨਿਕ ਲੈਬ 'ਚ ਇਸ ਦਾ ਟ੍ਰਾਇਲ ਹੋਣਾ ਚਾਹੀਦਾ ਹੈ। ਇਸ 'ਤੇ ਵੀ ਅਸੀਂ ਕੰਮ ਕਰਾਂਗੇ।

ਅਸ਼ਵਗੰਧਾ ਦੀ ਆਯੁਰਵੈਦਿਕ ਇਲਾਜ ਲਈ ਹੁੰਦੀ ਹੈ ਵਰਤੋਂ

ਭਾਰਤ 'ਚ ਰਵਾਇਤੀ ਢੰਗ ਨਾਲ ਅਸ਼ਵਗੰਧਾ ਦੀ ਵਰਤੋਂ ਆਯੁਰਵੈਦਿਕ ਇਲਾਜ ਲਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਕ ਮਹੀਨਾ ਪਹਿਲਾਂ ਕੇਂਦਰ ਸਰਕਾਰ ਨੇ ਆਯੁਸ਼ ਮੰਤਰਾਲੇ, ਸਿਹਤ ਮੰਤਰਾਲੇ, ਵਿਗਿਆਨ ਤੇ ਤਕਨੀਕੀ ਮੰਤਰਾਲੇ, ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਨੂੰ ਜੋੜਦੇ ਹੋਏ ਇਕ ਟਾਸਕ ਫੋਰਸ ਦਾ ਗਠਨ ਕੀਤਾ ਸੀ। ਇਸ ਵਿਚ ਕਿਹਾ ਗਿਆ ਸੀ ਕਿ ਅਸ਼ਵਗੰਧਾ, ਯਸ਼ਟੀਮਧੂ, ਗੁਡੁਚੀ ਨੂੰ ਪਿਪਾਲੀ ਦੇ ਨਾਲ, ਆਯੁਸ਼-64 (ਮਲੇਰੀਆ ਦੀ ਦਵਾਈ) ਵਰਗੀਆਂ ਆਯੁਰਵੈਦਿਕ ਔਸ਼ਧੀਆਂ 'ਤੇ ਕੋਵਿਡ-19 ਦੇ ਸੰਦਰਭ 'ਚ ਸੋਧ ਕਰਨ।

ਕਈ ਖੋਜਕਰਤਾ ਕਰ ਸਕਦੇ ਹਨ ਇਸਤੇਮਾਲ

ਪ੍ਰੋ. ਡੀ. ਸੁੰਦਰ ਨੇ ਕਿਹਾ ਕਿ ਸਾਡੇ ਵੱਲੋਂ ਸੁਤੰਤਰ ਰੂਪ 'ਚ ਅਸ਼ਵਗੰਧਾ 'ਤੇ ਖੋਜ ਕੀਤੀ ਗਈ ਹੈ। ਕਈ ਹੋਰ ਖੋਜਕਰਤਾ ਕੋਵਿਡ-19 ਸਬੰਧੀ ਸਾਡੀ ਖੋਜ ਦਾ ਇਸਤੇਮਾਲ ਕਰ ਸਕਦੇ ਹਨ।

Posted By: Seema Anand