ਨਵੀਂ ਦਿੱਲੀ - ਅੱਜ-ਕੱਲ੍ਹ ਨਵੇਂ ਸਮਾਰਟਫੋਨਾਂ ’ਤੇ ਐਕਸਚੇਂਜ ਆਫ਼ਰ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਤੋਂ ਬਾਅਦ ਪੁਰਾਣਾ ਫੋਨ ਦੇ ਕੇ ਘੱਟ ਕੀਮਤ ’ਤੇ ਨਵਾਂ ਫੋਨ ਖ਼ਰੀਦ ਸਕਦੇ ਹੋ। ਐਕਸਚੇਂਜ ਆਫ਼ਰ ਦੌਰਾਨ ਸਭ ਤੋਂ ਜ਼ਰੂਰੀ ਚੀਜ਼ ਪੁਰਾਣੇ ਸਮਾਰਟਫੋਨ ਦਾ ਆਈਐੱਮਈਆਈ ਨੰਬਰ ਹੰੁਦਾ ਹੈ, ਜਿਸ ਨੂੰ ਐਂਟਰ ਕਰਨ ਤੋਂ ਬਾਅਦ ਹੀ ਤੁਹਾਡੇ ਪੁਰਾਣੇ ਫੋਨ ’ਤੇ ਮਿਲ ਰਹੇ ਆਫ਼ਰ ਦਾ ਪਤਾ ਲੱਗੇਗਾ। ਸਭ ਤੋਂ ਵੱਡਾ ਸਵਾਲ ਇਹ ਹੈ ਕਿ IMEI ਨੰਬਰ ਚੈੱਕ ਕਿਸ ਤਰ੍ਹਾਂ ਕੀਤਾ ਜਾਵੇ। ਕਈ ਅਜਿਹੇ ਯੂਜ਼ਰਜ਼ ਹਨ, ਜਿਨ੍ਹਾਂ ਨੂੰ ਨਹੀਂ ਪਤਾ ਕਿ ਸਮਾਰਟਫੋਨ ਦਾ ਆਈਐੱਮਈਆਈ ਕਿਵੇਂ ਪਤਾ ਲੱਗੇਗਾ?

ਕੀ ਹੈ ਆਈਐੱਮਈਆਈ

ਸਭ ਤੋਂ ਪਹਿਲਾਂ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਆਈਐੱਮਈਆਈ ਨੰਬਰ ਕੀ ਹੈ। ਕਿਸੇ ਵੀ ਡਿਵਾਈਸ ਦੀ ਪ੍ਰੋਡਕਸ਼ਨ ਕਰਦੇ ਸਮੇਂ ਉਸ ’ਚ ਇਕ ਯੂਨੀਕ ਨੰਬਰ ਦਿੱਤਾ ਜਾਂਦਾ ਹੈ, ਜਿਸ ਨੂੰ ਆਈਐੱਮਈਆਈ ਨੰਬਰ ਕਹਿੰਦੇ ਹਨ। ਇਸ ਦਾ ਮਤਲਬ International Mobile Equipment Identity ਹੈ। ਜੇ ਤੁਹਾਡਾ ਫੋਨ ਗੁਆਚ ਗਿਆ ਹੈ ਜਾਂ ਚੋਰੀ ਹੋ ਗਿਆ ਹੈ ਤਾਂ ਤੁਸੀਂ ਆਈਐੱਮਈਆਈ ਨੰਬਰ ਦੀ ਮਦਦ ਨਾਲ ਫੋਨ ਨੂੰ ਟਰੈਕ ਤੇ ਬਲਾਕ ਕਰ ਸਕਦੇ ਹੋ।

ਚੈੱਕ ਕਰਨ ਦਾ ਤਰੀਕਾ

ਐਂਡਰਾਇਡ, ਐਪਲ ਤੇ ਫੀਚਰ ਫੋਨ ਲਗਪਗ ਸਾਰੀਆਂ ਡਿਵਾਈਸਾਂ ’ਚ ਆਈਐੱਮਈਆਈ ਨੰਬਰ ਚੈਕ ਕਰਨ ਦਾ ਇਕ ਆਮ ਪ੍ਰੋਸੈਸ ਹੰੁਦਾ ਹੈ। ਇਸ ਦਾ ਸਭ ਤੋਂ ਆਮ ਤਰੀਕਾ ਯੂਐੱਸਐੱਸਡੀ ਕੋਡ ਹੈ। ਯੂਜ਼ਰਜ਼ ਆਪਣੇ ਕਿਸੇ ਵੀ ਫੋਨ ’ਚ ਇਸ ਯੂਐੱਸਐੱਸਡੀ ਕੋਡ ਦੀ ਮਦਦ ਨਾਲ ਆਈਐੱਮਈਆਈ ਨੰਬਰ ਦਾ ਪਤਾ ਕਰ ਸਕਦੇ ਹੋ।

- ਇਸ ਲਈ ਸਭ ਤੋਂ ਪਹਿਲਾਂ ਆਪਣੇ ਫੋਨ ਦੇ ਕਾਲਿੰਗ ਸੈਕਸ਼ਨ ’ਚ ਜਾਓ ਤੇ ਉਥੇ ਡਾਇਲ ਪੈਡ ਖੋਲ੍ਹੋ।

- ਡਾਇਲ ਪੈਡ ’ਚ ਜਾ ਕੇ ਉਥੇ ਤੁਹਾਨੂੰ *#06# ਡਾਇਲ ਕਰਨਾ ਹੋਵੇਗਾ।

- ਇਸ ਕੋਡ ਨੂੰ ਡਾਇਲ ਕਰਦਿਆਂ ਹੀ ਤੁਹਾਡੀ ਸਕਰੀਨ ’ਤੇ ਆਈਐੱਮਈਆਈ ਨੰਬਰ ਦਿਸਣ ਲੱਗੇਗਾ।

- ਤੁਸੀਂ ਇਸ ਨੰਬਰ ਨੂੰ ਨੋਟ ਕਰ ਲਵੋ ਜਾਂ ਇਸ ਦਾ ਸਕਰੀਨਸ਼ਾਟ ਸੇਵ ਕਰ ਲਵੋ।

Posted By: Harjinder Sodhi