ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ICMR) ਨੇ ਆਪਣੀ ਤਰ੍ਹਾਂ ਦੇ ਪਹਿਲੇ ਅਭਿਆਸ ਤਹਿਤ ਦੇਸ਼ ’ਚ ਕੋਵਿਡ-19 ਤੋਂ ਮੁੜ ਇਨਫੈਕਟਿਡ ਹੋਣ ਵਾਲਿਆਂ ਦੀ ਪਛਾਣ ਦਾ ਯਤਨ ਕੀਤਾ ਹੈ। ਇਪੀਡੈਮਿਓਲਾਜੀ ਐਂਡ ਇਨਫੈਕਸ਼ਨ ਨਾਂ ਦੀ ਪੱਤ੍ਰਿਕਾ ਨੇ ਇਸ ਦੇ ਪ੍ਰਕਾਸ਼ਨ ਦੀ ਸਹਿਮਤੀ ਦੇ ਦਿੱਤੀ ਹੈ।

ਇਸ ਤਰ੍ਹਾਂ ਹੁੰਦੀ ਹੈ ਤੈਅ

ਵਿਗਿਆਨੀ ਦੋਬਾਰਾ ਇਨਫੈਕਸ਼ਨ ਦੇ ਸਬੂਤਾਂ ਲਈ ਵਾਇਰਸ ਦੇ ਨਮੂਨਿਆਂ ਦੇ ਜਿਨੋਮ ਵਿਸ਼ਲੇਸ਼ਣ ’ਤੇ ਗ਼ੌਰ ਕਰਦੇ ਹਨ। ਕਿਉਂਕਿ ਵਾਇਰਸ ’ਚ ਲਗਾਤਾਰ ਬਦਲਾਅ ਹੋ ਰਹੇ ਹਨ, ਇਸ ਲਈ ਦੋ ਨਮੂਨਿਆਂ ਦੇ ਜਿਨੋਮ ਸਿਕੁਏਂਸ ’ਚ ਵੀ ਕੁਝ ਫ਼ਰਕ ਹੋਣਾ ਚਾਹੀਦਾ ਹੈ। ਹਾਲਾਂਕਿ, ਸਾਰੇ ਇਨਫੈਕਟਿਡਾਂ ਦੇ ਨਮੂਨਿਆਂ ਦਾ ਜਿਨੋਮ ਸਿਕੁਏੇਂਸਿੰਗ ਲਈ ਸੰਗ੍ਰਹਿ ਨਹੀਂ ਕੀਤਾ ਜਾ ਰਿਹਾ, ਕਿਉਂਕਿ ਇਹ ਬਹੁਤ ਵੱਡੀ ਚੁਣੌਤੀ ਹੋਵੇਗੀ। ਸਿਰਫ਼ ਕੁਝ ਲੋਕਾਂ ਦੇ ਨਮੂਨਿਆਂ ਨੂੰ ਅਧਿਐਨ ਲਈ ਭੇਜਿਆ ਜਾਂਦਾ ਹੈ।

ਇਸ ਤਰ੍ਹਾਂ ਹੋਇਆ ਅਧਿਐਨ

1,300 ਅਜਿਹੇ ਲੋਕਾਂ ਦਾ ਅਧਿਐਨ ਕੀਤਾ ਗਿਆ ਜਿਹੜੇ ਦੋਬਾਰਾ ਇਨਫੈਕਟਿਡ ਹੋਏ ਸਨ। ਦੇਖਿਆ ਗਿਆ ਕਿ ਇਨ੍ਹਾਂ ’ਚੋਂ 58 ਯਾਨੀ 4.5 ਫ਼ੀਸਦੀ ਨੂੰ ਅਸਲ ’ਚ ਮੁੜ ਇਨਫੈਕਟਿਡਾਂ ਦੀ ਸ਼੍ਰੇਣੀ ’ਚ ਰੱਖਿਆ ਜਾ ਸਕਦਾ ਹੈ। ਇਹ 102 ਦਿਨਾਂ ਦੇ ਅੰਦਰ ਦੂਜੀ ਵਾਰ ਇਨਫੈਕਟਿਡ ਹੋਏ। ਇਸ ਵਿਚਕਾਰ ਉਨ੍ਹਾਂ ਦੀ ਜਾਂਚ ਕਰਵਾਈ ਗਈ ਸੀ, ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ। ਇਨ੍ਹਾਂ ਦੀ ਉਮਰ 20-40 ਸਾਲ ਦੀ ਤੇ 12 ਸਿਹਤ ਮੁਲਾਜ਼ਮ ਸਨ। ਆਈਸੀਐੱਮਆਰ ਦੇ ਵਿਗਿਆਨੀਆਂ ਨੇ ਜਿਨੋਮ ਵਿਸ਼ਲੇਸ਼ਣ ਦੀ ਬਜਾਏ ਮਰੀਜ਼ ਦੀ ਘੱਟ ਤੋਂ ਘੱਟ 102 ਦਿਨਾਂ ਵਿਚਕਾਰ ਦੀਆਂ ਦੋਵਾਂ ਰਿਪੋਰਟਾਂ ਦਾ ਅਧਿਐਨ ਕੀਤਾ। ਅਮਰੀਕੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦਾ ਮੰਨਣਾ ਹੈ ਕਿ ਵਾਇਰਲ ਸ਼ੇਡਿੰਗ (ਸਰੀਰ ’ਚ ਵਾਇਰਸ ਦੇ ਵਿਸਥਾਰ) ’ਚ ਕਰੀਬ 90 ਦਿਨ ਲੱਗਦੇ ਹਨ। ਵਾਇਰਲ ਸ਼ੇਡਿੰਗ ਦੇ ਖ਼ਦਸ਼ਿਆਂ ਨਾਲ ਨਜਿੱਠਣ ਲਈ ਵਿਗਿਆਨੀਆਂ ਨੇ 102 ਦਿਨਾਂ ਦੇ ਅੰਦਰ ਇਕ ਹੋਰ ਜਾਂਚ ਕਰਵਾਈ ਸੀ, ਜਿਹੜੀ ਨੈਗੇਟਿਵ ਨਿਕਲੀ। ਹਾਲਾਂਕਿ, ਜਿਨੋਮ ਵਿਸ਼ਲੇਸ਼ਣ ਦੀ ਘਾਟ ’ਚ ਇਨ੍ਹਾਂ 58 ਨੂੰ ਮੁੜ ਇਨਫੈਕਸ਼ਨ ਦਾ ਪੁਸ਼ਟ ਮਾਮਲਾ ਨਹੀਂ ਮੰਨਿਆ ਜਾਵੇਗਾ।

ਕਿਉਂ ਹੈ ਕੰਮ ਦਾ

ਅਜੇ ਇਹ ਸਪਸ਼ਟ ਨਹੀਂ ਹੈ ਕਿ ਜਦੋਂ ਕੋਈ ਵਿਅਕਤੀ ਕੋਰੋਨਾ ਇਨਫੈਕਟਿਡ ਹੁੰਦਾ ਹੈ ਤਾਂ ਉਸ ਦੇ ਸ਼ਰੀਰ ’ਚ ਸਥਾਈ ਇਮਿਊਨਿਟੀ ਵਿਕਸਤ ਹੁੰਦੀ ਹੈ ਜਾਂ ਉਹ ਕੁਝ ਸਮੇਂ ਬਾਅਦ ਮੁੜ ਇਨਫੈਕਟਿਡ ਹੋ ਸਕਦਾ ਹੈ। ਦੋਬਾਰਾ ਇਨਫੈਕਟਿਡ ਹੋਣ ਦੇ ਖ਼ਦਸ਼ਿਆਂ ਦਾ ਪਤਾ ਲਗਾਉਣਾ ਇਸ ਲਈ ਵੀ ਜ਼ਰੂਰੀ ਹੈ ਕਿ ਤਾਂ ਜੋ ਇਸ ਮਹਾਮਾਰੀ ਨਾਲ ਲੜਾਈ ਦੀ ਰਣਨੀਤੀ ਬਣਾਉਣ ’ਚ ਮਦਦ ਮਿਲੇਗੀ, ਬਲਕਿ ਇਹ ਸਮਝਣਾ ਵੀ ਸੌਖਾ ਹੋ ਜਾਵੇਗਾ ਕਿ ਲੋਕਾਂ ਨੂੰ ਹੋਰ ਕਿੰਨੇ ਸਮੇਂ ਤਕ ਮਾਸਕ ਤੇ ਸਰੀਰਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਦੇ ਰਹਿਣਾ ਪਵੇਗਾ। ਇਹ ਟੀਕਾਕਰਨ ਮੁਹਿੰਮ ’ਚ ਵੀ ਮਦਦਗਾਰ ਸਾਬਿਤ ਹੋਵੇਗਾ। ਭਾਰਤ ਸਮੇਤ ਦੁਨੀਆ ਭਰ ’ਚ ਮੁੜ ਇਨਫੈਕਸ਼ਨ ਦੇ ਮਾਮਲੇ ਆ ਰਹੇ ਹਨ, ਪਰ ਸਾਰੇ ਇਸ ਸ਼੍ਰੇਣੀ ’ਚ ਨਹੀਂ ਰੱਖੇ ਜਾ ਸਕਦੇ। (ਮੀਡੀਆ ਇਨਪੁਟ)

Posted By: Seema Anand