ਮੱਛਰ ਦਾ ਨਾਂ ਸੁਣਦੇ ਹੀ ਦਿਮਾਗ਼ 'ਚ ਕਈ ਤਸਵੀਰਾਂ ਘੁੰਮਣ ਲੱਗਦੀਆਂ ਹਨ। ਸਰੀਰ 'ਤੇ ਉਸ ਦੇ ਕੱਟਣ ਦੀ ਵਜ੍ਹਾ ਨਾਲ ਉੱਭਰੇ ਨਿਸ਼ਾਨ, ਮੱਛਰਾਂ ਦੇ ਉਤਪਾਤ ਦੀ ਵਜ੍ਹਾ ਨਾਲ ਨੀਂਦ ਨਾ ਪੂਰੀ ਹੋਣਾ ਤੇ ਕੰਨਾਂ 'ਚ ਗੂੰਜਦੀ ਆਵਾਜ਼। ਤੁਸੀਂ ਕਿਤੇ ਵੀ ਰਹੋ ਰਾਤ ਦੇ ਹਨੇਰੇ 'ਚ ਕਿਸੇ ਵੀ ਜਗ੍ਹਾਂ ਸੁੱਤੇ ਹੋਵੋ, ਇਹ ਤੁਹਾਨੂੰ ਲ4ਭ ਕੇ ਤੁਹਾਡੇ ਸਰੀਰ 'ਚੋਂ ਖ਼ੂਨ ਚੂਸ ਹੀ ਲੈਂਦੇ ਹਨ। ਪਰ ਸਵਾਲ ਤਾਂ ਇਹੀ ਹੈ ਕਿ ਹਨੇਰੇ ਵਿਚ ਇਹ ਤੁਹਾਨੂੰ ਕਿਵੇਂ ਲੱਭ ਲੈਂਦੇ ਹਨ। ਆਓ ਜਾਣਦੇ ਹਾਂ ਮੱਛਰਾਂ ਦੇ ਰਹੱਸ ਨਾਲ ਜੁੜੇ ਇਸ ਸਵਾਲ ਦਾ ਜਵਾਬ...

ਮਾਦਾ ਮੱਛਰ ਆਪਣੇ ਆਂਡਿਆਂ ਨੂੰ ਵਿਕਸਤ ਤੇ ਪੋਸ਼ਿਤ ਕਰਨ ਲਈ ਸਾਡਾ ਖ਼ੂਨ ਚੂਸਦਾ ਹੈ। ਕਿਉਂਕਿ ਉਸ ਨੂੰ ਆਪਣੇ ਆਂਡੇ ਨੂੰ ਵਿਕਸਤ ਕਰਨ ਲਈ ਪ੍ਰੋਟੀਨ ਤੇ ਵਿਟਾਮਿਨ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਉਹ ਇਨਸਾਨ ਦੇ ਸਰੀਰ 'ਚ ਆਪਣੀ ਸੁੰਢ ਵਰਗੀ ਪਾਈਪ ਨੂੰ ਗੱਡ ਕੇ ਸਾਡਾ ਖ਼ੂਨ ਚੂਸਦੇ ਹਨ।

ਹੁਣ ਉਸ ਸਵਾਲ ਦਾ ਜਵਾਬ ਕਿ ਇਹ ਮੱਛਰ ਸਾਨੂੰ ਹਨੇਰੇ 'ਚ ਵੀ ਕਿਵੇਂ ਲੱਭ ਲੈਂਦੇ ਹਨ। ਅਸਲ ਵਿਚ ਇਸ ਦੇ ਪਿੱਛੇ ਦੀ ਵਜ੍ਹਾ ਸਾਡਾ ਸਾਹ ਹੈ। ਜਦੋਂ ਸਾਹ ਛੱਡਦੇ ਹਾਂ ਤਾਂ ਕਾਰਬਨ ਡਾਈਆਕਸਾਈਡ (CO2) ਨਿਕਲਦੀ ਹੈ। ਇਸ ਦੀ ਗੰਧ ਦੀ ਵਜ੍ਹਾ ਨਾਲ ਮੱਛਰ ਇਸ ਵੱਲ ਤੇਜ਼ੀ ਨਾਲ ਖਿੱਚੇ ਚਲੇ ਆਉਂਦੇ ਹਨ।

ਮਾਦਾ ਮੱਛਰ ਆਪਣੇ 'ਸੈਂਸਿੰਗ ਆਰਗਨਸ' ਜ਼ਰੀਏ 30 ਫੁੱਟ ਤੋਂ ਜ਼ਿਆਦਾ ਦੂਰੀ ਨਾਲ ਵੀ ਕਾਰਬਨ ਡਾਈਆਕਸਾਈਡ ਦੀ ਗੰਧ ਨੂੰ ਬੜੀ ਆਸਾਨੀ ਨਾਲ ਪਛਾਣ ਲੈਂਦਾ ਹੈ। ਇਸੇ ਗੈਸ ਰਾਹੀਂ ਮੱਛਰ ਹਨੇਰੇ 'ਚ ਵੀ ਇਨਸਾਨ ਕੋਲ ਪਹੁੰਚ ਜਾਂਦੇ ਹਨ। ਤੁਹਾਡੇ ਕੋਲ ਪਹੁੰਚਣ ਤੋਂ ਬਾਅਦ ਇਹ ਤੁਹਾਡੇ ਸਰੀਰ 'ਚੋਂ ਖ਼ੂਨ ਚੂਸ ਕੇ ਆਪਣੇ ਆਂਡਿਆਂ ਨੂੰ ਪੋਸ਼ਿਤ ਕਰਦੇ ਹਨ।

ਇਸ ਤੋਂ ਇਲਾਵਾ ਮੱਛਰ ਇਨਸਾਨ ਦੇ ਸਰੀਰ ਦੀ ਗਰਮੀ ਤੇ ਗੰਧ ਦੀ ਵਜ੍ਹਾ ਨਾਲ ਹੀ ਤੁਹਾਡੇ ਤਕ ਪਹੁੰਚਦੇ ਹਨ। ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ 'ਚ ਮਲੇਰੀਆ, ਫਾਇਲੇਰੀਆ, ਡੇਂਗੂ, ਜਾਪਾਨੀ ਇਨਸੇਫਲਾਈਟਿਸ, ਜ਼ੀਕਾ ਵਾਇਰਸ, ਚਿਕਨਗੁਨੀਆ ਪ੍ਰਮੁੱਖ ਹਨ। ਮਲੇਰੀਆ ਇਕ ਅਜਿਹਾ ਰੋਗ ਹੈ ਜਿਹੜਾ ਮਾਦਾ ਏਨਾਫਿਲੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਰਿਸਰਚ ਵਿਚ ਦੇਖਿਆ ਗਿਆ ਹੈ ਕਿ ਮੱਛਰ 'O' ਬਲੱਡ ਗਰੁੱਪ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ।

Posted By: Seema Anand