ਲੰਡਨ (ਏਐੱਨਆਈ) : ਕੋਰੋਨਾ ਵਾਇਰਸ (ਕੋਵਿਡ-19) ਨਾਲ ਇਸ ਸਮੇਂ ਪੂਰੀ ਦੁਨੀਆ ਜੂਝ ਰਹੀ ਹੈ ਪ੍ਰੰਤੂ ਅਗਲੇ ਮੋਰਚੇ 'ਤੇ ਮੁਕਾਬਲਾ ਕਰ ਰਹੇ ਸਿਹਤ ਕਰਮਚਾਰੀਆਂ ਨੂੰ ਸਭ ਤੋਂ ਜ਼ਿਆਦਾ ਇਨਫੈਕਸ਼ਨ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਨਵੀਂ ਖੋਜ ਵਿਚ ਲੋੜੀਂਦੀ ਪੀਪੀਈ ਮਿਲਣ ਦੇ ਬਾਵਜੂਦ ਸਿਹਤ ਕਰਮਚਾਰੀਆਂ ਵਿਚ ਇਨਫੈਕਸ਼ਨ ਦਾ ਖ਼ਤਰਾ ਤਿੰਨ ਗੁਣਾ ਜ਼ਿਆਦਾ ਪਾਇਆ ਗਿਆ ਹੈ ਜਦਕਿ ਬਿਨਾਂ ਪੀਪੀਈ ਦੇ ਕੋਰੋਨਾ ਨਾਲ ਮੋਰਚਾ ਲੜਨ ਵਾਲਿਆਂ ਵਿਚ ਇਹ ਖ਼ਤਰਾ ਹੋਰ ਵੀ ਜ਼ਿਆਦਾ ਹੈ।

ਲਾਂਸੇਟ ਪਬਲਿਕ ਹੈਲਥ ਪੱਤ੍ਕਾ 'ਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਸਿਆਹਫਾਮ, ਏਸ਼ਿਆਈ ਅਤੇ ਘੱਟ ਗਿਣਤੀ ਪਿੱਠ ਭੂਮੀ ਵਾਲੇ ਸਿਹਤ ਕਰਮਚਾਰੀਆਂ ਵਿਚ ਇਸ ਦੀ ਸ਼ੰਕਾ ਜ਼ਿਆਦਾ ਹੋ ਸਕਦੀ ਹੈ ਕਿ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆ ਸਕਦਾ ਹੈ। ਕਿੰਗਜ਼ ਕਾਲਜ ਲੰਡਨ ਅਤੇ ਹਾਵਰਡ ਦੇ ਖੋਜੀਆਂ ਨੇ ਕੋਵਿਡ-19 ਸਿਸਟਮ ਟ੍ਰੈਕਰ ਐਪ ਦੀ ਵਰਤੋਂ ਨਾਲ ਅਮਰੀਕਾ ਅਤੇ ਬਰਤਾਨੀਆ ਦੇ 20 ਲੱਖ, 35 ਹਜ਼ਾਰ ਆਮ ਲੋਕਾਂ ਅਤੇ ਕਰੀਬ ਇਕ ਲੱਖ ਸਿਹਤ ਕਰਮਚਾਰੀਆਂ ਦੇ ਡਾਟਾ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਇਹ ਸਿੱਟਾ ਕੱਢਿਆ ਗਿਆ ਹੈ। ਉਨ੍ਹਾਂ ਨੇ ਅਧਿਐਨ 'ਚ ਅਗਲੇ ਮੋਰਚੇ 'ਤੇ ਕੰਮ ਕਰ ਰਹੇ ਪ੍ਰਤੀ ਇਕ ਲੱਖ ਸਿਹਤ ਕਰਮਚਾਰੀਆਂ 'ਤੇ ਕੋਰੋਨਾ ਇਨਫੈਕਸ਼ਨ ਦੇ 2,747 ਮਾਮਲੇ ਪਾਏ ਜਦਕਿ ਪ੍ਰਤੀ ਇਕ ਲੱਖ ਆਮ ਲੋਕਾਂ 'ਚ 262 ਮਾਮਲੇ ਪਾਏ ਗਏ। ਕਿੰਗਜ਼ ਕਾਲਜ ਲੰਡਨ ਦੇ ਪ੍ਰਰੋਫੈਸਰ ਸੈਬੇਸਟੀਅਨ ਅਵਰਸੇਲਿਨ ਨੇ ਕਿਹਾ ਕਿ ਸਾਡੇ ਅਧਿਐਨ ਨਾਲ ਸਿਹਤ ਕਰਮਚਾਰੀਆਂ ਅਤੇ ਹਸਪਤਾਲਾਂ 'ਤੇ ਕੋਰੋਨਾ ਇਨਫੈਕਸ਼ਨ ਦੇ ਜ਼ਬਰਦਸਤ ਪ੍ਰਭਾਵ ਦਾ ਪਤਾ ਚੱਲਿਆ ਹੈ।

ਡਾਟਾ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੀਪੀਈ ਕਿੱਟ ਦੀ ਉਪਲੱਬਧਤਾ ਦੇ ਬਾਵਜੂਦ ਕੋਰੋਨਾ ਇਨਫੈਕਸ਼ਨ ਦਾ ਬਹੁਤ ਜ਼ਿਆਦਾ ਖ਼ਤਰਾ ਹੈ। ਖੋਜੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਧਿਐਨ ਨਾਲ ਨਾ ਸਿਰਫ਼ ਪੀਪਈ ਦੀ ਲੋੜੀਂਦੀ ਉਪਲੱਬਧਤਾ ਦੀ ਅਹਿਮੀਅਤ ਜ਼ਾਹਿਰ ਹੁੰਦੀ ਹੈ ਸਗੋਂ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਲਈ ਰਣਨੀਤੀ ਬਣਾਏ ਜਾਣ ਦੀ ਲੋੜ ਦਾ ਵੀ ਪਤਾ ਚੱਲਦਾ ਹੈ।