ਹਾਰਟ ਅਟੈਕ ਇਕ ਗੰਭੀਰ ਸਥਿਤੀ ਹੈ ਜਿਸ ਵਿਚ ਜ਼ਰਾ ਜਿੰਨੀ ਦੇਰ ਹੋਣ 'ਤੇ ਵਿਅਕਤੀ ਦੀ ਜਾਨ ਚਲੀ ਜਾਂਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆਭਰ 'ਚ ਸਭ ਤੋਂ ਜ਼ਿਆਦਾ ਮੌਤਾਂ ਦਾ ਕਾਰਨ ਹਾਰਟ ਅਟੈਕ ਜਾਂ ਦਿਲ ਦੀਆਂ ਦੂਸਰੀਆਂ ਬਿਮਾਰੀਆਂ ਹੁੰਦੀਆਂ ਹਨ। ਹਾਰਟ ਅਟੈਕ ਨੂੰ ਖ਼ਤਰਨਾਕ ਬਿਮਾਰੀ ਮੰਨਿਆ ਜਾਂਦਾ ਹੈ ਕਿਉਂਕਿ ਕਈ ਵਾਰ ਇਹ ਮਰੀਜ਼ ਨੂੰ ਸੰਭਲਣ ਦਾ ਵੀ ਮੌਕਾ ਨਹੀਂ ਦਿੰਦੀ। ਪਰ ਹੁਣ ਜਲਦ ਹੀ ਹਾਰਟ ਦੇ ਮਰੀਜ਼ਾਂ ਦੀ ਜਾਨ ਬਚਾਉਣੀ ਆਸਾਨ ਹੋਵੇਗੀ। ਅਸਲ ਵਿਚ ਵਿਗਿਆਨੀਆਂ ਨੇ ਇਕ ਅਜਿਹਾ ਆਰਟੀਫਿਸ਼ੀਅਲ ਇੰਟੈਲੀਜੈਂਸ (Artificial Intelligence) ਯਾਨੀ ਏਆਈ (AI) ਤਿਆਰ ਕੀਤਾ ਹੈ, ਜੋ ਮਰੀਜ਼ ਦੇ ਦਿਲ ਦੀ ਧੜਕਨ (Heart Beat) ਦਾ ਅਧਿਐਨ ਕਰ ਕੇ ਦੱਸ ਦਿੰਦਾ ਹੈ ਕਿ ਉਸ ਨੂੰ ਹਾਰਟ ਅਟੈਕ ਜਾਂ ਹਾਰਟ ਫੇਲੀਅਰ ਕਿੰਨੇ ਸਮੇਂ ਬਾਅਦ ਆਉਣ ਵਾਲਾ ਹੈ ਜਾਂ ਇਸ ਦੀ ਕਿੰਨੀ ਸੰਭਾਵਨਾ ਹੈ। ਇਸ ਤਕਨੀਕ ਨਾਲ ਜਾਂਚ ਕਰਨ 'ਤੇ ਮਰੀਜ਼ ਦੀ ਜਾਨ ਆਸਾਨੀ ਨਾਲ ਬਚਾਈ ਜਾ ਸਕਦੀ ਹੈ।

100 ਫ਼ੀਸਦੀ ਸਟੀਕ ਜਾਣਕਾਰੀ ਦਿੰਦਾ ਹੈ ਇਹ AI

ਇਸ AI ਨੂੰ ਦੁਨੀਆ ਦੀਆਂ 3 ਵੱਡੀਆਂ ਯੂਨੀਵਰਸਿਟੀਜ਼ ਨੇ ਮਿਲ ਕੇ ਬਣਾਇਆ ਹੈ- Surrey University, Warmick Unviersity ਅਤੇ Florence Unviersity। ਇਸ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਇਸ ਦੇ ਅਧਿਐਨ ਬਾਰੇ ਜਾਣਕਾਰੀ Biomedical Signal Procesing and Control ਨਾਂ ਦੇ ਜਰਨਲ 'ਚ ਛਾਪੀ ਗਈ ਹੈ। ਜਰਨਲ 'ਚ ਛਪੇ ਨਵੇਂ ਅਧਿਐਨ ਅਨੁਸਾਰ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਡਾਕਟਰ ਹਾਰਟ ਦੇ ਮਰੀਜ਼ਾਂ ਦੀ ਜਾਂਚ ਕਰ ਕੇ ਦਿਲ ਦੀ ਸਥਿਤੀ ਜਾਣ ਸਕਦੇ ਹਨ ਅਤੇ ਇਹ ਵੀ ਜਾਣ ਸਕਦੇ ਹਨ ਕਿ ਉਸ ਨੂੰ ਕਦੋਂ ਹਾਰਟ ਫੇਲ੍ਹ (Heart Failure) ਹੋਣ ਦਾ ਖਦਸ਼ਾ ਹੈ। ਖ਼ਾਸ ਗੱਲ ਇਹ ਹੈ ਕਿ ਅਧਿਐਨ ਅਨੁਸਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਤੋਂ ਮਿਲੀ ਜਾਣਕਾਰੀ 100 ਫ਼ੀਸਦੀ ਸਟੀਕ ਸਾਬਿਤ ਹੋਈ ਹੈ।

ਸਿਰਫ਼ 1 ਧੜਕਨ ਦੀ ਜਾਂਚ ਕਰ ਕੇ ਦੱਸ ਦੇਵੇਗਾ ਨਤੀਜਾ

ਰਿਸਰਚ ਅਨੁਸਾਰ ਇਨ੍ਹਾਂ ਯੂਨੀਵਰਸਿਟੀਜ਼ ਵਲੋਂ ਤਿਆਰ ਕੀਤਾ ਗਿਆ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਜੈਸਟਿਵ ਹਾਰਟ ਫੇਲੀਅਰ (Congestive Heart Failure) ਨੂੰ ਤੁਰੰਤ ਅਤੇ ਸਟੀਕਤਾ ਨਾਲ ਫੜ ਸਕਦਾ ਹੈ, ਉਹ ਵੀ ਸਿਰਫ਼ 1 ਹਾਰਟ ਬੀਟ ਦੀ ਜਾਂਚ ਕਰ ਕੇ। ਕੰਜੈਸਟਿਵ ਹਾਰਟ ਫੇਲੀਅਰ ਇਕ ਅਜਿਹੀ ਸਮੱਸਿਆ ਹੈ ਜਿਹੜੀ ਹੌਲੀ-ਹੌਲੀ ਵਧਦੀ ਤੇ ਸਰੀਰ 'ਚ ਖ਼ੂਨ ਦੇ ਪ੍ਰਵਾਹ (Blood Circulation) ਨੂੰ ਪ੍ਰਭਾਵਿਤ ਕਰਦੀ ਹੈ। ਜਿਉਂ-ਜਿਉਂ ਇਹ ਬਿਮਾਰੀ ਵਧਦੀ ਜਾਂਦੀ ਹੈ, ਵਿਅਕਤੀ ਦੇ ਦਿਲ ਤਕ ਖ਼ੂਨ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਇਕ ਦਿਨ ਉਸ ਨੂੰ ਹਾਰਟ ਅਟੈਕ ਜਾਂ ਹਾਰਟ ਫੇਲੀਅਰ ਹੋ ਜਾਂਦਾ ਹੈ। ਜੇਕਰ ਇਸ AI ਦੀ ਮਦਦ ਨਾਲ ਹੁਣ ਇਸ ਗੱਲ ਨੂੰ ਜਾਣਨਾ ਆਸਾਨ ਹੋ ਜਾਵੇਗਾ ਕਿ ਮਰੀਜ਼ ਨੂੰ ਕਿੰਨੇ ਸਮੇਂ ਬਾਅਦ ਹਾਰਟ ਫੇਲੀਅਰ ਹੋ ਸਕਦਾ ਹੈ।

ਸਸਤੀ ਤੇ ਆਸਾਨ ਹੋ ਜਾਵੇਗੀ ਰੋਗਾਂ ਦੀ ਜਾਂਚ

ਭਵਿੱਖ 'ਚ ਏਆਈ (AI) ਰਾਹੀਂ ਰੋਗਾਂ ਦੀ ਜਾਂਚ ਕਰਨੀ ਜ਼ਿਆਦਾ ਆਸਾਨ ਹੋ ਜਾਵੇਗੀ ਅਤੇ ਮਰੀਜ਼ਾਂ ਦੀ ਜਾਨ ਆਸਾਨੀ ਨਾਲ ਬਚਾਈ ਜਾ ਸਕੇਗੀ। ਇਸ ਦਾ ਕਾਰਨ ਇਹ ਹੈ ਕਿ ਅੱਜਕਲ੍ਹ ਕਿਸੇ ਰੋਗ ਦਾ ਪਤਾ ਲਗਾਉਣ ਲਈ ਜਿਨ੍ਹਾਂ ਜਾਂਚਾਂ (Tests) ਦਾ ਸਹਾਰਾ ਲਿਆ ਜਾਂਦਾ ਹੈ, ਉਨ੍ਹਾਂ ਤੋਂ ਰਿਜ਼ਲਟ ਮਿਲਣ 'ਚ ਸਮਾਂ ਲੱਗਦਾ ਹੈ। ਕਈ ਰੋਗ ਅਜਿਹੇ ਵੀ ਹਨ ਜਿਨ੍ਹਾਂ ਦੇ ਟੈਸਟ ਦੇ ਨਤੀਜੇ 2-3 ਦਿਨਾਂ ਬਾਅਦ ਮਿਲਦੇ ਹਨ। ਇਸ ਤੋਂ ਇਲਾਵਾ ਇਹ ਬਹੁਤ ਮਹਿੰਗੇ ਵੀ ਪੈਂਦੇ ਹਨ ਜਦਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਇਨ੍ਹਾਂ ਬਿਮਾਰੀਆਂ ਦਾ ਪਤਾ 1 ਮਿੰਟ ਤੋਂ ਵੀ ਘੱਟ ਸਮੇਂ 'ਚ ਲਗਾਇਆ ਜਾ ਸਕਦਾ ਹੈ ਤੇ ਜ਼ਿਆਦਾ ਤੋਂ ਜ਼ਿਆਦਾ ਸਟੀਕ ਜਾਣਕਾਰੀ ਦੇ ਸਕਦੇ ਹਨ।

Posted By: Seema Anand