ਵਾਸ਼ਿੰਗਟਨ (ਪੀਟੀਆਈ) : ਵਿਗਿਆਨਕਾਂ ਨੇ ਮਾਸਕ ਦੀ ਗੁਣਵੱਤਾ ਦਾ ਪਤਾ ਲਗਾਉਣ ਦੀ ਇਕ ਕਿਫ਼ਾਇਤੀ ਤਕਨੀਕ ਖੋਜੀ ਹੈ। ਇਸ ਤੋਂ ਇਹ ਪਤਾ ਚੱਲਿਆ ਹੈ ਕਿ ਐੱਨ95 ਸਮੇਤ ਕੱਪੜੇ ਦਾ ਮਾਸਕ ਵੀ ਖਾਂਸੀ ਅਤੇ ਛਿੱਕਣ ਦੌਰਾਨ ਨਿਕਲਣ ਵਾਲੇ ਡ੍ਰਾਪਲੈੱਟਸ (ਜਿਨ੍ਹਾਂ ਵਿਚ ਕੋਰੋਨਾ ਵਾਇਰਸ ਦੇ ਕਣ ਹੋ ਸਕਦੇ ਹਨ) ਨੂੰ ਰੋਕਣ ਵਿਚ ਸਮਰੱਥ ਹੈ।

ਜਰਨਲ 'ਸਾਇੰਸ ਐਡਵਾਂਸਿਜ' ਵਿਚ ਪ੍ਰਕਾਸ਼ਿਤ ਇਹ ਤਕਨੀਕ ਫਿਲਹਾਲ ਆਰੰਭਿਕ ਪੜਾਅ ਵਿਚ ਹੈ ਅਤੇ ਇਸ ਦਾ ਬਹੁਤ ਹੀ ਸੀਮਤ ਦਾਇਰੇ ਵਿਚ ਤਜਰਬਾ ਕੀਤਾ ਗਿਆ ਹੈ। ਅਮਰੀਕਾ ਦੀ ਡਿਊਕ ਯੂਨੀਵਰਸਿਟੀ ਦੇ ਖੋਜੀਆਂ ਅਨੁਸਾਰ ਸ਼ੁਰੂਆਤੀ ਸਿੱਟੇ ਦੱਸਦੇ ਹਨ ਕਿ ਐੱਨ95 ਮਾਸਕ, ਸਰਜੀਕਲ ਜਾਂ ਪਾਲੀਪ੍ਰਰੋਪਾਈਲੀਨ ਮਾਸਕ ਅਤੇ ਕੱਪੜੇ ਦੇ ਮਾਸਕ ਬੋਲਣ ਦੌਰਾਨ ਛੋਟੀਆਂ ਬੂੰਦਾਂ ਨੂੰ ਰੋਕਣ ਵਿਚ ਸਮਰੱਥ ਹਨ। ਅਧਿਐਨ ਵਿਚ ਖੋਜੀਆਂ ਨੇ 14 ਅਲੱਗ-ਅਲੱਗ ਪ੍ਰਕਾਰ ਦੇ ਮਾਸਕ ਦਾ ਤਜਰਬਾ ਕੀਤਾ। ਅਧਿਐਨ ਦੌਰਾਨ ਮਾਸਕ ਪਾ ਕੇ ਚਾਰ ਲੋਕਾਂ ਨੂੰ ਹਨੇਰੇ ਵਿਚ ਖੜ੍ਹਾ ਕੀਤਾ ਗਿਆ।

ਇਸ ਪਿੱਛੋਂ ਇਨ੍ਹਾਂ ਲੋਕਾਂ ਨੇ 'ਸਿਹਤਮੰਦ ਰਹਿਣ ਲੋਕ' ਵਾਕ ਦਾ ਪੰਜ ਵਾਰ ਲੇਜ਼ਰ ਬੀਮ ਦੀ ਦਿਸ਼ਾ ਵਿਚ ਉਚਾਰਨ ਕੀਤਾ। ਇਸ ਲੇਜ਼ਰ ਬੀਮ ਦੀ ਖ਼ਾਸੀਅਤ ਇਹ ਸੀ ਕਿ ਬੋਲਣ ਦੌਰਾਨ ਛੱਡੀਆਂ ਗਈਆਂ ਡ੍ਰਾਪਲੈੱਟਸ 'ਤੇ ਇਹ ਰੋਸ਼ਨੀ ਬਿਖੇਰਦਾ ਸੀ। ਇਕ ਸੈੱਲਫੋਨ ਕੈਮਰੇ ਨੇ ਬੂੰਦਾਂ ਨੂੰ ਰਿਕਾਰਡ ਕੀਤਾ ਅਤੇ ਕੰਪਿਊਟਰ ਐਲਗੋਰਿਥਮ ਨੇ ਉਨ੍ਹਾਂ ਨੂੰ ਗਿਣਿਆ। ਖੋਜੀਆਂ ਨੇ ਸਿੱਟੇ ਦੇ ਆਧਾਰ 'ਤੇ ਦੱਸਿਆ ਕਿ ਬਿਨਾਂ ਵਾਲਵ ਵਾਲਾ ਐੱਨ95 ਮਾਸਕ ਡ੍ਰਾਪਲੈੱਟਸ ਨੂੰ ਸਭ ਤੋਂ ਚੰਗੀ ਤਰ੍ਹਾਂ ਨਾਲ ਰੋਕਦਾ ਹੈ। ਹਾਲਾਂਕਿ ਸਰਜੀਕਲ, ਪਾਲੀਪ੍ਰੋਪਾਈਲੀਨ ਅਤੇ ਕੱਪੜੇ ਦੇ ਮਾਸਕ ਵੀ ਪ੍ਰਭਾਵੀ ਹਨ।

ਦਿਮਾਗ਼ ਦੀ ਕਾਰਜ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ ਮੋਟਾਪਾ

ਨਿਊਯਾਰਕ (ਪੀਟੀਆਈ) : ਹਾਲ ਹੀ ਵਿਚ ਬ੍ਰੇਨ ਇਮੇਜ਼ਿੰਗ ਸਟੱਡੀ ਤੋਂ ਇਸ ਗੱਲ ਦਾ ਪਤਾ ਚੱਲਿਆ ਹੈ ਕਿ ਮੋਟਾਪਾ ਨਾ ਕੇਵਲ ਦਿਮਾਗ਼ ਦੀ ਕਾਰਜ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਇਸ ਨਾਲ ਖ਼ੂਨ ਦੇ ਪ੍ਰਵਾਹ ਵਿਚ ਵੀ ਕਮੀ ਆਉਂਦੀ ਹੈ। ਇਹ ਸਟੱਡੀ ਜਰਨਲ 'ਅਲਜ਼ਾਈਮਰ ਡਿਜ਼ੀਜ਼' 'ਚ ਪ੍ਰਕਾਸ਼ਿਤ ਹੋਈ ਹੈ। ਦਿਮਾਗ਼ ਦੇ ਕੰਮਕਾਜ ਨਾਲ ਮੋਟਾਪੇ ਨੂੰ ਜੋੜਨ ਵਾਲੇ ਸਭ ਤੋਂ ਵੱਡੇ ਅਧਿਐਨਾਂ ਵਿੱਚੋਂ ਇਕ ਵਿਚ ਵਿਗਿਆਨਕਾਂ ਨੇ 35 ਹਜ਼ਾਰ ਫੰਕਸ਼ਨਲ ਨਿਊਰੋ ਇਮੇਜ਼ਿੰਗ ਸਕੈਨ ਦਾ ਵਿਸ਼ਲੇਸ਼ਣ ਕੀਤਾ। ਦਿਮਾਗ਼ ਵਿਚ ਖ਼ੂਨ ਦਾ ਘੱਟ ਪ੍ਰਵਾਹ ਇਸ ਗੱਲ ਦਾ ਸੂਚਕ ਹੈ ਕਿ ਵਿਅਕਤੀ ਵਿਚ ਅਲਜ਼ਾਈਮਰ ਰੋਗ ਵਿਕਸਤ ਹੋ ਰਿਹਾ ਹੈ। ਅਧਿਐਨ ਦੇ ਮੁੱਖ ਲੇਖਕ ਅਤੇ ਏਮੇਨ ਕਲੀਨਿਕ ਦੇ ਸੰਸਥਾਪਕ ਡੈਨੀਅਲ ਜੀ ਨੇ ਕਿਹਾ ਕਿ ਇਹ ਅਧਿਐਨ ਦੱਸਦਾ ਹੈ ਕਿ ਅਧਿਕ ਵਜ਼ਨ ਅਤੇ ਮੋਟਾਪੇ ਨਾਲ ਦਿਮਾਗ਼ ਦੀ ਗਤੀਵਿਧੀ 'ਤੇ ਗੰਭੀਰ ਪ੍ਰਭਾਵ ਪੈਂਦਾ ਹੈ ਅਤੇ ਇਸ ਨਾਲ ਅਲਜ਼ਾਈਮਰ ਦੇ ਨਾਲ-ਨਾਲ ਹੋਰ ਮਨੋਰੋਗਾਂ ਦਾ ਖ਼ਤਰਾ ਵੱਧ ਜਾਂਦਾ ਹੈ। ਇਹ ਅਧਿਐਨ ਅਮਰੀਕਾ ਦੇ ਮਾਨਸਿਕ ਅਤੇ ਕਾਗਨੀਟਿਵ ਹੈਲਥ ਲਈ ਚਿੰਤਾਜਨਕ ਹੈ ਕਿਉਂਕਿ ਉੱਥੇ 72 ਫ਼ੀਸਦੀ ਲੋਕਾਂ ਦਾ ਵਜ਼ਨ ਮਾਨਕ ਤੋਂ ਜ਼ਿਆਦਾ ਹੈ। ਇਨ੍ਹਾਂ ਵਿਚ 42 ਫ਼ੀਸਦੀ ਲੋਕ ਮੋਟੇ ਹਨ।