ਵਾਸ਼ਿੰਗਟਨ (ਏਐੱਨਆਈ) : ਸਰੀਰ ਨੂੰ ਬੈਕਟੀਰੀਆ ਇਨਫੈਕਸ਼ਨ ਤੋਂ ਬਚਾਉਣ ਲਈ ਵਿਗਿਆਨੀਆਂ ਨੇ ਟਾਰਿਨ ਨਾਂ ਦੇ ਇਕ ਪੋਸ਼ਕ ਤੱਤ ਦੀ ਪਛਾਣ ਕੀਤੀ ਹੈ। ਇਹ ਨਾ ਕੇਵਲ ਅੰਤੜੀ ਨੂੰ ਇਨਫੈਕਸ਼ਨ ਤੋਂ ਬਚਾਉਂਦਾ ਹੈ ਸਗੋਂ ਕਲੇਬਸਿਏਲਾ ਨਿਮੋਨੀਆ ਵਰਗੇ ਹਮਲਾਵਰ ਬੈਕਟੀਰੀਆ ਨੂੰ ਵੀ ਮਾਰਦਾ ਹੈ।

ਇਹ ਅਧਿਐਨ ਜਰਨਲ ਸੇਲ ਵਿਚ ਪ੍ਰਕਾਸ਼ਿਤ ਹੋਇਆ ਹੈ ਅਤੇ ਪੋਸ਼ਕ ਤੱਤ ਦੀ ਪਛਾਣ ਕਰਨ ਵਿਚ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਪੰਜ ਵਿਗਿਆਨੀਆਂ ਨੇ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਅੰਤੜੀ ਵਿਚ ਮੌਜੂਦ ਮਾਈਕ੍ਰੋਬਾਓਟਾ ਬੈਕਟੀਰੀਆ ਦੇ ਇਨਫੈਕਸ਼ਨ ਤੋਂ ਬਚਾ ਸਕਦੇ ਹਨ ਪ੍ਰੰਤੂ ਇਸ ਬਾਰੇ ਵਿਚ ਬਹੁਤ ਘੱਟ ਹੀ ਲੋਕ ਜਾਣਦੇ ਹਨ ਕਿ ਇਹ ਕਿਵੇਂ ਸੁਰੱਖਿਆ ਪ੍ਰਦਾਨ ਕਰਦੇ ਹਨ। ਦੱਸਣਯੋਗ ਹੈ ਕਿ ਮਾਈਕ੍ਰੋਬਾਓਟਾ ਨਾ ਕੇਵਲ ਸਾਡੇ ਪਾਚਨ ਤੰਤਰ ਨੂੰ ਸਿਹਤਮੰਦ ਰੱਖਦੇ ਹਨ ਸਗੋਂ ਪੂਰੇ ਸਰੀਰ ਦੀ ਸਿਹਤ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਧਰ, ਇਨ੍ਹਾਂ ਦੇ ਅਸਾਧਾਰਨ ਹੋਣ 'ਤੇ ਪਾਚਣ ਅਤੇ ਹੋਰ ਗੰਭੀਰ ਰੋਗ ਪੈਦਾ ਹੋਣ ਲੱਗਦੇ ਹਨ।

ਵਿਗਿਆਨੀ ਐਂਟੀਬਾਇਓਟਿਕ ਦਵਾਈਆਂ ਦੀ ਵੱਧਦੀ ਵਰਤੋਂ ਦੇ ਬਦਲ ਦੇ ਤੌਰ 'ਤੇ ਮਾਈਕ੍ਰੋਬਾਓਟਾ ਦਾ ਅਧਿਐਨ ਕਰ ਰਹੇ ਹਨ ਕਿਉਂਕਿ ਇਹ ਦਵਾਈਆਂ ਨਾ ਕੇਵਲ ਇਨ੍ਹਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਸਗੋਂ ਘੱਟ ਪ੍ਰਭਾਵੀ ਵੀ ਹੁੰਦੀਆਂ ਹਨ। ਇਸ ਦੇ ਪਿੱਛੇ ਵੱਡਾ ਕਾਰਨ ਇਹ ਹੈ ਕਿ ਬੈਕਟੀਰੀਆ 'ਤੇ ਦਵਾਈਆਂ ਦਾ ਪ੍ਰਭਾਵ ਬਹੁਤ ਦੇਰੀ ਨਾਲ ਹੁੰਦਾ ਹੈ। ਖੋਜ ਦੌਰਾਨ ਵਿਗਿਆਨੀਆਂ ਨੇ ਡੈਲਟਾਪ੍ਰਰੋਟੋ ਬੈਕਟੀਰੀਆ ਨਾਮਕ ਬੈਕਟੀਰੀਆ ਦੇ ਇਕ ਵਰਗ ਦੀ ਪਛਾਣ ਕੀਤੀ ਜੋ ਇਨਫੈਕਸ਼ਨ ਨਾਲ ਲੜਨ ਵਿਚ ਕਾਰਗਰ ਹੈ। ਅੱਗੇ ਦੇ ਵਿਸ਼ਲੇਸ਼ਣ ਨੇ ਉਨ੍ਹਾਂ ਨੂੰ ਡੈਲਟਾਪ੍ਰਰੋਟੋ ਬੈਕਟੀਰੀਆ ਗਤੀਵਿਧੀ ਦੇ ਟਿਸ਼ੂ ਦੇ ਤੌਰ 'ਤੇ ਟਾਰਿਨ ਦੀ ਪਛਾਣ ਕਰਨ ਲਈ ਪ੍ਰਰੇਰਿਤ ਕੀਤਾ।

ਟਾਰਿਨ ਸਰੀਰ ਵਿਚ ਮੌਜੂਦ ਚਰਬੀ ਅਤੇ ਤੇਲ ਨੂੰ ਪਛਾਣਨ ਵਿਚ ਮਦਦ ਕਰਦਾ ਹੈ ਅਤੇ ਅੰਤੜੀ ਵਿਚ ਮੌਜੂਦ ਬਾਇਲ ਐਸਿਡ ਵਿਚ ਪਾਇਆ ਜਾਂਦਾ ਹੈ। ਜ਼ਹਿਰੀਲੀ ਗੈਸ ਹਾਈਡ੍ਰੋਜਨ ਸਲਫਾਈਡ ਟਾਰਿਨ ਦਾ ਬਾਇਓਪ੍ਰਰੋਡਕਟ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਟਾਰਿਨ ਦੀ ਮਾਤਰਾ ਘੱਟ ਹੈ ਤਾਂ ਇਨਫੈਕਸ਼ਨ ਦੀ ਗੁੰਜਾਇਸ਼ ਰਹਿੰਦੀ ਹੈ ਪ੍ਰੰਤੂ ਜੇਕਰ ਇਸ ਦੀ ਮਾਤਰਾ ਜ਼ਿਆਦਾ ਹੈ ਤਾਂ ਇਸ ਤੋਂ ਨਿਕਲਣ ਵਾਲੀ ਹਾਈਡ੍ਰੋਜਨ ਸਲਫਾਈਡ ਇਨਫੈਕਸ਼ਨ ਤੋਂ ਬਚਾਉਂਦੀ ਹੈ।