ਨਵੀਂ ਦਿੱਲੀ (ਪੀਟੀਆਈ) : ਅਨਲਾਕ-3 ਤਹਿਤ ਪੰਜ ਅਗਸਤ ਤੋਂ ਖੁੱਲ੍ਹਣ ਜਾ ਰਹੇ ਜਿਮ ਤੇ ਯੋਗ ਸੰਸਥਾਵਾਂ ਲਈ ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਜਿਨ੍ਹਾਂ ਦੀ ਉਨ੍ਹਾਂ ਨੂੰ ਪਾਲਣਾ ਕਰਨੀ ਪਵੇਗੀ। ਮਿਸਾਲ ਵਜੋਂ ਸਿਰਫ਼ ਬਿਨਾਂ ਲੱਛਣ ਵਾਲੇ ਲੋਕਾਂ ਨੂੰ ਹੀ ਦਾਖ਼ਲ ਹੋਣ ਦੀ ਪ੍ਰਵਾਨਗੀ ਮਿਲੇਗੀ, ਸਰੀਰਕ ਦੂਰੀ ਦੀ ਪਾਲਣਾ ਕੀਤੀ ਜਾਵੇਗੀ, ਅਰੋਗਿਆ ਸੇਤੂ ਐਪ ਦੀ ਵਰਤੋਂ ਯਕੀਨੀ ਕੀਤੀ ਜਾਵੇਗੀ ਤੇ ਜਿੱਥੋਂ ਤਕ ਸੰਭਵ ਹੋ ਸਕੇ ਕਸਰਤ ਕਰਨ ਵੇਲੇ ਫੇਸ ਸ਼ੀਲਡ ਪਾਉਣੀ ਪਵੇਗੀ।

ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੰਟੇਨਮੈਂਟ ਜ਼ੋਨਾਂ 'ਚ ਸਥਿਤ ਸਾਰੀਆਂ ਯੋਗ ਸੰਸਥਾਵਾਂ ਤੇ ਜਿਮ ਬੰਦ ਰਹਿਣਗੇ, ਸਿਰਫ਼ ਇਨ੍ਹਾਂ ਜ਼ੋਨਾਂ ਤੋਂ ਬਾਹਰ ਸਥਿਤ ਜਿਮ ਤੇ ਯੋਗ ਸੰਸਥਾਵਾਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਹੋਵੇਗੀ। ਸਪਾ, ਸਟੀਮ ਬਾਥ ਤੇ ਸਵਿਮਿੰਗ ਪੂਲ ਬੰਦ ਰਹਿਣਗੇ। ਦਿਸ਼ਾ-ਨਿਰਦੇਸ਼ਾਂ ਵਿਚ ਉਪਕਰਨਾਂ ਨੂੰ ਰੱਖਣ ਸਮੇਤ ਕੰਪਲੈਕਸ ਦੀ ਰੀ-ਡੀਜ਼ਾਇਨਿੰਗ ਤੇ ਪ੍ਰਕਿਰਿਆ ਬਾਰੇ ਦੱਸਿਆ ਗਿਆ ਹੈ। ਯੋਗ ਸੰਸਥਾਵਾਂ ਤੇ ਜਿਮਾਂ ਨੂੰ ਪ੍ਰਤੀ ਵਿਅਕਤੀ ਚਾਰ ਵਰਗ ਮੀਟਰ ਸਥਾਨ ਅਨੁਸਾਰ ਯੋਜਨਾ ਬਣਾਉਣ ਲਈ ਕਿਹਾ ਗਿਆ ਹੈ। 65 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀ, ਰੋਗੀ ਵਿਅਕਤੀ, ਗਰਭਵਤੀ ਔਰਤਾਂ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬੰਦ ਸਥਾਨਾਂ ਵਿਚ ਸਥਿਤ ਜਿਮ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।

ਦਿਸ਼ਾ-ਨਿਰਦੇਸ਼ਾਂ ਮੁਤਾਬਕ ਅਜਿਹੇ ਸਾਰੇ ਸਥਾਨਾਂ ਦੇ ਪ੍ਰਵੇਸ਼ ਦੁਆਰ 'ਤੇ ਹੈਂਡ ਸੈਨੇਟਾਈਜ਼ਰ ਤੇ ਥਰਮਲ ਸਕਰੀਨਿੰਗ ਦੀ ਵਿਵਸਥਾ ਹੋਣੀ ਜ਼ਰੂਰੀ ਹੈ। ਮਾਸਕ ਜਾਂ ਫੇਸ ਕਵਰ ਪਹਿਨੇ ਵਿਅਕਤੀ ਨੂੰ ਹੀ ਦਾਖ਼ਲ ਹੋਣ ਦਿੱਤਾ ਜਾਵੇਗਾ। ਜਿਮ ਵਿਚ ਉਪਕਰਨਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਵਿਅਕਤੀ ਦੀ ਮਧਿਅਮ ਉਂਗਲ ਨੂੰ ਅਲਕੋਹਲ ਨਾਲ ਸੈਨੇਟਾਈਜ਼ ਕਰ ਕੇ ਪਲਸ ਆਕਸੀਮੀਟਰ ਨਾਲ ਉਸ ਦੇ ਆਕਸੀਜਨ ਸੇਚੁਰੇਸ਼ਨ ਦੀ ਜਾਂਚ ਕੀਤੀ ਜਾਵੇਗੀ। ਜਿਨ੍ਹਾਂ ਦਾ ਆਕਸੀਜਨ ਸੇਚੁਰੇਸ਼ਨ 95 ਫ਼ੀਸਦੀ ਤੋਂ ਘੱਟ ਹੋਵੇਗਾ ਉਸ ਨੂੰ ਕਸਰਤ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਣੀ ਚਾਹੀਦੀ। ਨਾਲ ਹੀ ਕੇਂਦਰ/ਸੂਬਾ ਹੈਲਪਲਾਈਨ/ਐਂਬੂਲੈਂਸ ਨੂੰ ਫੋਨ ਕਰ ਕੇ ਉਸ ਨੂੰ ਨਜ਼ਦੀਕੀ ਹਸਪਤਾਲ ਭੇਜਿਆ ਜਾਵੇਗਾ।

ਦਿਸ਼ਾ-ਨਿਰਦੇਸ਼ਾਂ 'ਚ ਸਰੀਰਕ ਦੂਰੀ ਦੀ ਪਾਲਣਾ ਯਕੀਨੀ ਕਰਨ ਲਈ ਜਿਮ ਤੇ ਯੋਗ ਸੰਸਥਾਵਾਂ ਦੇ ਮੈਂਬਰਾਂ ਲਈ ਵੱਖ-ਵੱਖ ਸਮਾਂ ਨਿਰਧਾਰਤ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਯੋਗ ਸੰਸਥਾਵਾਂ ਵਿਚ ਜੁੱਤੀਆਂ-ਚੱਪਲਾਂ ਕੰਪਲੈਕਸ ਦੇ ਬਾਹਰ ਹੀ ਲਾਹੁਣੀਆਂ ਪੈਣਗੀਆਂ। ਨਾਲ ਹੀ ਸਾਰੇ ਮੈਂਬਰਾਂ ਤੇ ਵਿਜ਼ਟਰਾਂ ਦੇ ਆਉਣ ਜਾਣ ਦਾ ਸਮਾਂ, ਉਨ੍ਹਾਂ ਦਾ ਨਾਂ-ਪਤਾ ਤੇ ਫੋਨ ਨੰਬਰਾਂ ਦਾ ਰਿਕਾਰਡ ਵੀ ਰੱਖਣਾ ਪਵੇਗਾ। ਦਿਸ਼ਾ-ਨਿਰਦੇਸ਼ਾਂ ਵਿਚ ਕਾਰਡ ਆਧਾਰਿਤ ਜਾਂ ਸੰਪਰਕ ਰਹਿਤ ਭੁਗਤਾਨ ਨੂੰ ਉਤਸ਼ਾਹਿਤ ਕਰਨ ਦਾ ਵੀ ਸੱਦਾ ਦਿੱਤਾ ਗਿਆ ਹੈ। ਏਸੀ ਤੇ ਵੈਂਟੀਲੇਸ਼ਨ ਦੇ ਸਬੰਧ 'ਚ ਸੀਪੀਡਬਲਿਊ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।

Posted By: Jagjit Singh