ਵੇਸਣ ਹਰ ਘਰ 'ਚ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਨਾਲ ਪਕੌੜੇ, ਸਬਜ਼ੀ ਤੇ ਮਠਿਆਈ ਆਦਿ ਬਣਾਈ ਜਾਂਦੀ ਹੈ। \ਇਸ ਦੀ ਖਾਣੇ 'ਚ ਹੀ ਨਹੀਂ ਸਗੋਂ ਸੁੰਦਰਤਾ ਲਈ ਵੀ ਵਰਤੋਂ ਕੀਤੀ ਜਾਂਦੀ ਹੈ। ਚਿਹਰੇ 'ਤੇ ਵੇਸਣ ਲਗਾਉਣ ਨਾਲ ਚਿਹਰੇ ਦੀ ਚਮੜੀ ਸਾਫ਼ ਤੇ ਕੋਮਲ ਹੁੰਦੀ ਹੈ। ਆਓ, ਜਾਣਦੇ ਹਾਂ ਵੇਸਣ ਦੇ ਫ਼ਾਇਦੇ :

ਤੇਲ ਯੁਕਤ ਚਮੜੀ : ਕੁਝ ਲੋਕਾਂ ਦੇ ਚਿਹਰੇ ਦੀ ਚਮੜੀ ਬਹੁਤ ਤੇਲ ਵਾਲੀ ਹੁੰਦੀ ਹੈ, ਜਿਸ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦ ਕਦੇ ਉਹ ਬਾਹਰ ਜਾਂਦੇ ਤਾਂ ਤੇਲੀਆ ਚਮੜੀ ਕਾਰਨ ਚਿਹਰੇ ਉੱਪਰ ਧੂੜ-ਮਿੱਟੀ ਜੰਮ ਜਾਂਦੀ, ਚਮੜੀ ਕਾਲੀ ਲਗਦੀ ਹੈ, ਪਸੀਨਾ ਜ਼ਿਆਦਾ ਆਉਣਾ ਆਦਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵੇਸਣ ਨਾਲ ਚਿਹਰੇ ਦੀ ਚਮੜੀ 'ਚੋਂ ਵਾਧੂ ਤੇਲ ਨਿਕਲ ਜਾਂਦਾ ਹੈ।

ਟੈਨਿੰਗ : ਧੁੱਪ 'ਚ ਬਾਹਰ ਜਾਣ ਨਾਲ ਚਿਹਰੇ 'ਤੇ ਟੈਨਿੰਗ ਹੋ ਜਾਂਦੀ ਹੈ। ਇਸ ਲਈ ਚਿਹਰੇ 'ਤੇ ਵੇਸਣ 'ਚ ਹਲਦੀ ਤੇ ਨਿੰਬੂ ਦਾ ਰਸ ਮਿਲਾ ਕੇ ਲੇਪ ਬਣਾ ਕੇ ਲਗਾਓ।

ਦਾਗ਼-ਧੱਬੇ : ਕਈ ਵਾਰ ਚਿਹਰੇ 'ਤੇ ਫਿਨਸੀਆਂ ਹੋਣ ਕਾਰਨ ਮੂੰਹ 'ਤੇ ਦਾਗ਼-ਧੱਬੇ ਪੈ ਜਾਂਦੇ ਹਨ। ਉਨ੍ਹਾਂ ਨੂੰ ਖ਼ਤਮ ਕਰਨ ਲਈ ਵੇਸਣ 'ਚ ਦਹੀਂ ਮਿਲਾ ਕੇ ਲੇਪ ਬਣਾ ਕੇ ਲਗਾਓ। ਇਸ ਨਾਲ ਦਾਗ਼ ਸਾਫ਼ ਹੋ ਜਾਣਗੇ ਤੇ ਚਿਹਰੇ 'ਤੇ ਨਿਖ਼ਾਰ ਆਵੇਗਾ।

ਗਰਦਨ ਦਾ ਕਾਲਾਪਨ : ਗਰਦਨ ਦੇ ਕਾਲੇਪਨ ਨੂੰ ਦੂਰ ਕਰਨ ਲਈ ਵੇਸਣ 'ਚ ਹਲਦੀ ਤੇ ਨਾਰੀਅਲ ਦਾ ਤੇਲ ਮਿਲਾ ਕੇ ਲਗਾਓ। ਹਫ਼ਤੇ 'ਚ 2-3 ਵਾਰ ਇਸਤੇਮਾਲ ਕਰਨ ਨਾਲ ਕਾਲਾਪਨ ਦੂਰ ਹੋ ਜਾਵੇਗਾ। ਇਸ ਲੇਪ ਨੂੰ ਗਰਦਨ, ਕੂਹਣੀਆਂ, ਗੋਡਿਆਂ 'ਤੇ ਵੀ ਲਗਾ ਸਕਦੇ ਹੋ।

ਝੁਰੜੀਆਂ : ਉਮਰ ਵਧਣ ਨਾਲ ਚਿਹਰੇ 'ਤੇ ਝੁਰੜੀਆਂ ਪੈਣ ਲਗਦੀਆਂ ਹਨ। ਤੁਸੀਂ ਵੇਸਣ ਦਾ ਤੇਲ ਮਿਲਾ ਕੇ ਲਗਾ ਸਕਦੇ ਹੋ। ਵੇਸਣ 'ਚ ਸ਼ਹਿਦ ਤੇ ਹਲਦੀ ਮਿਲਾ ਕੇ ਲੇਪ ਚਿਹਰੇ 'ਤੇ ਲਗਾਉਣ ਨਾਲ ਚਿਹਰੇ ਦੀਆਂ ਝੁਰੜੀਆਂ 'ਤੇ ਕਾਬੂ ਪਾਇਆ ਜਾ ਸਕਦਾ ਹੈ।