ਵੈਦ ਬੀ.ਕੇ. ਸਿੰਘ - ਅੱਜ ਰੋਗ ਮਨੁੱਖ ਉੱਪਰ ਇਸ ਕਦਰ ਭਾਰੂ ਹੋ ਰਹੇ ਹਨ ਕਿ ਉਨ੍ਹਾਂ ਦਾ ਜਿਊਂਣਾ ਮੁਸ਼ਕਿਲ ਹੋ ਰਿਹਾ ਹੈ। ਛੋਟੀ ਤੋਂ ਛੋਟੀ ਬਿਮਾਰੀ ਤੋਂ ਨਿਜਾਤ ਪਾਉਣਾ ਵੀ ਕਾਫ਼ੀ ਔਖਾ ਹੋ ਗਿਆ ਹੈ। ਕਈ ਡਾਕਟਰ ਮਰੀਜ਼ਾਂ ਦਾ ਦਵਾਈਆਂ ਨਾਲ ਪੇਟ ਭਰਨ 'ਚ ਕੋਈ ਕਸਰ ਨਹੀਂ ਛਡਦੇ। ਬਹੁਤੀਆਂ ਦਵਾਈਆਂ ਬਿਨਾਂ ਲੋੜ ਤੋਂ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ। ਮਰੀਜ਼ ਨੂੰ ਲੋੜੀਂਦੀ ਮਾਤਰਾ 'ਚ ਹੀ ਦਵਾਈ ਦੇਣੀ ਚਾਹੀਦੀ ਹੈ ਤਾਂ ਕਿ ਮਰੀਜ਼ ਨੂੰ ਹੋਰ ਰੋਗ ਨਾ ਲੱਗਣ, ਕਿਉਂਕਿ ਜਿਸ ਦਵਾਈ ਦੀ ਮਰੀਜ਼ ਨੂੰ ਲੋੜ ਨਹੀਂ, ਉਹ ਦਿੰਦੇ ਰਹਿਣ ਨਾਲ ਮਰੀਜ਼ ਦੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਦੇਖਿਆ ਗਿਆ ਹੈ ਕਿ ਕਈ ਮਰੀਜ਼ਾਂ ਨੂੰ ਸਾਲਾਂ ਤੋਂ ਦਰਦ ਰੋਕੂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਲਗਾਤਾਰ ਖਾਣ ਨਾਲ ਸਰੀਰ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਮਰੀਜ਼ ਦਾ ਇਲਾਜ ਕਰਨ ਤੋਂ ਪਹਿਲਾਂ ਕਈ ਡਾਕਟਰ ਮਰੀਜ਼ ਦੀ ਇਕ ਅਹਿਮ ਬਿਮਰੀ ਵੱਲ ਧਿਆਨ ਹੀ ਨਹੀਂ ਦਿੰਦੇ, ਜਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਉਹ ਹੈ 'ਕਬਜ਼'। ਰੋਗ ਦਾ ਇਲਾਜ ਕਰਨ ਤੋਂ ਪਹਿਲਾਂ ਰੋਗੀ ਦਾ ਪੇਟ ਸਾਫ਼ ਹੋਣਾ ਜ਼ਰੂਰੀ ਹੈ।

ਆਯੁਰਵੈਦ ਦਾ ਤਰਕ ਹੈ ਕਿ ਪਹਿਲਾਂ ਰੋਗੀ ਨੂੰ ਵਿਰੇਚਨ ਦਿੱਤਾ ਜਾਵੇ ਅਰਥਾਤ ਅੰਤੜੀਆਂ ਨੂੰ ਸਾਫ਼ ਕੀਤਾ ਜਾਵੇ। ਅੰਤੜੀਆਂ 'ਚ ਪਿਆ ਗੰਦਾ, ਮਲ-ਮੂਤਰ ਅੰਦਰ ਸੜਦਾ ਰਹਿੰਦਾ ਹੈ, ਜਿਸ ਕਰਕੇ ਗੈਸ, ਤੇਜ਼ਾਬ, ਬਦਹਜ਼ਮੀ ਆਦਿ ਵਧਦੇ ਹਨ ਤੇ ਗੰਦਾ ਖ਼ੂਨ ਵਧਦਾ ਹੈ। ਜੇ ਪੇਟ ਸਾਫ਼ ਹੋਵੇਗਾ ਤਾਂ ਖਾਧਾ-ਪੀਤਾ ਹਜ਼ਮ ਹੋ ਕੇ ਸ਼ੁੱਧ ਖ਼ੂਨ ਬਣੇਗਾ। ਤੁਹਾਡਾ ਖਾਧਾ ਪੌਸ਼ਟਿਕ ਖਾਣਾ ਤੁਹਾਡੇ ਸਰੀਰ ਨੂੰ ਚੰਗੀ ਤਾਕਤ ਦੇਵੇਗਾ। ਜੇ ਪੇਟ ਸਾਫ਼ ਨਹੀਂ ਤਾਂ ਚੰਗਾ ਖਾਧਾ-ਪੀਤਾ ਵੀ ਬੇਕਾਰ ਜਾਂਦਾ ਹੈ। ਸੋ ਅੱਜ ਪੇਟ ਨੂੰ ਸਾਫ਼, ਨਰੋਆ ਤੇ ਨਿਰੋਗ ਰੱਖਣ ਵਾਲੇ ਕੁਦਰਤ ਦੇ ਅਨਮੋਲ ਤੋਹਫੇ 'ਅਮਲਤਾਸ' ਰੁੱਖ, ਜਿਸ ਨੂੰ ਪੰਜਾਬੀ 'ਚ 'ਗਲੱਕੜ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਬਾਰੇ ਗੱਲ ਕਰਾਂਗੇ।

ਇਹ ਕੁਦਰਤ ਦੀ ਵੱਡੀ ਦੇਣ ਹੈ ਜੋ ਸਾਨੂੰ ਬਿਮਰੀਆਂ ਤੋਂ ਬਚਾਉਣ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਰੁੱਖ ਸਾਰੇ ਭਾਰਤ 'ਚ ਹੁੰਦਾ ਹੈ। ਮਾਰਚ-ਅਪ੍ਰੈਲ 'ਚ ਇਸ ਰੁੱਖ ਦੇ ਪੱਤੇ ਝੜ ਜਾਂਦੇ ਹਨ ਤੇ ਨਾਲੋ-ਨਾਲ ਨਵੇਂ ਪੱਤੇ ਆ ਜਾਂਦੇ ਹਨ, ਫਿਰ ਫਲੀਆਂ ਲਗਦੀਆਂ ਹਨ। ਫਲੀਆਂ ਪੱਕ ਕੇ ਬਹੁਤ ਸਮਾਂ ਰੁੱਖ 'ਤੇ ਹੀ ਲਟਕੀਆਂ ਰਹਿੰਦੀਆਂ ਹਨ। ਪੱਤੇ ਲਗਪਗ ਗੋਲਾਈ 'ਚ ਹੁੰਦੇ ਹਨ, ਜਦਕਿ ਇਹ ਰੁੱਖ ਫੁੱਲਾਂ ਨਾਲ ਭਰਿਆ ਹੁੰਦਾ ਹੈ ਤੇ ਆਪਣੇ ਵੱਲ ਸਾਰਿਆਂ ਨੂੰ ਆਕਰਸ਼ਿਤ ਕਰਦਾ ਹੈ। ਇਸ ਨੂੰ ਪੰਜਾਬੀ ਵਿਚ 'ਗਲੱਕੜ' ਜਾਂ 'ਅਮਲਤਾਸ' ਅਤੇ ਦੇਸ਼ ਦੇ ਦੂਜੇ ਹਿੱਸਿਆਂ ਵਿਚ 'ਹੇਮਪੁਸ਼ਪ', 'ਰੇਲਚੁਟ' ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਪੁਰਾਣੇ ਬਜ਼ੁਰਗ ਇਸ ਦੀ ਜਨਮਘੁੱਟੀ ਬਣਾ ਕੇ ਬੱਚਿਆਂ ਨੂੰ ਦਿੰਦੇ ਸਨ। ਬਾਜ਼ਾਰ 'ਚ ਵਿਕ ਰਹੀ ਜਨਮਘੁੱਟੀ ਦਾ ਇਹ ਮੁੱਖ ਘਟਕ ਹੈ।

ਫ਼ਾਇਦੇ

- ਅਮਲਤਾਸ ਦੇ ਫੁੱਲ 200 ਗ੍ਰਾਮ, ਚੀਨੀ 200 ਗ੍ਰਾਮ ਦੋਵਾਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਮਸਲ ਲਵੋ। ਕੱਚ ਦੇ ਭਾਂਡੇ 'ਚ ਪਾ ਕੇ 15 ਦਿਨ ਧੁੱਪ 'ਚ ਰੱਖ ਦਿਓ। ਇਹ ਅਮਲਤਾਸ ਦੀ ਗੁਲਕੰਦ ਹੈ। ਇਕ ਚਮਚ ਰਾਤ ਨੂੰ ਦੁੱਧ ਨਾਲ ਲਵੋ, ਸਵੇਰੇ ਪੇਟ ਸਾਫ਼ ਹੋਵੇਗਾ। ਪੁਰਾਣੀ ਕਬਜ਼ 'ਚ ਜੇ ਲਗਾਤਾਰ ਇਸ ਦਾ ਸੇਵਨ ਕੀਤਾ ਜਾਵੇ ਤਾਂ ਹੌਲੀ-ਹੌਲੀ ਕਬਜ਼ ਠੀਕ ਹੋ ਜਾਂਦੀ ਹੈ। ਇਹ ਗੁਲਕੰਦ ਖਾਂਸੀ ਲਈ ਵੀ ਲਾਭਕਾਰੀ ਹੈ।

- ਪੇਟ ਦੀ ਸਫ਼ਾਈ ਲਈ ਇਸ ਦੇ 4-5 ਪੱਤੇ ਨਮਕ, ਕਾਲੀ ਮਿਰਚ ਮਿਲਾ ਕੇ ਖਾਣ ਨਾਲ ਪੇਟ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ।

- ਇਸ ਦਾ ਗੁੱਦਾ ਮੂੰਹ 'ਚ ਰੱਖਣ ਨਾਲ ਮੂੰਹ ਦੁਖਣਾ ਬੰਦ ਹੋ ਜਾਂਦਾ ਹੈ।

- ਅਮਲਤਾਸ ਦਾ ਛਿਲਕਾ, ਪੱਤੇ, ਫੁੱਲ, ਫਲ ਮੋਟੇ-ਮੋਟੇ ਕੁੱਟ ਕੇ ਪਾਣੀ 'ਚ ਭਿਉਂ ਕੇ ਰੱਖ ਦਿਓ। 5-6 ਘੰਟੇ ਮਗਰੋਂ ਪਾਣੀ ਛਾਣ ਕੇ ਨਹਾ ਲਵੋ, ਚਮੜੀ ਰੋਗ ਠੀਕ ਹੋਣਗੇ।

- ਇਸ ਦੀਆਂ 4-5 ਫਲੀਆਂ ਦੇ 25 ਗ੍ਰਾਮ ਛਿਲਕੇ ਪਾਣੀ 'ਚ ਘੋਲ ਕੇ ਛਾਣ ਕੇ ਗਰਭਵਤੀ ਨੂੰ ਦਿਓ, ਜਣੇਪੇ ਦੌਰਾਨ ਫ਼ਾਇਦੇਮੰਦ ਹੈ।

ਇਸ ਦੀ ਵਰਤੋਂ ਹੋਰ ਵੀ ਕਈ ਰੋਗਾਂ 'ਚ ਹੁੰਦੀ ਹੈ, ਜੋ ਯੋਗ ਵੈਦ, ਹਕੀਮ ਹੀ ਕਰ ਸਕਦੇ ਹਨ। ਜ਼ਿਆਦਾਤਰ ਇਸ ਦੀ ਵਰਤੋਂ ਪੇਟ ਸਾਫ਼ ਕਰਨ ਲਈ ਹੀ ਕੀਤੀ ਜਾਂਦੀ ਹੈ।

98726-10005

Posted By: Harjinder Sodhi