ਵਾਸ਼ਿੰਗਟਨ (ਏਜੰਸੀ) : ਬੀਤੇ ਕੁਝ ਸਾਲਾਂ ਵਿਚ ਆਮ ਲੋਕਾਂ ਦੀ ਜੀਵਨਸ਼ੈਲੀ ਤੇਜ਼ੀ ਨਾਲ ਬਦਲੀ ਹੈ, ਜਿਸ ਦਾ ਅਸਰ ਉਨ੍ਹਾਂ ਦੇ ਨੀਂਦ ਦੇ ਤਰੀਕੇ 'ਤੇ ਵੀ ਹੋਇਆ ਹੈ। ਦੇਰ ਤਕ ਕੰਮ ਕਰਨ ਜਾਂ ਪਾਰਟੀ ਦੇ ਸ਼ੌਕੀਨ ਲੋਕਾਂ ਨੂੰ ਜਿੱਥੇ ਸਵੇਰੇ ਛੇਤੀ ਉਠਣ ਵਿਚ ਪਰੇਸ਼ਾਨੀ ਹੁੰਦੀ ਹੈ, ਉਥੇ ਕੁਝ ਲੋਕ ਅਜਿਹੇ ਵੀ ਹਨ ਜੋ ਰਾਤ ਨੂੰ ਚਾਹੇ ਜਿੰਨੀ ਦੇਰ ਨਾਲ ਸੌਂ ਜਾਣ, ਉਨ੍ਹਾਂ ਦੀ ਨੀਂਦ ਸਵੇਰੇ ਜਲਦੀ ਖੁੱਲ੍ਹਦੀ ਹੈ। ਕਈ ਵਾਰ ਉਨ੍ਹਾਂ ਦੀ ਨੀਂਦ ਠੀਕ ਤਰ੍ਹਾਂ ਨਾਲ ਪੂਰੀ ਨਹੀਂ ਹੋ ਪਾਉਂਦੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਖਾਣ-ਪੀਣ ਜਾਂ ਰੋਜ਼ਾਨਾ ਦੀ ਜੀਵਨਸ਼ੈਲੀ ਕਾਰਨ ਇਹ ਹੋ ਰਿਹਾ ਹੈ। ਹਾਲਾਂਕਿ, ਇਸ ਵਿਚ ਜੀਨ ਦੀ ਵੀ ਅਹਿਮ ਭੂਮਿਕਾ ਹੋ ਸਕਦੀ ਹੈ। Sleep Apnea (ਸੌਂਦੇ ਸਮੇਂ ਸਾਹ ਵਿਚ ਰੁਕਾਵਟ) ਤੇ ਉਨੀਂਦਰਾ ਦੇ ਸ਼ਿਕਾਰ ਕਰੀਬ 2,400 ਮਰੀਜ਼ਾਂ ਦੇ ਅਧਿਐਨ ਕਰਨ ਤੋਂ ਬਾਅਦ ਇਹ ਦਾਅਵਾ ਕੀਤਾ ਗਿਆ। ਸੋਧਕਰਤਾਵਾਂ ਅਨੁਸਾਰ ਆਮ ਤੌਰ 'ਤੇ ਨੀਂਦ ਦਾ ਚੱਕਰ (Sleep Cycle) ਤਿੰਨ ਤਰ੍ਹਾਂ ਦਾ ਹੁੰਦਾ ਹੈ। ਪਹਿਲਾਂ, ਜਿਸ ਵਿਚ ਵਿਅਕਤੀ ਛੇਤੀ ਸੌਂਦਾ ਹੈ ਅਤੇ ਸਵੇਰੇ ਜਲਦੀ ਉੱਠਦਾ ਹੈ। ਦੂਜਾ ਜਿਸ ਵਿਚ ਵਿਅਕਤੀ ਸਵੇਰੇ ਦੇਰ ਤਕ ਸੌਂਦਾ ਹੈ। ਤੀਜਾ ਜਿਸ ਵਿਚ ਵਿਅਕਤੀ ਰਾਤ ਨੂੰ ਚਾਹੇ ਕਿੰਨੀ ਵੀ ਦੇਰ ਨਾਲ ਸੁੱਤਾ ਹੋਵੇ, ਸਵੇਰੇ ਛੇਤੀ ਜਾਗ ਆਉਂਦੀ ਹੈ। ਸਾਨ ਫਰਾਂਸਿਸਕੋ ਸਥਿਤੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿਚ ਨਿਊਰੋਲਾਜੀ ਦੇ ਪ੍ਰੋ. ਲੁਈ ਜੇ ਟਾਸੇਕ ਮੁਤਾਬਕ ਦੁਨੀਆ ਵਿਚ ਲੰਬੀ ਅਤੇ ਛੋਟੀ, ਦੋਵੇਂ ਤਰ੍ਹਾਂ ਦੀ ਨੀਂਦ ਲੈਣ ਵਾਲੇ ਲੋਕਾਂ ਦੀ ਭਰਮਾਰ ਹੈ। ਕਈ ਵਾਰ ਇਸ ਦਾ ਅਸਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਵਿਅਕਤੀ ਚਾਹ ਕੇ ਵੀ ਉਸ ਵਿਚ ਬਹੁਤ ਜ਼ਿਆਦਾ ਬਦਲਾਅ ਨਹੀਂ ਕਰ ਸਕਦਾ ਹੈ।

ਜੇ ਉਸ ਨੂੰ ਸਵੇਰੇ ਛੇਤੀ ਜਾਗਣ ਦੀ ਆਦਤ ਹੈ ਤਾਂ ਉਹ ਦੋ ਘੰਟੇ ਦੀ ਨੀਂਦ ਲੈ ਕੇ ਵੀ ਸਵੇਰੇ ਛੇਤੀ ਉਠ ਜਾਵੇਗਾ। ਕਈ ਮਾਮਲਿਆਂ ਵਿਚ ਤਾਂ ਰਾਤ ਵਿਚ ਠੀਕ ਤਰ੍ਹਾਂ ਨਾਲ ਨਾ ਸੌਣ ਦੇ ਬਾਵਜੂਦ ਵਿਅਕਤੀ ਨੂੰ ਦਿਨ ਵਿਚ ਉਬਾਸੀ ਨਹੀਂ ਆਉਂਦੀ ਹੈ। ਉਹ ਇਸ ਤੋਂ ਖ਼ੁਸ਼ ਵੀ ਰਹਿੰਦੇ ਹਨ। ਹਾਲਾਂਕਿ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਸੋਧਕਰਤਾਵਾਂ ਦਾ ਕਹਿਣਾ ਹੈ ਕਿ ਨੀਂਦ ਠੀਕ ਤਰ੍ਹਾਂ ਪੂਰੀ ਨਾ ਹੋਣ ਨਾਲ ਉਸ ਨਾਲ ਭਵਿੱਖ ਵਿਚ ਅਲਜਾਈਮਰ ਦੇ ਨਾਲ ਕਈ ਸਾਰੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ।

ਸਵੇਰੇ ਛੇਤੀ ਜਾਗਣ ਨੂੰ ਸਮੱਸਿਆ ਨਹੀਂ ਮੰਨਦੇ ਲੋਕ

ਬਚਪਨ ਤੋਂ ਹੀ ਅਸੀਂ ਸਮੇਂ 'ਤੇ ਸੌਣ ਅਤੇ ਸਮੇਂ 'ਤੇ ਜਾਗਣ ਦੀ ਆਦਤ ਸਿਖਾਈ ਜਾਂਦੀ ਹੈ। ਦੇਰ ਨਾਲ ਸੌਣ ਤੋਂ ਬਾਅਦ ਸਵੇਰੇ ਛੇਤੀ ਜਾਗਣ 'ਤੇ ਕਿਸੇ ਨੂੰ ਸਜ਼ਾ ਨਹੀਂ ਬਲਕਿ ਆਮ ਤੌਰ 'ਤੇ ਸ਼ਾਬਾਸ਼ੀ ਹੀ ਮਿਲਦੀ ਹੈ। ਇਸ ਕਾਰਨ ਦੇਰ ਨਾਲ ਸੌਣ ਤੋਂ ਬਾਅਦ ਵੀ ਸਵੇਰੇ ਜਲਦੀ ਜਾਗ ਜਾਣਾ ਕਿਸੇ ਨੂੰ ਸਮੱਸਿਆ ਨਹੀਂ ਲੱਗਦਾ ਹੈ। ਹਾਲਾਂਕਿ ਕਈ ਸਾਲ ਤੱਕ ਇਹੀ ਚੱਕਰ ਜਾਰੀ ਰਹੇ ਤਾਂ ਤੁਹਾਡੀ ਨੀਂਦ ਦੀ ਮਿਆਦ ਘੱਟ ਸਕਦੀ ਹੈ। ਕਈ ਵਾਰ ਵਿਅਕਤੀ ਅੱਧੀ ਰਾਤ ਨੂੰ ਹੀ ਉਠ ਜਾਂਦਾ ਹੈ ਅਤੇ ਉਸ ਨੂੰ ਦੁਬਾਰਾ ਸੌਣ ਵਿਚ ਪਰੇਸ਼ਾਨੀ ਹੁੰਦੀ ਹੈ।

ਮੋਬਾਈਲ ਫੋਨ ਦੇ ਇਸਤੇਮਾਲ ਨਾਲ ਵੀ ਦੇਰੀ ਨਾਲ ਆਉਂਦੀ ਹੈ ਨੀਂਦ

ਉਨੀਂਦਰਾ ਦੇ ਸ਼ਿਕਾਰ ਅਤੇ ਸਵੇਰੇ ਛੇਤੀ ਜਾਗਣ ਵਾਲੇ ਲੋਕਾਂ ਨੂੰ ਅਜਿਹੇ ਤਰੀਕੇ ਅਪਣਾਉਣੇ ਚਾਹੀਦੇ ਹਨ, ਜਿਸ ਨਾਲ ਉਨ੍ਹਾਂ ਨੂੰ ਛੇਤੀ ਨੀਂਦ ਆ ਜਾਵੇ। ਮੋਬਾਈਲ ਫੋਨ ਅਤੇ ਈ-ਬੁੱਕ ਆਦਿ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਕਾਰਨ ਵੀ ਵਿਅਕਤੀ ਨੂੰ ਦੇਰ ਨਾਲ ਨੀਂਦ ਆਉਂਦੀ ਹੈ। ਇਸ ਕਾਰਨ ਸੌਣ ਤੋਂ ਪਹਿਲਾਂ ਫੋਨ ਦੇ ਇਸਤੇਮਾਲ ਤੋਂ ਬਚਣਾ ਚਾਹੀਦਾ।

ਕਸਰਤ ਤੇ ਚੰਗਾ ਭੋਜਨ ਨੀਂਦ 'ਚ ਹੁੰਦੇ ਸਹਾਇਕ

ਰੋਜ਼ਾਨਾ ਕਸਰਤ ਕਰਨ ਅਤੇ ਸੌਣ ਤੋਂ ਪਹਿਲਾਂ ਭਾਰੀ ਖਾਣ ਤੋਂ ਬਚਣਾ ਵੀ ਨੀਂਦ ਵਿਚ ਸਹਾਇਕ ਹੋ ਸਕਦਾ ਹੈ। ਜੇ ਨੀਂਦ ਅੱਧੀ ਰਾਤ ਨੂੰ ਜਾਂ ਸਵੇਰੇ ਛੇਤੀ ਖੁੱਲੇ੍ ਤਾਂ ਉਸ ਸਮੇਂ ਕੋਈ ਅਜਿਹਾ ਕੰਮ ਕਰਨਾ ਚਾਹੀਦਾ ਜਿਸ ਨਾਲ ਬੋਰੀਅਤ ਹੋਵੇ।