ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਤੋਂ ਬਚਣ ਲਈ ਵਿਦੇਸ਼ 'ਚ ਵੀ ਲੋਕ ਭਾਰਤ ਦੇ ਰਵਾਇਤੀ ਕਾੜ੍ਹੇ ਨੂੰ ਅਜਮਾ ਰਹੇ ਹਨ। ਇਸ ਕਾਰਨ ਵਸਤਾਂ ਦੀ ਕੁੱਲ ਬਰਾਮਦ 'ਚ ਗਿਰਾਵਟ ਦੇ ਬਾਵਜੂਦ ਮਸਾਲਿਆਂ ਦੀ ਬਰਾਮਦ 'ਚ ਵਾਧਾ ਹੋ ਰਿਹਾ ਹੈ। ਸਪਾਈਸ ਬੋਰਡ ਮੁਤਾਬਕ, ਇਸ ਸਾਲ ਅਪ੍ਰੈਲ-ਜੁਲਾਈ ਦੌਰਾਨ ਮਸਾਲਿਆਂ ਦੀ ਕੁੱਲ ਬਰਾਮਦ 'ਚ 10 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸੇ ਮਿਆਦ 'ਚ ਵਸਤੂਆਂ ਦੀ ਕੁੱਲ ਬਰਾਮਦ 'ਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 30 ਫ਼ੀਸਦੀ ਦੀ ਗਿਰਾਵਟ ਆਈ ਹੈ। ਬਰਾਮਦਕਾਰਾਂ ਨੇ ਦੱਸਿਆ ਕਿ ਹੋਰਨਾਂ ਵਸਤਾਂ ਦੀ ਮੰਗ 'ਚ ਭਾਰੀ ਗਿਰਾਵਟ ਹੈ ਪਰ ਭਾਰਤੀ ਮਸਾਲਿਆਂ 'ਚ ਪ੍ਰਤੀਰੋਧਕ ਸਮੱਰਥਾ ਵਧਾਉਣ ਦੇ ਗੁਣ ਹੋਣ ਕਾਰਨ ਮਸਾਲਿਆਂ ਦੀ ਮੰਗ 'ਚ ਵਾਧੇ ਦਾ ਸਿਲਸਿਲਾ ਜਾਰੀ ਹੈ। ਸਪਾਈਸ ਬੋਰਡ ਮੁਤਾਬਕ ਅਪ੍ਰੈਲ-ਜੁਲਾਈ 'ਚ ਅਦਰਕ, ਹਲਦੀ, ਜ਼ੀਰਾ ਤੇ ਧਨੀਆ ਦੀ ਬਰਾਮਦ ਮੰਗ ਹੋਰਨਾਂ ਸਾਲਾਂ ਦੇ ਮੁਕਾਬਲੇ ਜ਼ਿਆਦਾ ਰਹੀ। ਮੁੱਖ ਤੌਰ 'ਤੇ ਅਮਰੀਕਾ ਤੇ ਯੂਰਪੀ ਦੇਸ਼ਾਂ 'ਚ ਮਸਾਲਿਆਂ ਦੀ ਬਰਾਮਦ ਹੁੰਦੀ ਹੈ ਪਰ ਕੋਰਨਾ ਕਾਲ 'ਚ ਬੰਗਲਾਦੇਸ਼, ਮੋਰੱਕੋ, ਈਰਾਨ, ਮਲੇਸ਼ੀਆ ਤੇ ਚੀਨ ਵਰਗੇ ਦੇਸ਼ਾਂ ਤੋਂ ਭਾਰਤੀ ਮਸਾਲਿਆਂ ਦੀ ਮੰਗ ਆ ਰਹੀ ਹੈ।

ਅਦਰਕ ਦੀ ਬਰਾਮਦ 'ਚ 176 ਫ਼ੀਸਦੀ ਦਾ ਵਾਧਾ

ਵਿਦੇਸ਼ 'ਚ ਭਾਰਤੀ ਅਦਰਕ ਦੀ ਵੱਧਦੀ ਮੰਗ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 2019-20 'ਚ ਅਦਰਕ ਦੀ ਬਰਾਮਦ 'ਚ 2018-19 ਦੇ ਮੁਕਾਬਲੇ 176 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਵਣਜ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2019-20 'ਚ 6.57 ਕਰੋੜ ਡਾਰ ਦੇ ਅਦਰਕ ਦੀ ਬਰਾਮਦ ਕੀਤੀ ਗਈ ਜਦੋਂ ਕਿ ਇਸ ਤੋਂ ਪਹਿਲਾਂ ਦੇ ਵਿੱਤੀ ਸਾਲ 'ਚ ਇਹ 3.12 ਕਰੋੜ ਡਾਲਰ ਸੀ। ਭਾਰਤੀ ਅਦਰਕ ਦੀ ਸਭ ਤੋਂ ਵੱਧ ਮੰਗ ਅਮਰੀਕਾ 'ਚ ਹੈ।