ਨਵੀਂ ਦਿੱਲੀ : How to Increase Platelets : ਡੇਂਗੂ ਬਿਮਾਰੀ ਦੀ ਸਭ ਤੋਂ ਵੱਡੀ ਵਜ੍ਹਾ ਵਾਇਰਸ ਸੰਕ੍ਰਮਣ ਹੁੰਦੀ ਹੈ, ਇਸ ਸੰਕ੍ਰਮਣ ਦੇ ਵਾਹਕ ਹੁੰਦੇ ਹਨ ਉਹ ਮੱਛਰ ਜੋ ਮੌਨਸੂਨ ਦੌਰਾਨ ਪਾਣੀ ਜਮ੍ਹਾਂ ਹੋਣ ਕਾਰਨ ਪੈਦਾ ਹੁੰਦੇ ਹਨ। ਡੇਂਗੂ ਦੇ ਲੱਛਣਾਂ ਜ਼ਰੀਏ ਹੀ ਇਨ੍ਹਾਂ ਦੀ ਪਛਾਣ ਕੀਤੀ ਜਾ ਸਕਦੀ ਹੈ। ਇਸ ਦੇ ਲੱਛਣਾਂ 'ਤ ਸਿਰਦਰਦ, ਤੇਜ਼ ਬੁਖਾਰ, ਜੋੜਾਂ ਤੇ ਮਾਸਪੇਸ਼ੀਆਂ 'ਚ ਦਰਦ ਤੇ ਖਿੱਚ ਪੈਣੀ ਆਦਿ ਸ਼ਾਮਲ ਹਨ। ਅਜਿਹੇ ਲੱਛਣ ਦਿਸਣ 'ਤੇ ਰੋਗੀ ਨੂੰ ਤੁਰੰਤ ਡਾਕਟਰੀ ਸਲਾਹ ਨਾਲ ਖ਼ੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਡੇਂਗੂ ਬੁਖ਼ਾਰ ਦੌਰਾਨ ਰੋਗੀ ਦੇ ਸਰੀਰ 'ਚ ਪਲੇਟਲੈਟਸ ਦੀ ਮਾਤਰਾ ਲਗਾਤਾਰ ਘਟ ਹੋਣ ਲਗਦੀ ਹੈ।

ਕਿਉਂ ਖ਼ਤਰਨਾਕ ਹੈ ਪਲੇਟਲੈਟਸ ਦਾ ਘਟਣਾ

ਸਰੀਰ 'ਚ ਪਲੇਟਲੈਟਸ ਦੀ ਗਿਣਤੀ ਦਾ ਘਟ ਹੋਣਾ ਬਹੁਤ ਹੀ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਮੈਡੀਕਲ ਸਾਇੰਸ 'ਚ ਇਸ ਸਥਿਤੀ ਨੂੰ ਥ੍ਰੋਂਬੋਸਾਇਟੋਪੀਨੀਆ ਕਹਿੰਦੇ ਹਨ। ਇਸ ਦੌਰਾਨ ਸਰੀਰ 'ਚ ਥ੍ਰੋਂਬੋਸਾਇਟਸ ਯਾਨੀ ਪਲੇਟਲੈਟਸ ਦੀ ਮਾਤਰਾ ਘਟ ਜਾਂਦੀ ਹੈ। ਇਹ ਪਲੇਟਲੈਟਸ (ਥ੍ਰੋਂਬੋਸਾਇਟਸ) ਸਾਡੇ ਸਰੀਰ 'ਚ ਇਕ ਬੇਹੱਦ ਹੀ ਅਹਿਮ ਪ੍ਰਕਿਰਿਆ ਦਾ ਹਿੱਸਾ ਹੁੰਦੇ ਹਨ। ਸੱਟ ਲੱਗਣ 'ਤੇ ਖ਼ੂਨ ਵਹਿੰਦਾ ਹੈ ਪਰ ਕੁਝ ਹੀ ਦੇਰ 'ਚ ਉੱਥੇ ਇਕ ਪਰਤ ਬਣ ਜਾਂਦੀ ਹੈ ਜਿਸ ਕਾਰਨ ਖ਼ੂਨ ਵਹਿਣਾ ਰੁਕ ਜਾਂਦਾ ਹੈ। ਅਸਲ ਵਿਚ ਇਹ ਪਲੇਟਲੈਟਸ (ਥ੍ਰੋਂਬੋਸਾਇਟਸ) ਹੀ ਹੁੰਦੇ ਹਨ ਜਿਹੜੇ ਖ਼ੂਨ ਰਿਸਾਅ ਦੀ ਜਗ੍ਹਾ ਆਪਸ 'ਚ ਚਿਪਕ ਕੇ ਗਾੜ੍ਹੀ ਸਰੰਚਣਾ ਤਿਆਰ ਕਰਦੇ ਹਨ ਜਿਸ ਨੂੰ ਬਲੱਡ ਕਲਾਟਿੰਗ ਕਹਿੰਦੇ ਹਨ। ਇਸੇ ਕਾਰਨ ਸਰੀਰ 'ਤੋਂ ਜ਼ਿਆਦਾ ਖ਼ੂਨ ਨਹੀਂ ਵਹਿੰਦਾ। ਪਰ ਪਲੇਟਲੈਟਸ ਦੀ ਘਾਟ ਨਾਲ ਸੱਟ ਵਾਲੀ ਜਗ੍ਹਾ ਖ਼ੂਨ ਰਿਸਾਅ ਦੌਰਾਨ ਬਲੱਡ ਕਲਾਟਿੰਗ ਦੀ ਪ੍ਰਕਿਰਿਆ ਨਹੀਂ ਹੁੰਦੀ ਅਤੇ ਸਰੀਰ ਤੋਂ ਲਗਾਤਾਰ ਖ਼ੂਨ ਵਹਿੰਦਾ ਰਹਿੰਦਾ ਹੈ। ਲਿਹਾਜ਼ਾ ਪਲੇਟਲੈਟਸ ਦਾ ਘਟਣਾ ਬੇਹੱਦ ਖ਼ਤਰਨਾਕ ਸਾਬਿਤ ਹੋ ਸਕਦਾ ਹੈ।

ਪਲੇਟਲੈਟਸ ਵਧਾਉਣ 'ਚ ਮਦਦਗਾਰ ਹਨ ਇਹ ਚੀਜ਼ਾਂ

ਕਿਸੇ ਵੀ ਵਿਅਕਤੀ ਦੇ ਖ਼ੂਨ 'ਚ ਸਾਧਾਰਨ ਪਲੇਟਲੈਟਸ ਕਾਊਂਟ ਡੇਢ ਲੱਖ ਤੋਂ ਸਾਢੇ ਚਾਰ ਲੱਖ ਪ੍ਰਤੀ ਮਾਈਕ੍ਰੋਲਿਟਰ ਹੁੰਦਾ ਹੈ। ਜੇਕਰ ਇਹੀ ਪਲੇਟਲੈਟ ਕਾਊਂਟ ਡੇਢ ਲੱਖ ਪ੍ਰਤੀ ਮਾਇਕ੍ਰੋਲਿਟਰ ਤੋਂ ਹੇਠਾਂ ਚਲਾ ਜਾਵੇਗਾ ਤਾਂ ਉਸ ਸੂਰਤ 'ਚ ਉਸ ਨੂੰ ਲੋਅ ਪਲੇਟਲੈਟ ਕਾਊਂਟ ਮੰਨਿਆ ਜਾਂਦਾ ਹੈ। ਪਰ ਅਜਿਹੇ ਕਈ ਕੁਦਰਤੀ ਅਹਾਰ ਹਨ ਜਿਨ੍ਹਾਂ ਦੇ ਸੇਵਨ ਨਾਲ ਪਲੇਟਲੈਟ ਕਾਊਂਟ ਵਧਾਇਆ ਜਾ ਸਕਦਾ ਹੈ :

1. ਪਾਲਕ : ਵਿਟਾਮਿਨ 'ਕੇ' ਨਾਲ ਭਰਪੂਰ ਪਾਲਕ ਪਲੇਟਲੈਟ ਕਾਊਂਟ ਵਧਾਉਣ 'ਚ ਬਹੁਤ ਜ਼ਿਆਦਾ ਮਦਦਗਾਰ ਹੈ। ਅਸਲ ਵਿਚ ਬਲੱਡ ਕਲਾਟਿੰਗ 'ਚ ਵਿਟਾਮਿਨ 'ਕੇ' ਇਕ ਬੇਹੱਦ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਲਈ ਬਲੱਡ 'ਚ ਵਿਟਾਮਿਨ 'ਕੇ' ਦੀ ਲੋੜੀਂਦੀ ਮਾਤਰਾ ਹੋਣੀ ਬੇਹੱਦ ਜ਼ਰੂਰੀ ਹੈ।

2. ਚੁਕੰਦਰ : ਚੁਕੰਦਰ ਕੁਦਰਤੀ ਰੂਪ 'ਚ ਐਂਟੀਆਕਸੀਡੈਂਟ ਅਤੇ ਹੋਮੋਸਟੈਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ ਅਤੇ ਇਸੇ ਕਾਰਨ ਇਹ ਪਲੇਟਲੈਟ ਕਾਊਂਟ ਨੂੰ ਕੁਝ ਹੀ ਦਿਨਾਂ 'ਚ ਵਧਾ ਦਿੰਦਾ ਹੈ। ਚੁਕੰਦਰ 'ਚ ਮੌਜੂਦ ਐਂਟੀਆਕਸੀਡੈਂਟ ਰੋਗ ਰੋਕੂ ਸਮਰੱਥਾ ਵਧਾਉਣ 'ਚ ਵੀ ਮਦਦਗਾਰ ਸਾਬਿਤ ਹੁੰਦਾ ਹੈ।

3. ਗਿਲੋਅ : ਡੇਂਗੂ ਦੇ ਮਰੀਜ਼ਾਂ ਨੂੰ ਜੇਕਰ ਨਿਯਮਤ ਤੌਰ 'ਤੇ ਗਿਲੋਅ ਦਾ ਜੂਸ ਦਿੱਤਾ ਜਾਵੇ ਤਾਂ ਉਨ੍ਹਾਂ ਦੇ ਪਲੇਟਲੈਟ ਕਾਊਂਟ ਬਹੁਤ ਹੀ ਤੇਜ਼ੀ ਨਾਲ ਵਧਦੇ ਹਨ।

4. ਕੱਦੂ : ਵਿਟਾਮਿਨ 'ਏ' ਨਾਲ ਭਰਪੂਰ ਕੱਦੂ ਦੇ ਸੇਵਨ ਨਾਲ ਪਲੇਟਲੈਟ ਕਾਊਂਟ 'ਚ ਸੁਧਾਰ ਆਉਂਦਾ ਹੈ। ਕੱਦੂ ਸਰੀਰ ਦੀਆਂ ਕੋਸ਼ਿਕਾਵਾਂ 'ਚ ਪੈਦਾ ਹੋਣ ਵਾਲੇ ਪ੍ਰੋਟੀਨ ਦੀ ਮਾਤਰਾ ਕੰਟਰੋਲ ਕਰਦੇ ਹੋਏ ਪਲੇਟਲੈਟ ਕਾਊਂਡ ਵਧਾਉਣ 'ਚ ਮਦਦ ਕਰਦਾ ਹੈ।

5. ਆਂਵਲਾ : ਆਯੂਰਵੈਦਿਕ ਗੁਣਾਂ ਨਾਲ ਭਰੂਪਰ ਆਂਵਲਾ ਪਲੇਟਲੈਟ ਕਾਊਂਟ ਵਧਾਉਣ 'ਚ ਬੇਹੱਦ ਉਪਯੋਗੀ ਹੈ। ਆਂਵਲੇ ਦਾ ਸੇਵਨ ਜੂਸ, ਮੁਰੱਬਾ, ਅਚਾਰ ਆਦਿ ਦੇ ਰੂਪ 'ਚ ਕੀਤਾ ਜਾ ਸਕਦਾ ਹੈ। ਆਂਵਲੇ 'ਚ ਵਿਟਾਮਿਨ 'ਸੀ' ਭਰਪੂਰ ਮਾਤਰਾ 'ਚ ਹੁੰਦਾ ਹੈ। ਜੋ ਸਰੀਰ 'ਚ ਪਲੇਟਲੈਟ ਦਾ ਉਤਪਾਦਨ ਵਧਾਉਂਦਾ ਹੈ। ਨਾਲ ਹੀ ਇਹ ਰੋਗ ਪ੍ਰਤੀ ਰੋਕੂ ਸਮਰੱਥਾ ਵਧਾਉਣ 'ਚ ਵੀ ਅਹਿਮ ਸਾਬਿਤ ਹੁੰਦਾ ਹੈ।

6. ਨਾਰੀਅਲ ਪਾਣੀ : ਨਾਰੀਅਲ ਪਾਣੀ 'ਚ ਮੌਜੂਦ ਇਲੈਕਟ੍ਰੋਲਾਈਟਸ ਸਰੀਰ ਨੂੰ ਰਾਹਤ ਤੇ ਚੁਸਤੀ ਪ੍ਰਦਾਨ ਕਰਦੇ ਹਨ। ਇਸ ਦੇ ਨਾਲ ਹੀ ਇਹ ਸਰੀਰ ਨੂੰ ਜ਼ਰੂਰੀ ਮਿਨਰਲਜ਼ ਵੀ ਪ੍ਰਦਾਨ ਕਰਦੇ ਹਨ ਜੋ ਸਰੀਰ 'ਚ ਪਲੇਟਲੈਟ ਕਾਊਂਡ ਵਧਾਉਂਦੇ ਹਨ।

7. ਪਪੀਤਾ : ਪਪੀਤੇ ਦਾ ਫਲ਼ ਅਤੇ ਪੱਤੀਆਂ ਦੋਨੋਂ ਹੀ ਬੇਹੱਦ ਗੁਣਕਾਰੀ ਹੁੰਦੇ ਹਨ। ਸਰੀਰ 'ਚ ਪਲੇਟਲੈਟ ਕਾਊਂਟ ਘਟ ਹੋਣ 'ਤੇ ਪਪੀਤਾ ਤੇ ਇਸ ਦੀਆਂ ਪੱਤੀਆਂ ਦੇ ਸੇਵਨ ਨਾਲ ਕੁਝ ਹੀ ਦਿਨਾਂ 'ਚ ਪਲੇਟਲੈਟ ਕਾਊਂਟ 'ਚ ਸੁਧਾਰ ਦੇਖਣ ਨੂੰ ਮਿਲਦਾ ਹੈ।

Posted By: Seema Anand