ਜੇਐੱਨਐੱਨ, ਨਵੀਂ ਦਿੱਲੀ : ਠੰਢ ਦੇ ਮੌਸਮ 'ਚ ਅਕਸਰ ਲੋਕ ਘਰਾਂ 'ਚ ਕੰਬਲ ਤੇ ਰਜ਼ਾਈ ਲੈ ਕੇ ਬੈਠਣਾ ਪਸੰਦ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਗਰਮੀ ਦਾ ਅਹਿਸਾਸ ਮਿਲਦਾ ਰਹੇ। ਪਰ ਜਿਉਂ ਹੀ ਘਰ ਦਾ ਕੋਈ ਮੈਂਬਰ ਕਿਸੇ ਕੰਮ ਲਈ ਘਰੋਂ ਬਾਹਰ ਜਾਣ ਨੂੰ ਕਹਿੰਦਾ ਹੈ ਤਾਂ ਅਸੀਂ ਮੂੰਹ ਬਣਾਉਣ ਲਗਦੇ ਹਾਂ। ਕੋਸ਼ਿਸ਼ ਕਰਦੇ ਹਾਂ ਕਿ ਰਜ਼ਾਈ ਨਾ ਹੀ ਛੱਡਣੀ ਪਵੇ। ਪਰ ਤੁਸੀਂ ਗ਼ੌਰ ਕੀਤਾ ਹੋਵੇਗਾ ਕਿ ਕੁਝ ਲੋਕਾਂ ਦੇ ਹੱਥ-ਪੈਰ ਕਈ ਘੰਟੇ ਰਜ਼ਾਈ 'ਚ ਬੈਠਣ ਤੋਂ ਬਾਅਦ ਵੀ ਠੰਢੇ ਰਹਿੰਦੇ ਹਨ। ਕੀ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ? ਜੇਕਰ ਹਾਂ, ਤਾਂ ਇਸ ਲੇਖ 'ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅਜਿਹਾ ਕਿਉਂ ਹੁੰਦਾ ਹੈ ਤੇ ਤੁਸੀਂ ਇਸ ਸਥਿਤੀ 'ਚ ਕੀ ਕਰ ਸਕਦੇ ਹੋ।

ਆਖ਼ਿਰ ਕਿਉਂ ਹੁੰਦਾ ਹੈ ਅਜਿਹਾ ?

ਸਾਡੇ ਹੱਥ-ਪੈਰ ਉਦੋਂ ਠੰਢੇ ਪੈ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲਦੀ ਜਾਂ ਫਿਰ ਖ਼ੂਨ ਦੀ ਸਪਲਾਈ ਨਹੀਂ ਹੁੰਦੀ। ਅਜਿਹਾ ਖ਼ਰਾਬ ਬਲੱਡ ਸਰਕੂਲੇਸ਼ਨ ਕਾਰਨ ਹੁੰਦਾ ਹੈ। ਕਦੀ-ਕਦਾਈਂ ਸਾਨੂੰ ਅਨੀਮੀਆ, ਪੈਰਾਂ 'ਚ ਲਗਾਤਾਰ ਦਰਦ, ਕ੍ਰੌਨਿਕ ਫੈਟਿਗ ਸਿੰਡਰੋਮ, ਨਸਾਂ ਦੇ ਨੁਕਸਾਨ, ਡਾਇਬਟੀਜ਼, ਹਾਈਪੋਥਾਇਰਾਈਡਿਜ਼ਮ ਵਰਗੀਆਂ ਸਿਹਤ ਸਮੱਸਿਆਵਾਂ ਕਾਰਨ ਜ਼ਰੂਰਤ ਤੋਂ ਜ਼ਿਆਦਾ ਠੰਢ ਲਗਦੀ ਹੈ। ਜੇਕਰ ਤੁਹਾਨੂੰ ਹਮੇਸ਼ਾ ਦੂਸਰਿਆਂ ਤੋਂ ਜ਼ਿਆਦਾ ਠੰਢ ਲਗਦੀ ਹੈ ਜਾਂ ਫਿਰ ਹੱਥ-ਪੈਰ ਗਰਮ ਮਾਹੌਲ 'ਚ ਰਹਿਣ ਦੇ ਬਾਵਜੂਦ ਠੰਢੇ ਰਹਿੰਦੇ ਹਨ ਤਾਂ ਡਾਕਟਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ।

ਜੇਕਰ ਹਮੇਸ਼ਾ ਅਜਿਹਾ ਨਹੀਂ ਹੁੰਦਾ ਤਾਂ ਅਪਣਾਓ ਇਹ ਘਰੇਲੂ ਨੁਸਖੇ

ਗਰਮ ਤੇਲ ਨਾਲ ਮਾਲਸ਼ ਕਰੋ

ਮਸਾਜ ਕਰਨਾ ਤੁਹਾਡੇ ਹੱਥਾਂ-ਪੈਰਾਂ ਨੂੰ ਗਰਮ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ। ਹੱਥ-ਪੈਰ ਰਗੜਨ ਨਾਲ ਬਲੱਡ ਸਰਕੂਲੇਸ਼ਨ ਤੇ ਆਕਸੀਜਨ ਦੀ ਸਪਲਾਈ ਹੁੰਦੀ ਹੈ।

ਐਪਸੋਮ ਨਮਕ ਦੇ ਪਾਣੀ ਨਾਲ ਨਹਾਓ

ਜੇਕਰ ਤੁਹਾਡੇ ਘਰ ਵਿਚ ਐਪਸੋਮ ਸਾਲਟ (ਨਮਕ) ਹੈ ਤਾਂ ਤੁਸੀਂ ਇਕ ਬਾਲਡੀ ਗਰਮ ਪਾਣੀ 'ਚ ਨਮਕ ਪਾਓ ਤੇ ਆਪਣੇ ਹੱਥਾਂ-ਪੈਰਾਂ ਨੂੰ ਉਸ ਵਿਚ ਰੱਖੋ। ਪਾਣੀ ਦੀ ਗਰਮੈਸ਼ ਤੁਹਾਡੇ ਪੈਰਾਂ ਨੂੰ ਗਰਮ ਕਰੇਗੀ ਤੇ ਐਪਸੋਮ ਸਾਲਟ ਤੁਹਾਡੇ ਸਰੀਰ ਨੂੰ ਮੈਗਨੀਸ਼ੀਅਮ ਪ੍ਰਦਾਨ ਕਰੇਗਾ।

ਆਇਰਨ ਯੁਕਤ ਫੂਡ ਖਾਓ

ਆਰਿਨ ਦੀ ਘਾਟ ਐਨੀਮੀਆ ਦੇ ਸਭ ਤੋਂ ਆਮ ਕਾਰਕਾਂ 'ਚੋਂ ਇਕ ਹੈ ਜਿਸ ਦੇ ਨਤੀਜੇ ਵਜੋਂ ਹੱਥ-ਪੈਰ ਠੰਢੇ ਹੋ ਜਾਂਦੇ ਹਨ। ਐਨੀਮੀਆ ਨਾਲ ਲੜਨ ਲਈ, ਆਪਣੇ ਰੋਜ਼ ਦੇ ਆਹਾਰ 'ਚ ਖਜੂਰ, ਸੋਇਆਬੀਨ, ਪਾਲਕ, ਸੇਬ, ਸੁੱਕੇ ਖੁਬਾਨੀ, ਜੈਤੂਨ ਤੇ ਚੁਕੰਦਰ ਵਰਗੇ ਆਇਰਨ ਯੁਕਤ ਖ਼ੁਰਾਕੀ ਪਦਾਰਥਾਂ ਦਾ ਸੇਵਨ ਕਰੋ।

ਡਾਕਟਰ ਨੂੰ ਕਦੋਂ ਦਿਖਾਈਏ

ਜਿਵੇਂ ਕਿ ਅਸੀਂ ਕਿਹਾ ਕਿ ਕਦੀ-ਕਦਾਈਂ ਹੱਥ-ਪੈਰ ਠੰਢੇ ਪੈਣਾ ਆਮ ਹੈ ਪਰ ਅਜਿਹੀ ਸਥਿਤੀ ਵਾਰ-ਵਾਰ ਬਣਦੀ ਹੈ ਤਾਂ ਡਾਕਟਰ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ ਹੈ। ਜੇਕਰ ਇਹ ਲੱਛਣ ਦਿਖਾਈ ਦੇਣ ਤਾਂ ਡਾਕਟਰ ਨੂੰ ਤੁਰੰਤ ਦਿਖਾਓ।

  • ਥਕਾਵਟ।
  • ਭਾਰ ਘਟਨਾ ਜਾਂ ਵਧਣਾ।
  • ਬੁਖ਼ਾਰ।
  • ਜੋੜਾਂ ਦਾ ਦਰਦ।
  • ਹਤੇਲੀਆਂ ਤੇ ਪੈਰਾਂ 'ਤੇ ਜ਼ਖ਼ਮ, ਜਿਨ੍ਹਾਂ ਨੂੰ ਠੀਕ ਹੋਣ 'ਚ ਆਮ ਨਾਲੋਂ ਜ਼ਿਆਦਾ ਸਮਾਂ ਲੱਗੇ।
  • ਚਮੜੀ 'ਤੇ ਚੱਟਾਕ ਪੈਣਾ।

ਜੇਕਰ ਛੂਹਣ 'ਤੇ ਤੁਹਾਨੂੰ ਆਪਣੇ ਪੈਰ ਠੰਢੇ ਨਾ ਲੱਗਣ ਪਰ ਅੰਦਰੋਂ ਤੁਹਾਨੂੰ ਠੰਢੇ ਮਹਿਸੂਸ ਹੋਣ ਤਾਂ ਤੁਰੰਤ ਡਾਕਟਰ ਨੂੰ ਦਿਖਾਏ ਕਿਉਂਕਿ ਨਾੜਾਂ ਦੇ ਨੁਕਸਾਨ ਕਾਰਨ ਵੀ ਅਜਿਹਾ ਹੁੰਦਾ ਹੈ।

Posted By: Seema Anand