ਅੱਜ ਦੁਨੀਆ ਭਰ 'ਚ ਅਜਿਹੇ ਕਈ ਵਿਅਕਤੀ ਹਨ, ਜਿਹੜੇ ਜਨਮ ਤੋਂ ਹੀ ਨਾ ਆਪਣੇ ਆਪ ਨੂੰ ਦੇਖ ਸਕੇ ਤੇ ਨਾ ਹੀ ਆਪਣੇ ਮਾਤਾ-ਪਿਤਾ ਨੂੰ ਦੇਖਣਾ ਉਨ੍ਹਾਂ ਦੇ ਨਸੀਬ ਵਿਚ ਸੀ। ਇਨ੍ਹਾਂ ਤੋਂ ਇਲਾਵਾ ਕੁਝ ਵਿਅਕਤੀ ਕਿਸੇ ਸੜਕ ਹਾਦਸੇ ਕਾਰਨ, ਪਟਾਕੇ ਚਲਾਉਣ ਸਮੇਂ ਵਰਤੀ ਅਣਗਿਹਲੀ ਤੇ ਮਿਆਦ ਲੰਘੀਆਂ ਦਵਾਈਆਂ ਆਪਣੀਆਂ ਅੱਖਾਂ 'ਚ ਪਾ ਕੇ ਅੱਖਾਂ ਦੀ ਰੋਸ਼ਨੀ ਗਵਾ ਚੁੱਕੇ ਹਨ। ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਇੰਜ ਪ੍ਰਤੀਤ ਹੁੰਦਾ ਕਿ ਉਹ ਸਾਰੀ ਉਮਰ ਇਸ ਰੰਗਲੀ ਦੁਨੀਆ, ਆਪਣੇ ਮਾਤਾ-ਪਿਤਾ, ਭੈਣ-ਭਰਾ ਤੇ ਆਪਣੇ ਆਪ ਨੂੰ ਕਦੇਂ ਵੀ ਨਹੀਂ ਦੇਖ ਸਕਣਗੇ।

ਘਰ 'ਚ ਕੋਈ ਪ੍ਰੋਗਰਾਮ ਜਾਂ ਤਿਉਹਾਰ ਮਨਾਉਣ ਮੌਕੇ ਅੱਖਾਂ ਦੀ ਰੋਸ਼ਨੀ ਤੋਂ ਸੱਖਣੇ ਵਿਅਕਤੀਆਂ ਦਾ ਮਨ ਉਸ ਵੇਲੇ ਹੋਰ ਵੀ ਉਦਾਸ ਹੋ ਜਾਂਦਾ ਹੈ, ਜਦੋਂ ਉਹ ਇਸ ਪ੍ਰੋਗਰਾਮ ਜਾਂ ਤਿਉਹਾਰ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ। ਉਸ ਸਮੇਂ ਜੋ ਇਨ੍ਹਾਂ ਵਿਅਕਤੀਆਂ 'ਤੇ ਬੀਤ ਰਹੀ ਹੁੰਦੀ ਹੈ, ਉਸ ਨੂੰ ਸਿਰਫ਼ ਉਹੀ ਮਹਿਸੂਸ ਕਰ ਸਕਦੇ ਹਨ।

ਕਈ ਪਰਿਵਾਰਾਂ 'ਚ ਸਿਰਫ਼ ਬੇਟਾ ਜਾਂ ਬੇਟੀ ਹੁੰਦੀ ਹੈ, ਉਹ ਪਰਿਵਾਰ ਆਪਣੇ ਘਰ 'ਚ ਫੰਕਸ਼ਨ ਜਾਂ ਤਿਉਹਾਰ ਮਨਾਉਣ ਤੋਂ ਵੀ ਕਤਰਾਉਂਦੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਇਸ ਪ੍ਰੋਗਰਾਮ ਦਾ ਦੁੱਖ ਮੇਰੀ ਔਲਾਦ ਨੂੰ ਅੱਖਾਂ ਦੀ ਰੋਸ਼ਨੀ ਨਾ ਹੋਣ ਕਰਕੇ ਜ਼ਿਆਦਾ ਹੋਵੇਗਾ। ਇਸ ਤੋਂ ਇਲਾਵਾ ਮਾਤਾ-ਪਿਤਾ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

ਮਹਾਦਾਨੀ ਤੋਂ ਆਸ

ਅੱਜ ਲੱਖਾਂ ਦੀ ਤਾਦਾਦ 'ਚ ਅਜਿਹੇ ਲੋਕ ਹਨ, ਜਿਹੜੇ ਸਿਰਫ਼ ਇਸ ਆਸ 'ਤੇ ਜੀਅ ਰਹੇ ਹਨ ਕਿ ਅੱਜ ਨਹੀਂ ਤਾਂ ਕੱਲ੍ਹ ਕੋਈ ਮਹਾਦਾਨੀ ਮਰਨ ਤੋਂ ਬਾਅਦ ਸਾਨੂੰ ਆਪਣੀਆਂ ਅੱਖਾਂ ਦੀ ਰੋਸ਼ਨੀ ਦੇਵੇਗਾ ਤੇ ਅਸੀ ਵੀ ਇਕ ਦਿਨ ਰੰਗਲੀ ਦੁਨੀਆ ਨੂੰ ਦੇਖ ਸਕਾਂਗੇ।

ਵਹਿਮ-ਭਰਮ

ਅੱਖਾਂ ਦਾਨ ਕਰਨ ਦੇ ਰਾਹ 'ਚ ਸਭ ਤੋਂ ਵੱਡਾ ਰੋੜਾ ਸਾਡੇ ਸਮਾਜ ਦੇ ਵਹਿਮ-ਭਰਮ ਹਨ। ਕਈਆਂ ਦਾ ਮੰਨਣਾ ਹੈ ਕਿ ਅੱਖਾਂ ਦਾਨ ਕਰਨ ਵਾਲਾ ਵਿਅਕਤੀ ਮਰਨ ਤੋਂ ਬਾਅਦ ਦੂਜੇ ਜਨਮ 'ਚ ਵੀ ਅੰਨ੍ਹਾ ਪੈਦਾ ਹੁੰਦਾ ਹੈ ਜਾਂ ਮਰਨ ਵਾਲੇ ਵਿਅਕਤੀ ਦੀਆਂ ਅੱਖਾਂ ਦਾਨ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਮਰਨ ਉਪਰੰਤ ਉਹ ਆਪਣੇ ਸਹੀ ਰਾਹ ਤੋਂ ਭਟਕ ਜਾਂਦਾ ਹੈ ਤੇ ਉਸ ਦੀ ਰੂਹ ਨੂੰ ਸ਼ਾਂਤੀ ਨਹੀਂ ਮਿਲਦੀ। ਕਈ ਲੋਕਾਂ ਦਾ ਇਹ ਵਹਿਮ ਹੈ ਕਿ ਅੱਖਾਂ ਕੱਢਣ ਸਮੇਂ ਚੀਰ-ਫਾੜ ਕਰਨ ਨਾਲ ਮੁਰਦਾ ਸਰੀਰ ਦਾ ਚਿਹਰਾ ਵਿਗੜ ਜਾਂਦਾ ਹੈ। ਇਥੇ ਇਸ ਗੱਲ ਨੂੰ ਜਾਣਨ ਦੀ ਲੋੜ ਹੈ ਕਿ ਮੁਰਦਾ ਸਰੀਰ ਦੀਆਂ ਅੱਖਾਂ ਕੱਢਣ ਦਾ ਮਤਲਬ ਉਸ ਦੀ ਸਾਰੀ ਅੱਖ ਕੱਢਣਾ ਨਹੀਂ ਹੁੰਦਾ, ਸਗੋਂ ਇਸ ਕਾਰਜ 'ਚ ਅੱਖ ਵਿਚਲੀ ਸਿਰਫ਼ ਗੋਲ ਕਾਲੀ ਝਿੱਲੀ ਹੀ ਕੱਢੀ ਜਾਂਦੀ ਹੈ ਤੇ ਇਸ ਨਾਲ ਚਿਹਰਾ ਖ਼ਰਾਬ ਨਹੀਂ ਹੁੰਦਾ। ਚਿਹਰੇ ਨੂੰ ਉਸ ਤਰ੍ਹਾਂ ਹੀ ਰੱਖਣ ਲਈ ਬਨਾਵਟੀ ਅੱਖਾਂ ਪਾਈਆਂ ਜਾਂਦੀਆਂ ਹਨ, ਜੋ ਅਸਲ ਅੱਖਾਂ ਵਾਂਗ ਹੀ ਹੁੰਦੀਆਂ ਹਨ।

ਅੱਖਾਂ ਦਾਨ ਕਰਨ ਦਾ ਪ੍ਰਣ

ਜਿੱਥੇ ਅਸੀਂ ਹੋਰ ਕਈ ਤਰ੍ਹਾਂ ਦੇ ਦਾਨ ਵੱਧ-ਚੜ੍ਹ ਕੇ ਕਰਦੇ ਹਾਂ, ਉੱਥੇ ਸਾਨੂੰ ਅੱਖਾਂ ਦਾਨ ਕਰਨ ਦਾ ਪ੍ਰਣ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੋ ਸਕਦਾ। ਇਕ ਵਿਅਕਤੀ ਵੱਲੋਂ ਦਾਨ ਕੀਤੀਆਂ ਅੱਖਾਂ ਨਾਲ ਦੋ ਵਿਅਕਤੀਆਂ ਦੀ ਜ਼ਿੰਦਗੀ ਰੋਸ਼ਨ ਕਰ ਸਕਦੀ ਹੈ। ਇਸ ਗੱਲ ਨੂੰ ਤਰਕ ਨਾਲ ਸਮਝਣ ਅਤੇ ਹੋਰਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਜਿਹੜਾ ਵਿਅਕਤੀ ਇਸ ਸੰਸਾਰ ਤੋਂ ਚਲਾ ਹੀ ਗਿਆ ਤਾਂ ਉਸ ਦੀਆਂ ਅੱਖਾਂ ਉਸ ਦੇ ਕੀ ਕੰਮ ਹਨ? ਉਸ ਦੇ ਸਾਰੇ ਸਰੀਰ ਵਾਂਗ ਅੱਖਾਂ ਵੀ ਸੁਆਹ ਬਣ ਜਾਣੀਆਂ ਹਨ। ਅਸੀਂ ਆਪਣੀਆਂ ਅੱਖਾਂ ਨੂੰ ਸੁਆਹ ਨਹੀਂ ਬਣਾਉਣਾ, ਸਗੋਂ ਆਪਣੀਆਂ ਅੱਖਾਂ ਨੂੰ ਹਮੇਸ਼ਾ ਜ਼ਿੰਦਾ ਰੱਖਣਾ ਹੈ। ਅੱਜ ਲੋੜ ਹੈ ਆਪਣੀਆਂ ਅੱਖਾਂ ਨੂੰ ਨਵੀਂ ਜ਼ਿੰਦਗੀ ਦੇਣ ਦੀ, ਤਾਂ ਜੋ ਸਾਡੇ ਜਾਣ ਪਿੱਛੋਂ ਸਾਡੀਆਂ ਅੱਖਾਂ ਹਮੇਸ਼ਾ ਰੰਗਲੀ ਦੁਨੀਆ ਦਾ ਆਨੰਦ ਮਾਣ ਸਕਣ। ਅੱਖਾਂ ਦਾਨ ਕਰ ਕੇ ਅਸੀ ਮੁੜ ਜੀਅ ਸਕਦੇ ਹਾਂ।

ਦੂਜਿਆਂ 'ਤੇ ਨਿਰਭਰਤਾ

ਜਿਸ ਵੇਲੇ ਬੱਚਾ ਪੜ੍ਹਨਾ ਸ਼ੁਰੂ ਕਰਦਾ ਹੈ ਤਾਂ ਉਹ ਆਪਣੇ ਮਾਤਾ-ਪਿਤਾ ਦੇ ਸਹਾਰੇ ਤੋਂ ਬਿਨਾਂ ਕਿਧਰੇ ਵੀ ਜਾਣ-ਆਉਣ ਤੋਂ ਅਸਮਰੱਥ ਹੁੰਦਾ ਹੈ। ਬੱਚਾ ਪੂਰੀ ਤਰ੍ਹਾਂ ਕਿਸੇ ਦੂਜੇ ਵਿਅਤਕੀ ਉੱਤੇ ਨਿਰਭਰ ਹੁੰਦਾ ਹੈ। ਪੜ੍ਹਾਈ ਪੂਰੀ ਹੋਣ ਦੇ ਬਾਵਜੂਦ ਵੀ ਖ਼ਾਸ ਕਰ ਪ੍ਰਾਈਵੇਟ ਅਦਾਰਿਆਂ 'ਚ ਵੀ ਜਲਦੀ ਕੋਈ ਨੌਕਰੀ ਨਹੀਂ ਮਿਲਦੀ ਹੈ। ਅਜਿਹੇ ਵਿਅਕਤੀ ਆਪਣੀ ਅਣਥੱਕ ਮਿਹਨਤ ਦੇ ਬਾਵਜੂਦ ਜ਼ਿੰਦਗੀ ਦੀ ਦੌੜ 'ਚ ਪਿੱਛੇ ਰਹਿ ਜਾਂਦੇ ਹਨ।

ਕਿਵੇਂ ਦਾਨ ਕੀਤੀਆਂ ਜਾਣ ਅੱਖਾਂ?

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅੱਖਾਂ ਦਾਨ ਕਿਵੇਂ ਕੀਤੀਆਂ ਜਾਣ। ਇੱਥੇ ਇਹ ਗੱਲ ਸਮਝਣ ਦੀ ਲੋੜ ਹੈ ਕਿ ਅੱਖਾਂ ਦਾਨ ਸਿਰਫ਼ ਵਿਅਕਤੀ ਦੇ ਮਰਨ ਉਪਰੰਤ ਹੀ ਹੁੰਦੀਆਂ ਹਨ। ਜਿਉਂਦੇ ਜੀਅ ਵਿਅਕਤੀ ਸਿਰਫ ਅੱਖਾਂ ਦਾਨ ਕਰਨ ਦਾ ਪ੍ਰਣ ਲੈਂਦਾ ਹੈ। ਅੱਖਾਂ ਦਾ ਦਾਨ ਕਰਨ ਲਈ ਕਿਸੇ ਵੀ ਸਰਕਾਰੀ ਸੰਸਥਾ ਜਾਂ ਸਰਕਾਰ ਤੋਂ ਮਨਜੂਰਸ਼ੁਦਾ ਹਸਪਤਾਲਾਂ 'ਚ ਅੱਖਾਂ ਦਾਨ ਕਰਨ ਸਬੰਧੀ ਫਾਰਮ ਭਰਿਆ ਜਾਂਦਾ ਹੈ, ਜਿਸ 'ਚ ਦਾਨੀ ਦਾ ਨਾਂ, ਪਤਾ ਤੇ ਫੋਨ ਨੰਬਰ ਭਰਿਆ ਜਾਂਦਾ ਹੈ। ਮਰਨ ਤੋਂ ਪੰਜ-ਛੇ ਘੰਟਿਆਂ 'ਚ ਕਿਸੇ ਰਿਸ਼ਤੇਦਾਰ ਜਾਂ ਮਿੱਤਰ ਵੱਲੋਂ ਸਿਹਤ ਸੰਸਥਾ ਵਿਖੇ ਫੋਨ ਕਰਨ ਉਪਰੰਤ ਸੰਸਥਾ ਵੱਲੋਂ ਤੁਰੰਤ ਟੀਮ ਭੇਜੀ ਜਾਂਦੀ ਹੈ। ਇਥੇ ਲਾਜ਼ਮੀ ਹੈ ਕਿ ਵਿਅਕਤੀ ਅੱਖਾਂ ਦਾਨ ਕਰਨ ਦਾ ਪ੍ਰਣ ਲੈਣ ਉਪਰੰਤ ਆਪਣੇ ਪਰਿਵਾਰਕ ਮੈਂਬਰਾਂ ਨੂੰ ਜ਼ਰੂਰ ਸੂਚਿਤ ਕਰੇ। ਅੱਖਾਂ ਕਿਸੇ ਵੀ ਉਮਰ 'ਚ ਦਾਨ ਕੀਤੀਆਂ ਜਾ ਸਕਦੀਆਂ ਹਨ। ਚਾਹੇ ਅੱਖਾਂ 'ਤੇ ਐਨਕਾਂ ਲੱਗੀਆਂ ਹੋਣ, ਅੱਖਾਂ ਦਾ ਆਪ੍ਰੇਸ਼ਨ ਕੀਤਾ ਹੋਵੇ, ਅੱਖਾਂ 'ਚ ਲੈਨਜ਼ ਪਾਏ ਹੋਣ, ਸਿਰਫ਼ ਉਹ ਵਿਅਕਤੀ ਅੱਖਾਂ ਦਾਨ ਨਹੀਂ ਕਰ ਸਕਦੇ, ਜਿਨ੍ਹਾਂ ਨੂੰ ਬਲੱਡ ਕੈਂਸਰ, ਪੀਲੀਆ, ਐੱਚਆਈਵੀ ਤੇ ਜੋ ਦਿਮਾਗ਼ੀ ਬੁਖ਼ਾਰ ਤੋਂ ਪੀੜਤ ਹੁੰਦੇ ਹਨ।

- ਜਗਤਾਰ ਸਿੰਘ ਬਡਰੁੱਖਾਂ

86997-17731

Posted By: Harjinder Sodhi