ਕਸਰਤ ਨਾਲ ਮਾਨਸਿਕ ਤੇ ਸਰੀਰਕ ਫ਼ਾਇਦੇ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਪਰ ਇਕ ਨਵੀਂ ਖੋਜ ਵਿਚ ਪਤਾ ਲੱਗਾ ਹੈ ਕਿ ਕਸਰਤ ਕਰਨ ਨਾਲ ਮੈਕਿਊਲਰ ਡਿਜਨਰੇਸ਼ਨ (ਰੇਟਿਨਾ ਵਿਚ ਹੋਣ ਵਾਲੀ ਹਾਨੀ) ਨੂੰ ਰੋਕਿਆ ਜਾ ਸਕਦਾ ਹੈ। ਨਾਲ ਹੀ ਗਲੂਕੋਮਾ ਅਤੇ ਡਾਇਬਟਿਕ ਰੇਟਿਨੋਪੈਥੀ ਵਰਗੀ ਬਿਮਾਰੀ ਵਿਚ ਵੀ ਕਸਰਤ ਲਾਭਦਾਇਕ ਹੁੰਦੀ ਹੈ।

ਯੂਨੀਵਰਸਿਟੀ ਆਫ ਵਰਜੀਨੀਆ ਦੇ ਸਕੂਲ ਆਫ ਮੈਡੀਸਨ ਵੱਲੋਂ ਚੂਹਿਆਂ 'ਤੇ ਕੀਤੇ ਗਏ ਇਕ ਪ੍ਰਯੋਗ ਨਾਲ ਪਤਾ ਲੱਗਾ ਕਿ ਕਸਰਤ ਕਰਨ ਨਾਲ ਖ਼ੂਨ ਦੀਆਂ ਕੋਸ਼ਿਕਾਵਾਂ ਦੇ ਹਾਨੀਕਾਰਕ ਵਾਧੇ ਵਿਚ 45 ਫ਼ੀਸਦੀ ਤਕ ਕਮੀ ਆਈ ਹੈ। ਖ਼ੂਨ ਦੀਆਂ ਕੋਸ਼ਿਕਾਵਾਂ ਦਾ ਹਾਨੀਕਾਰਕ ਵਾਧਾ ਹੀ ਮੈਕਿਊਲਰ ਡਿਜਨਰੇਸ਼ਨ ਅਤੇ ਅੱਖਾਂ ਦੀਆਂ ਦੂਜੀਆਂ ਸਮੱਸਿਆਵਾਂ ਲਈ ਜ਼ਿੰਮੇਦਾਰ ਹੈ। ਇਹ ਇਸ ਤਰ੍ਹਾਂ ਦਾ ਪਹਿਲਾ ਪ੍ਰਯੋਗ ਹੈ, ਜਿਸ ਵਿਚ ਇਹ ਦੱਸਿਆ ਗਿਆ ਹੈ ਕਿ ਕਸਰਤ ਨਾਲ ਮੈਕਿਊਲਰ ਡਿਜਨਰੇਸ਼ਨ ਵਿਚ ਕਮੀ ਲਿਆਂਦੀ ਜਾ ਸਕਦੀ ਹੈ। ਅਮਰੀਕਾ ਵਿਚ ਲਗਪਗ ਇਕ ਕਰੋੜ ਲੋਕ ਇਸ ਬਿਮਾਰੀ ਨਾਲ ਪ੍ਰਭਾਵਿਤ ਹਨ। ਖੋਜ ਰਾਹੀਂ ਇਸ ਗੱਲ ਦਾ ਵੀ ਪਤਾ ਲੱਗਾ ਕਿ ਜ਼ਿਆਦਾ ਕਸਰਤ ਦਾ ਮਤਲਬ ਜ਼ਿਆਦਾ ਲਾਭ ਨਹੀਂ ਹੈ। ਹਾਲਾਂਕਿ, ਖੋਜੀ ਇਸ ਗੱਲ ਦਾ ਪਤਾ ਨਹੀਂ ਲਗਾ ਸਕੇ ਕਿ ਕਸਰਤ ਖ਼ੂਨ ਦੀਆਂ ਕੋਸ਼ਿਕਾਵਾਂ ਦੇ ਹਾਨੀਕਾਰਕ ਵਾਧੇ ਨੂੰ ਕਿਵੇਂ ਰੋਕਦੀ ਹੈ। (ਏਐੱਨਆਈ)

Posted By: Sunil Thapa