ਕਸਰਤ ਸਿਹਤ ਲਈ ਚੰਗੀ ਹੈ, ਪਰ ਜ਼ਿਆਦਾ ਕਸਰਤ ਭਾਰੀ ਪੈ ਸਕਦੀ ਹੈ। ਜ਼ਿਆਦਾ ਕਸਰਤ ਨਾਲ ਸਿਰਫ਼ ਸਰੀਰ ਹੀ ਨਹੀਂ ਥੱਕਦਾ ਬਲਕਿ ਦਿਮਾਗ਼ 'ਤੇ ਵੀ ਇਸ ਦਾ ਬੁਰਾ ਅਸਰ ਪੈਂਦਾ ਹੈ। ਇਸ ਲਈ ਆਪਣੇ ਸਰੀਰ ਨੂੰ ਇਕ ਹੱਦ ਤੋਂ ਜ਼ਿਆਦਾ ਨਹੀਂ ਥਕਾਉਣਾ ਚਾਹੀਦਾ। ਸਾਇੰਸ ਪੱਤਰਕਾ ਕਰੰਟ ਬਾਇਓਲਾਜੀ 'ਚ ਪ੍ਰਕਾਸ਼ਤ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਥਕਾਨ ਹੋਣ 'ਤੇ ਦਿਮਾਗ਼ ਦਾ ਵੀ ਇਕ ਹਿੱਸਾ ਢਿੱਲਾ ਪੈ ਜਾਂਦਾ ਹੈ। ਫ਼ੈਸਲੇ ਲੈਣ 'ਚ ਦਿਮਾਗ਼ ਦੇ ਇਸ ਹਿੱਸੇ ਦੀ ਅਹਿਮ ਭੂਮਿਕਾ ਰਹਿੰਦੀ ਹੈ। ਸ਼ੋਧ ਦੌਰਾਨ 37 ਮਰਦ ਅਥਲੀਟਾਂ ਨੂੰ ਸ਼ਾਮਲ ਕੀਤਾ ਗਿਆ ਸੀ। ਵੱਖ-ਵੱਖ ਸਮੇਂ 'ਤੇ ਕਸਰਤ ਤੋਂ ਬਾਅਦ ਉਨ੍ਹਾਂ ਤੋਂ ਕੁਝ ਸਵਾਲ ਕੀਤੇ ਗਏ ਤੇ ਦਿਮਾਗ਼ ਦੀ ਫੰਕਸ਼ਨਲ ਐੱਮਆਰਆਈ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੂੰ ਆਰਥਿਕ ਮਾਮਲਿਆਂ 'ਚ ਫ਼ੈਸਲਾ ਲੈਣ ਲਈ ਵੀ ਕਿਹਾ ਗਿਆ। ਵਿਗਿਆਨੀਆਂ ਨੇ ਪਾਇਆ ਕਿ ਜਿਨ੍ਹਾਂ ਅਥਲੀਟਾਂ ਦਾ ਦਿਮਾਗ਼ ਥੱਕ ਜਾਂਦਾ ਸੀ, ਉਹ ਫ਼ੈਸਲੇ ਲੈਂਦੇ ਸਮੇਂ ਜ਼ਿਆਦਾ ਦੂਰ ਦੀ ਨਹੀਂ ਸੋਚਦੇ ਸਨ।

Posted By: Sarabjeet Kaur