ਔਰਤਾਂ ਨੂੰ ਭਾਵਨਾਤਮਕ ਰੂਪ ਨਾਲ ਸਿਹਤਮੰਦ ਤੇ ਮਜ਼ਬੂਤ ਬਣੇ ਰਹਿਣ ਲਈ ਮਰਦਾਂ ਦੇ ਮੁਕਾਬਲੇ 'ਚ ਜ਼ਿਆਦਾ ਪੋਸ਼ਕ ਖ਼ੁਰਾਕ ਦੀ ਲੋੜ ਹੁੰਦੀ ਹੈ। ਵਿਗਿਆਨ ਪੱਤਿ੍ਕਾ 'ਨਿਊਟਿ੍ਸ਼ਨਲ ਨਿਊਰੋਸਾਇੰਸ' 'ਚ ਪ੍ਰਕਾਸ਼ਿਤ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ। ਖੋਜਕਰਤਾ ਲੀਨਾ ਬੇਦੇਸ਼ ਦੀ ਅਗਵਾਈ 'ਚ 563 ਲੋਕਾਂ 'ਤੇ ਅਧਿਐਨ ਕੀਤਾ ਗਿਆ। ਇਨ੍ਹਾਂ ਵਿਚੋਂ 48 ਫ਼ੀਸਦੀ ਮਰਦ ਅਤੇ 52 ਫ਼ੀਸਦੀ ਔਰਤਾਂ ਸਨ। ਅਧਿਐਨ ਵਿਚ ਪਾਇਆ ਗਿਆ ਕਿ ਮਰਦ ਮਾਨਸਿਕ ਅਤੇ ਭਾਵਨਾਤਮਕ ਰੂਪ ਨਾਲ ਉਦੋਂ ਤਕ ਸੰਤੁਲਿਤ ਬਣੇ ਰਹਿੰਦੇ ਹਨ, ਜਦੋਂ ਤਕ ਕਿ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਨਾ ਹੋ ਜਾਵੇ। ਉਥੇ ਔਰਤਾਂ ਦੀ ਭਾਵਨਾਤਮਕ ਮਜ਼ਬੂਤੀ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਲੋੜੀਂਦਾ ਪੋਸ਼ਣ ਮਿਲਦਾ ਰਹੇ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਨਤੀਜਿਆਂ ਤੋਂ ਇਹ ਵੀ ਪਤਾ ਲੱਗ ਸਕਦਾ ਹੈ ਕਿ ਆਖ਼ਰ ਔਰਤਾਂ ਵਿਚ ਮਾਨਸਿਕ ਤਣਾਅ ਦਾ ਖ਼ਦਸ਼ਾ ਜ਼ਿਆਦਾ ਕਿਉਂ ਰਹਿੰਦਾ ਹੈ। ਇਨ੍ਹਾਂ ਨਤੀਜਿਆਂ ਦੀ ਮਦਦ ਨਾਲ ਦਿਮਾਗ਼ 'ਤੇ ਭੋਜਨ ਅਤੇ ਪੋਸ਼ਣ ਨਾਲ ਪੈਣ ਵਾਲੇ ਅਸਰ ਨੂੰ ਸਮਝਦੇ ਹੋਏ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਦੇ ਤਰੀਕੇ ਵੀ ਲੱਭੇ ਜਾ ਸਕਣਗੇ। (ਏਐੱਨਆਈ)

Posted By: Susheel Khanna