ਹਾਲੀਆ ਦੇ ਸਾਲਾਂ 'ਚ ਹੁੱਕਾ ਦੀ ਵਧਦੀ ਲੋਕਪਿ੍ਅਤਾ ਦਰਮਿਆਨ ਇਕ ਹੈਰਾਨ ਕਰਨ ਵਾਲਾ ਸ਼ੋਧ ਸਾਹਮਣੇ ਆਇਆ ਹੈ। ਸ਼ੋਧ ਮੁਤਾਬਕ, ਹੁੱਕਾ ਪੀਣਾ ਸਿਗਰਟਨੋਸ਼ੀ ਦੇ ਹੋਰਨਾਂ ਤਰੀਕਿਆਂ ਦੀ ਤੁਲਨਾ 'ਚ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਸ਼ੋਧਕਰਤਾ ਵੇਰੋਨਿਕ ਪੇਰਾਡ ਨੇ ਕਿਹਾ ਕਿ ਹੁੱਕਾ ਪੀਣ ਨਾਲ ਸਰੀਰ 'ਚ ਨਿਕੋਟੀਨ ਪਹੁੰਚਦਾ ਹੈ, ਜੋ ਤੰਬਾਕੂ ਦੀ ਲ਼ਤ ਦਾ ਕਾਰਨ ਬਣ ਸਕਦਾ ਹੈ। ਇਸ 'ਚ ਬੈਂਜੀਨ ਵੀ ਪੈਦਾ ਹੁੰਦੀ ਹੈ, ਜੋ ਕੈਂਸਰ ਦਾ ਕਾਰਨ ਬਣ ਸਕਦੀ ਹੈ। ਵਿਗਿਆਨੀਆਂ ਨੇ ਕਿਹਾ ਕਿ ਆਮ ਤੌਰ 'ਤੇ ਲੋਕ ਹੁੱਕਾ ਜ਼ਿਆਦਾ ਦੇਰ ਤਕ ਪੀਂਦੇ ਹਨ, ਇਸ ਕਾਰਨ ਨਾਲ ਸਰੀਰ 'ਚ ਪਹੁੰਚਣ ਵਾਲੇ ਖ਼ਤਰਨਾਕ ਰਸਾਇਣਾਂ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਹੁੱਕੇ 'ਚ ਤੰਬਾਕੂ ਨੂੰ ਗਰਮ ਕਰਨ ਲਈ ਕੋਲਾ ਸਾੜਨ ਨਾਲ ਕਾਰਬਨ ਮੋਨੋ ਆਕਸਾਈਡ ਵੀ ਪੈਦਾ ਹੁੰਦੀ ਹੈ। ਸਾਹ ਰਾਹੀਂ ਕਾਰਬਨ ਮੋਨੋ ਆਕਸਾਈਡ ਸਰੀਰ 'ਚ ਜਾਣ ਨਾਲ ਨੁਕਸਾਨ ਹੋਰ ਵਧ ਜਾਂਦਾ ਹੈ। ਸ਼ੋਧ 'ਚ ਧੂੰਏਂ ਰਾਹੀਂ ਸਰੀਰ 'ਚ ਪਹੁੰਚਣ ਵਾਲੇ 100 ਨੈਨੋਮੀਟਰ ਤੋਂ ਵੀ ਛੋਟੇ ਸੂਖ਼ਮ ਕਣਾਂ ਦਾ ਅਧਿਐਨ ਕੀਤਾ ਗਿਆ।

Posted By: Sukhdev Singh