ਜੇਕਰ ਤੁਸੀਂ ਚਾਹ ਜਾਂ ਕੌਫੀ ਦੇ ਸ਼ੌਕੀਨ ਹੋ ਤਾਂ ਆਪਣੇ ਦਿਨ ਦੀ ਸ਼ੁਰੂਆਤ ਇਕ ਸ਼ਾਨਦਾਰ ਚਾਹ ਜਾਂ ਕੌਫੀ ਨਾਲ ਕਰਦੇ ਹੀ ਹੋਵੋਗੇ। ਅਜਿਹੇ ਵਿਚ ਜੇਕਰ ਤੁਸੀਂ ਚਾਹ ਬਣਾਉਣ ਤੋਂ ਬਾਅਦ ਬਚੀ ਹੋਈ ਚਾਹ ਪੱਤੀ ਤੇ ਗ੍ਰਾਊਂਡਿਡ ਕੌਫੀ ਨੂੰ ਇੰਝ ਹੀ ਸੁੱਟ ਦਿੰਦੇ ਹੋ ਤਾਂ ਹੁਣ ਅਜਿਹਾ ਕਰਨਾ ਬੰਦ ਕਰ ਦਿਉ। ਤੁਸੀਂ ਚਾਹ ਜਾਂ ਕੌਫੀ ਜੋ ਅਖੀਰ 'ਚ ਬੱਚ ਜਾਂਦੀ ਹੈ, ਦਾ ਇਸਤੇਮਾਲ ਆਪਣੀ ਚਮੜੀ ਲਈ ਕਰ ਸਕਦੇ ਹੋ। ਇਸ ਤੋਂ ਇਲਾਵਾ ਚਾਹ ਪੱਤੀ ਤੇ ਗ੍ਰਾਊਂਡਿਡ ਕੌਫੀ ਦੀ ਵਰਤੋਂ ਪੈਰਾਂ ਦੀ ਬਦਬੂ ਤੋਂ ਨਿਜਾਤ ਅਤੇ ਮੁਹਾਸੇ ਦੂਰ ਕਰਨ ਲਈ ਕੀਤੀ ਜਾ ਸਕਦੀ ਹੈ। ਇੰਨਾ ਹੀ ਨਹੀਂ ਇਹ ਤੁਹਾਡੇ ਕਮਰੇ ਦੀ ਨਮੀ ਘਟਾ ਸਕਦੀ ਹੈ। ਆਓ ਜਾਣਦੇ ਹਾਂ ਗ੍ਰਾਊਂਡਿਡ ਕੌਫੀ ਤੇ ਇਸਤੇਮਾਲ ਕੀਤੀ ਚਾਹ ਪੱਤੀ ਨੂੰ ਸੁੱਟਣ ਦੀ ਬਜਾਏ ਕਿਹੜੇ-ਕਿਹੜੇ ਤਰੀਕਿਆਂ ਨਾਲ ਇਸੇਤਮਾਲ ਕੀਤਾ ਜਾ ਸਕਦਾ ਹੈ।

ਸਕਿੱਨ ਅਤੇ ਲਿਪ ਐਕਸਫੋਲਿਏਟਰ

ਜੇਕਰ ਤੁਸੀਂ ਆਪਣੀ ਸਕਿੱਨ ਨੂੰ ਐਕਸਫੋਲਿਏਟਿੰਗ ਕਰਨ ਦਾ ਵਿਚਾਰ ਬਣਾ ਰਹੇ ਹੋ ਤਾਂ ਤੁਹਾਨੂੰ ਬਿਊਟੀ ਸੈਲੂਨ 'ਚ ਆਪਣਾ ਸਮਾਂ ਤੇ ਪੈਸਾ ਖ਼ਰਚ ਕਰਨ ਦੀ ਜ਼ਰੂਰਤ ਨਹੀਂ। ਮਸ਼ੀਨ ਬੀਨ ਕੌਫੀ ਗ੍ਰਾਊਂਡ ਨਾਲ ਭਰੀ ਹੋਵੇ ਤਾਂ ਇਸ ਨੂੰ ਚਿਹਰੇ 'ਤੇ ਸਕਰੱਬ ਦੇ ਤੌਰ 'ਤੇ ਇਸਤੇਮਾਲ ਕਰ ਸਕਦੇ ਹੋ। ਬਸ ਥੋੜ੍ਹੀ ਜਿਹੀ ਮਾਤਰਾ 'ਚ 1 ਚਮਚ ਨਾਰੀਅਲ ਤੇਲ ਮਿਲਾਉਣਾ ਹੈ ਤੇ ਫਿਰ ਇਸ ਪੇਸਟ ਨਾਲ ਆਪਣੇ ਚਿਹਰੇ ਨੂੰ ਸਕਰੱਬ ਕਰਨਾ ਹੈ। 10 ਮਿੰਟ ਸਕਰੱਬ ਕਰਨ ਤੋਂ ਬਾਅਦ ਚਿਹਰਾ ਕੈਮੀਕਲ ਫ੍ਰੀ ਫੇਸ ਵਾਸ਼ ਨਾਲ ਧੋਅ ਲਓ। ਇਸੇ ਤਰ੍ਹਾਂ ਤੁਸੀਂ ਇਕ ਲਿਪ ਬਾਮ ਦੇ ਰੂਪ 'ਚ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ। ਤੁਸੀਂ ਸਿਰਫ਼ ਗ੍ਰਾਊਂਡਿਡ ਕੌਫੀ 'ਚ ਸ਼ਹਿਦ ਨਾਲ ਨਾਰੀਅਲ ਤੇਲ ਪਾਉਣਾ ਹੈ ਤੇ ਫਿਰ ਇਕ ਲਿੱਪ ਸਕਰੱਬ ਵਰਤਣਾ ਹੈ।

ਬਦਬੂ ਦੂਰ ਕਰੇ ਚਾਹ ਪੱਤੀ

ਗਰਾਊਂਡਿਡ ਕੌਫੀ ਤੇ ਚਾਹ ਪੱਤੀ, ਦੋਵੇਂ ਬਦਬੂ ਦੂਰ ਕਰਨ 'ਚ ਮਦਦਗਾਰ ਹਨ। ਉਦਾਹਰਨ ਲਈ ਤੁਹਾਡੀ ਫਰਿੱਜ 'ਚੋਂ ਬੇਹੇ ਭੋਜਨ ਦੀ ਬਦਬੂ ਆ ਰਹੀ ਹੈ ਤਾਂ ਇਸ ਨੂੰ ਦੂਰ ਕਰਨ ਲਈ ਤੁਸੀਂ ਗ੍ਰਾਊਂਡਿਡ ਕੌਫੀ ਨੂੰ ਇਕ ਬਰਤਨ 'ਚ ਰੱਖ ਦਿਉ। ਇਸੇ ਤਰ੍ਹਾਂ, ਜੇਕਰ ਤੁਸੀਂ ਪੈਰਾਂ ਦੀ ਬਦਬੂ ਤੋਂ ਪਰੇਸ਼ਾਨ ਹੋ ਤਾਂ ਗਰਮ ਪਾਣੀ ਕਰੋ ਅਤੇ ਉਸ ਵਿਚ ਚਾਹ-ਪੱਤੀ ਪਾਓ। ਹੁਣ ਇਸ ਗਰਮ ਪਾਣੀ 'ਚ ਪੈਰ ਡੋਬ ਕੇ ਰੱਖੋ, ਤੁਹਾਡੇ ਪੈਰਾਂ ਦੀ ਬਦਬੂ ਦੂਰ ਹੋ ਜਾਵੇਗੀ।

ਸਨ-ਬਰਨ ਤੋਂ ਬਚਾਅ ਲਈ

ਲੰਬੇ ਸਮੇਂ ਤਕ ਧੁੱਪੇ ਰਹਿਣ ਕਾਰਨ ਸੂਰਜ ਦੀਆਂ ਕਿਰਨਾਂ ਤੁਹਾਡੀ ਚਮੜੀ ਝੁਲਸਾ ਦਿੰਦੀਆਂ ਹਨ। ਅਜਿਹੇ ਵਿਚ ਤੁਸੀਂ ਸਨ-ਬਰਨ ਤੋਂ ਬਚਣ ਲਈ ਚਾਹ ਪੱਤੀ ਦਾ ਇਸਤੇਮਾਲ ਕਰ ਸਕਦੇ ਹੋ। ਇਸ ਦੇ ਲਈ ਲਗਪਗ ਤਿੰਨ ਕੱਪ ਪਾਣੀ ਉਬਾਲੋ ਅਤੇ ਉਸ ਵਿਚ ਚਾਹ ਪੱਤੀ ਪਾਓ। ਇਸ ਨੂੰ ਲਗਪਗ 15-20 ਮਿੰਟ ਉਬਲਣ ਦਿਉ, ਫਿਰ ਪਾਣੀ ਠੰਢਾ ਹੋਣ ਦਿਉ। ਹੁਣ ਤੁਸੀਂ ਇਸ ਨੂੰ ਇਕ ਬਰਤਨ 'ਚ ਕੱਢ ਕੇ ਫਰਿੱਜ 'ਚ ਰੱਖ ਦਿਉ, ਚਾਹੋ ਤਾਂ ਇਸ ਵਿਚ ਆਪਣੇ ਪਸੰਦੀਦਾ ਅਸੈਂਸ਼ਿਅਲ ਆਇਲ ਦੀਆਂ ਕੁਝ ਬੂੰਦਾਂ ਵੀ ਪਾ ਸਕਦੇ ਹੋ। ਇਸ ਤੋਂ ਬਾਅਦ ਇਸ ਮਿਸ਼ਰਨ 'ਚ ਇਕ ਸਾਫ਼ ਤੌਲੀਆ ਗਿੱਲਾ ਕਰ ਕੇ ਉਸ ਨੂੰ ਨਿਚੋੜ ਲਉ। ਹੁਣ ਇਹੀ ਤੌਲੀਆ ਜਿੱਥੇ ਤੁਹਾਨੂੰ ਸਨਬਰਨ ਹੈ ਉੱਥੇ ਲਾਓ। ਤੌਲੀਆ ਥੋੜ੍ਹੀ-ਥੋੜ੍ਹੀ ਦੇਰ 'ਚ ਗਿੱਲਾ ਕਰ ਕੇ ਲਗਾਉਂਦੇ ਰਹੋ।

ਕਮਰੇ 'ਚ ਨਮੀ ਲਈ

ਜਦੋਂ ਤੁਸੀਂ ਚਾਹ ਬਣਾਉਂਦੇ ਹੋ ਤਾਂ ਇਸਤੇਮਾਲ ਤੋਂ ਬਾਅਦ ਚਾਹ ਪੱਤੀ ਸੁੱਟਣ ਦੀ ਬਜਾਏ ਧੁੱਪੇ ਸੁਕਾ ਲਓ। ਇਕ ਵਾਰ ਜਦੋਂ ਉਹ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਚਾਹ ਪੱਤੀ ਦਾ ਬਰਤਨ ਕਮਰੇ ਦੀਆਂ ਨੁੱਕਰਾਂ 'ਚ ਰੱਖੋ। ਇਹ ਤੁਹਾਡੇ ਕਮਰੇ ਦੇ ਚੁਫੇਰਿਓਂ ਨਮੀ ਸੋਖ ਲਵੇਗਾ। ਤੁਸੀਂ ਖਾਸ ਤੌਰ 'ਤੇ ਇਸ ਨੂੰ ਅਲਮਾਰੀਆਂ 'ਚ ਰੱਖੋ, ਇਹ ਤਰੀਕਾ ਅਲਮਾਰੀਆਂ 'ਚ ਹੋਣ ਵਾਲੀ ਨਮੀ ਦੂਰ ਕਰਨ 'ਚ ਮਦਦ ਕਰੇਗਾ।

Posted By: Seema Anand