ਉਦਾਸੀ ਅਜਿਹਾ ਅਹਿਸਾਸ ਹੈ, ਜੋ ਹਰ ਵਿਅਕਤੀ ਆਪਣੀ ਜ਼ਿੰਦਗੀ ’ਚ ਕਦੇ ਨਾ ਕਦੇ ਮਹਿਸੂਸ ਕਰਦਾ ਹੈ। ਫ਼ਰਕ ਸਿਰਫ਼ ਇਹ ਹੁੰਦਾ ਹੈ ਕਿ ਕਿਸੇ ਵਿਅਕਤੀ ਨੂੰ ਘੱਟ ਹੁੰਦੀ ਹੈ ਤੇ ਕਈ ਕਾਫ਼ੀ ਲੰਮੇ ਸਮੇਂ ਤਕ ਉਦਾਸੀ ’ਚ ਰਹਿੰਦੇ ਹਨ। ਲੰਮੇ ਸਮੇਂ ਤਕ ਚੱਲਣ ਵਾਲੀ ਉਦਾਸੀ ਗੰਭੀਰ ਮਾਨਸਿਕ ਬਿਮਾਰੀ ਦਾ ਰੂਪ ਧਾਰਨ ਕਰਦੀ ਹੈ, ਜਿਸ ਨੂੰ ਅਸੀਂ ਡਿਪਰੈਸ਼ਨ ਕਹਿੰਦੇ ਹਾਂ। ਉਦਾਸੀ ਹਰ ਉਮਰ ਦੇ ਵਿਅਕਤੀ ਨੂੰ ਕਿਸੇ ਨਾ ਕਿਸੇ ਰੂਪ ’ਚ ਪ੍ਰਭਾਵਿਤ ਕਰਦੀ ਹੈ ਪਰ ਉਦਾਸੀ ਤੇ ਕਲੀਨੀਕਲ ਡਿਪਰੈਸ਼ਨ ’ਚ ਮੁੱਖ ਫ਼ਰਕ ਨੂੰ ਆਪਾਂ ਵਿਸਥਾਰ ਪੂਰਵਕ ਸਮਝਾਂਗੇ।
ਲੱਛਣ
ਉਦਾਸੀ ਦੇ ਕੁਝ ਆਮ ਲੱਛਣ ਹਨ, ਜੋ ਦੋ ਹਫ਼ਤਿਆਂ ਤਕ ਜਾਰੀ ਰਹਿੰਦੇ ਹਨ ਤੇ ਵਿਅਕਤੀ ਦੇ ਨਿੱਜੀ ਅਤੇ ਸਮਾਜਿਕ ਜੀਵਨ ਨੂੰ ਵੀ ਪ੍ਰਭਾਵਿਤ ਕਰਦੇ ਹਨ ਅਤੇ ਵਿਅਕਤੀ ਦੇ ਕੰਮਕਾਰ, ਸਰੀਰਕ, ਸਮਾਜਿਕ ਤੇ ਪਰਿਵਾਰਿਕ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ।
ਮੂਡ ਵਿਚ ਉਦਾਸੀ।
ਥਕਾਵਟ।

ਸਾਰੀਆਂ ਗਤੀਵਿਧੀਆਂ ’ਚ ਦਿਲਚਸਪੀ ਦਾ ਨੁਕਸਾਨ।
ਊਰਜਾ ਦੀ ਕਮੀ।
ਮਕਸਦ ਰਹਿਤ।
ਦੋਸ਼ ਦੀ ਭਾਵਨਾ, ਭੁੱਖ ਵਧਣਾ ਤੇ ਘਟਣਾ।
ਫ਼ੈਸਲੇ ਲੈਣ ਦੀ ਕਮੀ ਦੋ ਹਫਤਿਆਂ ਤਕ ਜਾਰੀ ਰਹਿੰਦੀ ਹੈ।
ਮੌਤ ਦੇ ਵਿਚਾਰ ਜਾਂ ਇਸ ਲਈ ਯੋਜਨਾ।
ਕਾਰਨ
ਜੈਨੇਟਿਕ : ਜੈਨੇਟਿਕਸ ਵਿਅਕਤੀ ਨੂੰ 30-40 ਫ਼ੀਸਦੀ ਪ੍ਰਭਾਵਿਤ ਕਰਦਾ ਹੈ। ਜੇ ਇਹ ਮਾਪਿਆਂ ’ਚ ਮੌਜੂਦ ਹੈ ਤਾਂ 20 ਫ਼ੀਸਦੀ ਦੀ ਸੰਭਾਵਨਾ ਹੋ ਸਕਦੀ ਹੈ।
ਜੀਵ-ਵਿਗਿਆਨਕ : ਹਾਰਮੋਨਲ ਨਿਪੁੰਸਕਤਾ, ਪ੍ਰੀਮੇਨੋਪੌਜ ਅਤੇ ਥਾਇਰਾਇਡ ਦੇ ਕਾਰਨ।
ਪਰਿਵਾਰਕ ਇਤਿਹਾਸ : ਜੇ ਦੋਵੇਂ ਮਾਪਿਆਂ ਦੇ ਰਿਸ਼ਤੇਦਾਰਾਂ ਵਿਚ ਤਿੰਨ ਪੀੜ੍ਹੀਆਂ ’ਚ ਕਿਸੇ ’ਚ ਵੀ ਡਿਪਰੈਸ਼ਨ ਪਾਇਆ ਜਾਂਦਾ ਹੈ, ਤਾਂ ਅੱਗੇ ਵੀ ਹੋਣ ਦੇ ਕਾਫ਼ੀ ਆਸਾਰ ਹੁੰਦੇ ਹਨ।
ਨਸ਼ਿਆਂ ਦੀ ਵਰਤੋਂ : ਜਦੋਂ ਵਿਅਕਤੀ ਜ਼ਿਆਦਾ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਕਰਦਾ ਤਾਂ ਵੀ ਡਿਪਰੈਸ਼ਨ ਹੋਣ ਦਾ ਖ਼ਦਸ਼ਾ ਰਹਿੰਦਾ ਹੈ।
ਮਨੋ-ਸਮਾਜਿਕ ਪਰੇਸ਼ਾਨੀ
ਤਣਾਅ।
ਬਚਪਨ ’ਚ ਦੁਰਵਿਹਾਰ, ਕੁਪੋਸ਼ਣ ਤੇ ਧੱਕੇਸ਼ਾਹੀ
ਜੰਗ ਜਾਂ ਤਬਾਹੀ।
ਪਦਾਰਥਾਂ ਦੀ ਦੁਰਵਰਤੋਂ।
ਮਾਪਿਆਂ ਦਾ ਝਗੜਾ।
ਵਿਆਹੁਤਾ ਵਿਵਾਦ।
ਪੁਰਾਣੀਆਂ ਡਾਕਟਰੀ ਸਮੱਸਿਆਵਾਂ।
ਗ਼ਰੀਬੀ।
ਹਰ ਉਮਰ ਦੇ ਵਿਅਕਤੀ ਨੂੰ ਕਰਦਾ ਪ੍ਰਭਾਵਿਤ
ਡਿਪਰੈਸ਼ਨ ਹਰ ਉਮਰ ਦੇ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਦੇ ਲੱਛਣ ਜਾਣਨੇ ਬਹੁਤ ਜ਼ਰੂਰੀ ਹਨ ਤਾਂ ਜੋ ਸਮਾਂ ਰਹਿੰਦਿਆਂ ਅਸੀਂ ਬਿਮਾਰੀ ਦਾ ਹੱਲ ਲੱਭ ਸਕੀਏ। ਜਾਣਦੇ ਹਾਂ ਹਰ ਉਮਰ ’ਚ ਪਾਏ ਜਾਂਦੇ ਲੱਛਣਾਂ ਬਾਰੇ :-
ਬਚਪਨ
ਘੱਟ ਊਰਜਾ।
ਸਰੀਰਕ ਸ਼ਿਕਾਇਤਾਂ।
ਚੁੱਪ।
ਸਕੂਲ ਤੋਂ ਇਨਕਾਰ।
ਦੋਸ਼ ਦੀ ਭਾਵਨਾ।
ਖ਼ੁਦਕੁਸ਼ੀ ਬਾਰੇ ਸੋਚਣਾ।
ਡਿਪਰੈਸ਼ਨ ਅੱਜ-ਕੱਲ੍ਹ ਦੇ ਬੱਚਿਆਂ ’ਚ ਆਮ ਦੇਖਿਆ ਜਾਂਦਾ ਹੈ, ਜਿੱਥੇ ਮਾਪਿਆਂ ਵੱਲੋਂ ਉਨ੍ਹਾਂ ਨੂੰ ਤਵੱਜੋ ਨਹੀਂ ਦਿੱਤੀ ਜਾਂਦੀ ਤੇ ਪਰਿਵਾਰਾਂ ਦੇ ਆਕਾਰ ਬਹੁਤ ਛੋਟੇ ਹੋ ਗਏ ਹਨ। ਉਨ੍ਹਾਂ ਕੋਲ ਬੱਚਿਆਂ ਨਾਲ ਗੱਲਬਾਤ ਕਰਨ ਤੇ ਖੇਡਣ ਲਈ ਸਮਾਂ ਨਹੀਂ ਹੈ। ਇਸ ਲਈ ਪਹਿਲਾਂ ਤਾਂ ਮਾਪਿਆਂ ਨੂੰ ਬੱਚਿਆਂ ’ਤੇ ਪੂਰੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਉਹ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨ। ਦੂਸਰਾ ਅਧਿਆਪਕਾਂ ਨੂੰ ਵੀ ਬੱਚਿਆਂ ਦੀ ਮਾਨਸਿਕ ਸਿਹਤ ਬਾਰੇ ਸੋਚਣਾ ਚਾਹੀਦਾ ਹੈ।
ਕਿਸ਼ੋਰ ਉਮਰ
ਉਦੇਸ਼ ਚੁਣਨ ’ਚ ਦਿੱਕਤਾਂ।
ਗੁੱਸਾ ਭੜਕਨਾ।
ਅਸਵੀਕਾਰ ਕਰਨ ਲਈ ਸੰਵੇਦਨਸ਼ੀਲ।
ਭੁੱਖ ਤੇ ਨੀਂਦ ਵਿਚ ਬਦਲਾਅ।
ਜ਼ਿਆਦਾ ਰੋਣਾ।
ਅਕਾਦਮਿਕ ਗਿਰਾਵਟ।
ਕਿਸ਼ੋਰ ਅਵਸਥਾ ਵਿਚ ਬੱਚੇ ਸਰੀਰਕ ਤੇ ਮਾਨਸਿਕ ਬਦਲਾਂ ਵਿੱਚੋਂ ਗੁਜ਼ਰਦੇ ਹਨ, ਜਿੱਥੇ ਉਨ੍ਹਾਂ ਨੂੰ ਮਾਪਿਆਂ ਤੇ ਅਧਿਆਪਕਾਂ ਦੀ ਖ਼ਾਸ ਮਦਦ ਦੀ ਲੋੜ ਹੁੰਦੀ ਹੈ। ਮਾਪੇ ਕਈ ਵਾਰ ਉਨ੍ਹਾਂ ਤੋਂ ਪੜ੍ਹਾਈ ਵਿਚ ਵੱਧ ਨੰਬਰ ਲੈ ਕੇ ਆਉਣ ਦੀ ਜ਼ਿੱਦ ਕਰਦੇ ਹਨ। ਅਜਿਹੀਆਂ ਗੱਲਾਂ ਬੱਚਿਆਂ ਨੂੰ ਕਿਤੇ ਨਾ ਕਿਤੇ ਮਾਪਿਆਂ ਤੋਂ ਦੂਰ ਕਰ ਦਿੰਦੀਆਂ ਹਨ। ਇਸ ਉਮਰ ’ਚ ਬੱਚੇ ਨਸ਼ਿਆਂ ਵੱਲ ਅਤੇ ਕੁਝ ਹੋਰ ਗ਼ਲਤ ਗਤੀਵਿਧੀਆਂ ਵਿਚ ਚਲੇ ਜਾਂਦੇ ਹਨ। ਅਜਿਹੀਆਂ ਗੱਲਾਂ ਅੱਗੇ ਚੱਲ ਕੇ ਡਿਪਰੈਸ਼ਨ ਦਾ ਬਹੁਤ ਵੱਡਾ ਕਾਰਨ ਬਣਦੀਆਂ ਹਨ।
ਬਾਲਗ
ਸਧਾਰਨ ਲੱਛਣ : ਪੂਰੀ ਤਰ੍ਹਾਂ ਉਦਾਸ, ਰੋਣਾ, ਹਰ ਸਮੇਂ ਥੱਕਿਆ, ਸੁਸਤ, ਮਾੜਾ ਧਿਆਨ, ਨਾਂਹ-ਪੱਖੀ ਵਿਚਾਰ, ਆਤਮ-ਹੱਤਿਆ ਦੀਆਂ ਕੋਸ਼ਿਸ਼ਾਂ, ਦੋਸ਼, ਬੇਕਾਰਤਾ, ਨਿਰਾਸ਼ਾ।
ਜੀਵ-ਵਿਗਿਆਨਕ ਲੱਛਣ : ਸਵੇਰੇ ਜਲਦੀ ਜਾਗਣਾ, ਸਵੇਰ ਦੀ ਉਦਾਸੀ, ਗਤੀਵਿਧੀਆਂ ਵਿਚ ਕਮੀ, ਭਾਰ ਘਟਣਾ।
ਬਾਲਗ ਹੋਣ ਦੀ ਸੂਰਤ ਵਿਚ ਇਨਸਾਨ ਦੀ ਜ਼ਿੰਦਗੀ ਵਿਚ ਅਜਿਹੇ ਪੜਾਅ ਆਉਂਦੇ ਹਨ ਕਿ ਕਈ ਵਾਰੀ ਉਨ੍ਹਾਂ ਨਾਲ ਜੂਝਣ ਦੀ ਸਮਰੱਥਾ ਘੱਟ ਜਾਂ ਖ਼ਤਮ ਹੋ ਜਾਂਦੀ ਹੈ, ਜਿਵੇਂ ਬੇਰੁਜ਼ਗਾਰੀ, ਵਿਆਹ ਦਾ ਟੁੱਟਣਾ, ਸਾਥੀ ਦਾ ਛੱਡ ਕੇ ਚਲੇ ਜਾਣਾ, ਬੱਚਿਆਂ ਦਾ ਦੁਰਵਿਹਾਰ, ਘਰੇਲੂ ਹਿੰਸਾ, ਨਸ਼ਿਆਂ ਦੀ ਸੰਗਤ। ਇਹ ਲੱਛਣ ਜ਼ਿਆਦਾਤਰ ਔਰਤਾਂ ਵਿਚ ਮੀਨੋਪੌਜ ਤੋਂ ਪਹਿਲਾਂ ਤੇ ਮਰਦਾਂ ਵਿਚ ਰਿਟਾਇਰਮੈਂਟ ਤੋਂ ਬਾਅਦ ਦੇਖੇ ਜਾਂਦੇ ਹਨ ।
ਵਿਹਾਰ ’ਚ ਆਉਂਦੀ ਤਬਦੀਲੀ
ਨੈਸ਼ਨਲ ਮੈਂਟਲ ਹੈਲਥ ਸਰਵੇ ਦੀ ਇਕ ਰਿਪੋਰਟ ਅਨੁਸਾਰ ਭਾਰਤ ਵਿਚ 2.7 ਫ਼ੀਸਦੀ ਆਬਾਦੀ ਡਿਪਰੈਸ਼ਨ ਦੀ ਸ਼ਿਕਾਰ ਹੈ, ਜਿਨ੍ਹਾਂ ਵਿੱਚੋਂ 5.2 ਫ਼ੀਸਦੀ ਨੂੰ ਪੂਰੀ ਉਮਰ ਰਹਿ ਸਕਦਾ ਹੈ। 85 ਫ਼ੀਸਦੀ ਲੋਕ ਬਿਨਾਂ ਇਲਾਜ ਦੇ ਇੰਝ ਹੀ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਜਾਂ ਤਾਂ ਇਲਾਜ ਨਹੀਂ ਮਿਲਦਾ ਅਤੇ ਜਾਂ ਫਿਰ ਜਾਣਕਾਰੀ ਨਹੀਂ ਹੁੰਦੀ। ਡਿਪਰੈਸ਼ਨ ਨੂੰ ਮੈਡੀਕਲ ਭਾਸ਼ਾ ’ਚ ਯੂਨੀਪੋਲਾਰ, ਕਲੀਨੀਕਲ ਡਿਪਰੈਸ਼ਨ ਤੇ ਮੇਜਰ ਡਿਪਰੈਸ਼ਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਡਿਪਰੈਸ਼ਨ ’ਚ ਵਿਅਕਤੀ ਦੇ ਅਹਿਸਾਸ, ਸੋਚਣ ਸ਼ਕਤੀ ਅਤੇ ਵਿਹਾਰ ਵਿਚ ਕਾਫ਼ੀ ਤਬਦੀਲੀ ਆਉਂਦੀ ਹੈ।
ਇਲਾਜ
ਡਿਪਰੈਸ਼ਨ ਦਾ ਸਭ ਤੋਂ ਪਹਿਲਾ ਹੱਲ ਹੈ ਕਿ ਹਰ ਵਿਅਕਤੀ ਆਪਣੀ ਪਰੇਸ਼ਾਨੀ ਨੂੰ ਪਰਿਵਾਰ, ਦੋਸਤ ਤੇ ਬੱਚਿਆਂ ਨਾਲ ਸਾਂਝੀ ਕਰੇ। ਪਰਿਵਾਰ ਇਕ ਅਜਿਹੀ ਇਕਾਈ ਹੈ, ਜੋ ਵਿਅਕਤੀ ਦੀ ਮਦਦ ਤੇ ਸਮੱਸਿਆ ਦਾ ਸਾਹਮਣਾ ਕਰਨ ਦੀ ਸ਼ਕਤੀ ਦਿੰਦੀ ਹੈ। ਜੇ ਫਿਰ ਵੀ ਵਿਅਕਤੀ ਡਿਪਰੈਸ਼ਨ ਵਰਗੇ ਹਾਲਾਤਾਂ ਵਿੱਚੋਂ ਲੰਘਦਾ ਹੈ ਤਾਂ ਉਸ ਨੂੰ ਮਾਨਸਿਕ ਰੋਗਾਂ ਦੇ ਮਾਹਿਰ ਕੋਲ ਜਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ।
- ਜਤਵਿੰਦਰ ਕੌਰ ਗਾਗਾ
Posted By: Harjinder Sodhi