ਜਦੋਂ ਪੂਰਾ ਦੇਸ਼ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ ਤਾਂ ਉਸ ਮੌਕੇ ਡੇਂਗੂ ਦੇ ਮਾਮਲਿਆਂ ’ਚ ਵਾਧਾ ਹੋਣਾ ਚਿੰਤਾ ਦਾ ਵਿਸ਼ਾ ਹੈ। ਇਹ ਹੋਰ ਵੀ ਗੰਭੀਰ ਹੋ ਜਾਂਦਾ ਹੈ ਕਿ ਡੇਂਗੂ ਤੇ ਕੋਵਿਡ-19 ਦੇ ਕਾਫ਼ੀ ਲੱਛਣ ਇੱਕੋ ਜਿਹੇ ਹਨ। ਕੋਵਿਡ ਪ੍ਰਭਾਵਿਤ ਵਿਅਕਤੀ, ਜਿਨ੍ਹਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਹੁੰਦੀ ਹੈ, ਲਈ ਡੇਂਗੂ ਖ਼ਤਰਨਾਕ ਸਿੱਧ ਹੋ ਸਕਦਾ ਹੈ। ਇਸ ਲਈ ਅਜਿਹੇ ਮੌਕਿਆਂ ’ਤੇ ਸਾਵਧਾਨੀਆਂ ਦੀ ਪਾਲਣਾ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।

ਵਾਇਰਲ ਬੁਖ਼ਾਰ ਹੈ ਡੇਂਗੂ

ਡੇਂਗੂ ਵਾਇਰਲ ਬੁਖ਼ਾਰ ਹੈ, ਜੋ ਭਾਰਤ ਸਣੇ ਵਿਸ਼ਵ ਦੇ ਹੋਰਨਾਂ ਮੁਲਕਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਡੇਂਗੂ ਬੁਖ਼ਾਰ ਮਾਦਾ ਮੱਛਰ ਏਡੀਜ਼ ਏਜਿਪਟੀ ਦੇ ਕੱਟਣ ਨਾਲ ਫੈਲਦਾ ਹੈ ਤੇ ਵੱਡੀ ਗਿਣਤੀ ਲੋਕ ਇਸ ਦੀ ਲਪੇਟ ’ਚ ਆ ਜਾਂਦੇ ਹਨ। ਵਿਸ਼ਵ ਸਿਹਤ ਸੰਸਥਾ ਅਨੁਸਾਰ ਦੁਨੀਆ ਭਰ ’ਚ ਹਰ ਸਾਲ 390 ਮਿਲੀਅਨ ਡੇਂਗੂ ਦੇ ਮਾਮਲੇ ਪਾਏ ਜਾਂਦੇ ਹਨ। ਪਿਛਲੇ ਦੋ ਦਹਾਕਿਆਂ ਦੌਰਾਨ ਡੇਂਗੂ ਦੇ ਗੰਭੀਰ ਰੂਪ ਮਾਮਲਿਆਂ ’ਚ 8 ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਇਕ ਅੰਕੜੇ ਅਨੁਸਾਰ ਸਾਲ 2000 ਦੌਰਾਨ 5,05,430 ਮਾਮਲੇ ਰਿਪੋਰਟ ਹੋਏ, ਜੋ 2010 ’ਚ ਵੱਧ ਕੇ 2.4 ਮਿਲੀਅਨ ਤੇ 2019 ’ਚ 5.2 ਮਿਲੀਅਨ ਹੋ ਗਏ। ਸਾਲ 1970 ਤਕ ਸਿਰਫ਼ 9 ਦੇਸ਼ਾਂ ’ਚ ਡੇਂਗੂ ਦੇ ਗੰਭੀਰ ਪ੍ਰਭਾਵ ਸਾਹਮਣੇ ਆਏ ਸਨ ਪਰ ਹੁਣ ਅਫ਼ਰੀਕਾ, ਅਮਰੀਕਾ, ਪੂਰਬੀ ਮੈਡੀਟੇਰੀਅਨ, ਦੱਖਣੀ ਪੂਰਬੀ ਏਸ਼ੀਆ ਤੇ ਪੱਛਮੀ ਪ੍ਰਸ਼ਾਂਤ ਖੇਤਰ ਇਸ ਬਿਮਾਰੀ ਤੋਂ ਵਧੇਰੇ ਪ੍ਰਭਾਵਿਤ ਹਨ। 2019 ਦੌਰਾਨ ਡੇਂਗੂ ਦੇ ਮਾਮਲੇ ਵੱਡੀ ਗਿਣਤੀ ’ਚ ਸਾਹਮਣੇ ਆਏ। ਇਕੱਲੇ ਅਮਰੀਕੀ ਖੇਤਰ ’ਚ 3.1 ਮਿਲੀਅਨ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 25 ਹਜ਼ਾਰ ਨੂੰ ਗੰਭੀਰ ਸ਼੍ਰੇਣੀ ’ਚ ਰੱਖਿਆ ਗਿਆ।

ਲੱਛਣ

ਆਮ ਤੌਰ ’ਤੇ ਡੇਂਗੂ ਦੇ ਲੱਛਣ 3 ਤੋਂ 14 ਦਿਨਾਂ ਦੇ ਅੰਦਰ ਵਿਕਸਤ ਹੁੰਦੇ ਹਨ। ਡੇਂਗੂ ਦੇ ਮੱਛਰ ਦੇ ਕੱਟਣ ਤੋਂ ਬਾਅਦ ਇਸ ਦੇ ਲੱਛਣ ਵਿਕਸਤ ਹੋਣ ਦੇ ਸਮੇਂ ਨੂੰ ਇੰਕੁਬੇਸ਼ਨ ਪੀਰੀਅਡ ਕਹਿੰਦੇ ਹਨ। ਇਸ ਦਾ ਔਸਤ ਇੰਕੁਬੇਸ਼ਨ ਪੀਰੀਅਡ ਚਾਰ ਤੋਂ ਸੱਤ ਦਿਨ ਦਾ ਹੁੰਦਾ ਹੈ। ਡੇਂਗੂ ਨੂੰ ਹੱਡੀ ਤੋੜ ਬੁਖ਼ਾਰ ਵੀ ਕਿਹਾ ਜਾਂਦਾ ਹੈ। ਇਸ ਦੀਆਂ ਵੱਖ-ਵੱਖ ਨਿਸ਼ਾਨੀਆਂ ’ਚ ਤੇਜ਼ ਬੁਖ਼ਾਰ, ਸਿਰਦਰਦ, ਅੱਖਾਂ ਦੇ ਪਿਛਲੇ ਹਿੱਸੇ ’ਚ ਦਰਦ, ਮਾਸ਼ਪੇਸ਼ੀਆਂ ਤੇ ਜੋੜਾਂ ’ਚ ਦਰਦ, ਜੀਅ ਕੱਚਾ ਹੋਣਾ ਤੇ ਉਲਟੀਆਂ ਆਉਣਾ, ਥਕਾਵਟ, ਚਮੜੀ ’ਤੇ ਦਾਣੇ ਤੇ ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਤੇ ਮਸੂੜਿਆਂ ’ਚੋਂ ਖ਼ੂਨ ਵਗਣਾ ਸ਼ਾਮਿਲ ਹਨ। ਇਸ ਤੋਂ ਇਲਾਵਾ ਪੀੜਤ ਵਿਅਕਤੀ ’ਚ ਡੇਂਗੂ ਦੇ ਗੰਭੀਰ ਤੇ ਜੀਵਨ ਨੂੰ ਖ਼ਤਰਾ ਪੈਦਾ ਕਰਨ ਵਾਲੇ ਰੂਪ ਦਾ ਵਿਕਾਸ ਹੋ ਸਕਦਾ ਹੈ, ਜਿਸ ਨੂੰ ਡੇਂਗੂ ਸ਼ੌਕ ਸਿੰਡਰੋਮ ਕਿਹਾ ਜਾਂਦਾ ਹੈ। ਇਹ ਖ਼ੂਨ ਦੇ ਦਬਾਅ ’ਚ ਗੰਭੀਰ ਅਤੇ ਅਚਾਨਕ ਗਿਰਾਵਟ ਨਾਲ ਹੋ ਸਕਦਾ ਹੈ। ਡੇਂਗੂ ਸ਼ੌਕ ਸਿੰਡਰੋਮ ਦੇ ਹੋਰ ਲੱਛਣਾਂ ’ਚ ਠੰਢੀ ਤੇ ਚਿਪਚਿਪੀ ਚਮੜੀ, ਨਬਜ਼ ਦਾ ਕਮਜ਼ੋਰ ਅਤੇ ਤੇਜ਼ ਚੱਲਣਾ, ਮੂੰਹ ਸੁੱਕਣਾ, ਪਿਸ਼ਾਬ ਦੇ ਵਹਾਅ ’ਚ ਘਾਟ, ਸਾਹ ਦਾ ਤੇਜ਼ ਚੱਲਣਾ ਹੋ ਸਕਦਾ ਹੈ। ਅਜਿਹੇ ਮਰੀਜ਼ਾਂ ਨੂੰ ਤੁਰੰਤ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।

ਕਾਰਨ

ਡੇਂਗੂ ਵਾਇਰਸ ਆਰਐੱਨਏ ਵਾਇਰਸ ਹੈ, ਜਿਸ ਦਾ ਸੰਚਾਰ ਇਕ ਚੱਕਰ ਦੁਆਰਾ ਹੁੰਦਾ ਹੈ। ਜਦੋਂ ਇਹ ਵਿਸ਼ੇਸ਼ ਮੱਛਰ ਇਕ ਤੋਂ ਬਾਅਦ ਦੂਸਰੇ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ ਵਾਇਰਸ ਅੱਗੇ ਫ਼ੈਲਦਾ ਹੈ, ਜਿਸ ਕਰਕੇ ਉਹ ਤੰਦਰੁਸਤ ਵਿਅਕਤੀ ਵੀ ਡੇਂਗੂ ਤੋਂ ਪੀੜਤ ਹੋ ਜਾਂਦਾ ਹੈ। ਆਮ ਤੌਰ ’ਤੇ ਏਡੀਜ਼ ਏਜਿਪਟੀ ਮੱਛਰ ਜਦੋਂ ਅਸਮਾਨ ’ਚ ਬੱਦਲਾਂ ਦੀ ਛਾਂ ਹੋਵੇ ਜਾਂ ਛਾਂ ਵਾਲਾ ਖੇਤਰ, ਘਰ ਦੇ ਅੰਦਰ, ਸ਼ਾਮ ਤੇ ਸਵੇਰ ਵੇਲੇ ਸਭ ਤੋਂ ਜ਼ਿਆਦਾ ਕੱਟਦਾ ਹੈ। ਆਮ ਤੌਰ ’ਤੇ ਮੱਛਰਾਂ ਦੇ ਪ੍ਰਜਣਨ ਦੀਆਂ ਪ੍ਰਮੁੱਖ ਥਾਵਾਂ ’ਚੋਂ ਪਲਾਸਟਿਕ ਦੇ ਭਾਂਡੇ, ਬਾਲਟੀ, ਗੱਡੀਆਂ ਦੇ ਟਾਇਰ, ਵਾਟਰ ਕੂਲਰ, ਪਾਲਤੂ ਜਾਨਵਰਾਂ ਦੇ ਪਾਣੀ ਪੀਣ ਵਾਲੇ ਭਾਂਡੇ ’ਤੇ ਫੁੱਲਦਾਨ ਹਨ। ਕੁਝ ਖ਼ਤਰਨਾਕ ਖੇਤਰਾਂ ਵਿੱਚੋਂ ਗਿੱਲਾ ਫਰਸ਼ ਤੇ ਫਲੱਸ਼ ਦੀਆਂ ਟੈਂਕੀਆਂ ਵੀ ਸ਼ਾਮਿਲ ਹਨ, ਜੋ ਮੱਛਰਾਂ ਦੇ ਪ੍ਰਜਣਨ ਤੇ ਵਾਧਾ ਵਿਕਾਸ ਕਰਨ ਲਈ ਢੁੱਕਵਾਂ ਮਾਹੌਲ ਪ੍ਰਦਾਨ ਕਰਦੇ ਹਨ। ਡੇਂਗੂ ਕੋਈ ਛੂਤ ਦੀ ਬਿਮਾਰੀ ਨਹੀਂ, ਇਹ ਸਿਰਫ਼ ਮੱਛਰਾਂ ਦੇ ਕੱਟਣ ਨਾਲ ਫੈਲਦੀ ਹੈ ਪਰ ਜੇ ਕਿਸੇ ਡੇਂਗੂ ਪੀੜਤ ਵਿਅਕਤੀ ਦਾ ਖ਼ੂੂਨ ਤੰਦਰੁਸਤ ਆਦਮੀ ਨੂੰ ਗ਼ਲਤੀ ਨਾਲ ਦਿੱਤਾ ਜਾਵੇ ਤਾਂ ਇਹ ਬਿਮਾਰੀ ਉਸ ਤੰਦਰੁਸਤ ਵਿਅਕਤੀ ਨੂੰ ਵੀ ਹੋ ਜਾਵੇਗੀ।

ਬਚਾਅ ਦੇ ਤਰੀਕੇ

ਡੇਂਗੂ ਫੈਲਾਉਣ ਵਾਲੇ ਮੱਛਰ ਸਾਫ਼ ਤੇ ਖੜ੍ਹੇ ਪਾਣੀ ’ਚ ਪਲਦੇ ਹਨ, ਇਸ ਲਈ ਆਪਣੇ ਆਲੇ-ਦੁਆਲੇ ਪਾਣੀ ਨੂੰ ਖੜ੍ਹਾ ਨਾ ਹੋਣ ਦਿੱਤਾ ਜਾਵੇ। ਡੇਂਗੂ ਫੈਲਾਉਣ ਵਾਲੇ ਮੱਛਰ ਸਵੇਰੇ ਤੇ ਸ਼ਾਮ ਵੇਲੇ ਕੱਟਦੇ ਹਨ। ਇਸ ਤੋਂ ਬਚਾਅ ਲਈ ਸੌਣ ਵੇਲੇ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ। ਮੱਛਰ ਭਜਾਓ ਕਰੀਮਾਂ ਜਾਂ ਤੇਲ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਘਰਾਂ ਤੇ ਦਫ਼ਤਰਾਂ ’ਚ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟਰੇਆਂ ਨੂੰ ਹਫ਼ਤੇ ’ਚ ਇਕ ਵਾਰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਜਦੋਂ ਡੇਂਗੂ ਪ੍ਰਭਾਵਿਤ ਥਾਵਾਂ ਵੱਲ ਜਾਂਦੇ ਹੋ ਤਾਂ ਸਰੀਰ ’ਤੇ ਅਜਿਹੇ ਕੱਪੜੇ ਪਾਏ ਜਾਣ, ਜਿਸ ਨਾਲ ਸਾਰਾ ਸਰੀਰ ਢਕਿਆ ਹੋਵੇ। ਮੱਛਰਾਂ ਦੇ ਕੱਟਣ ਦੇ ਖ਼ਤਰੇ ਨੂੰ ਖਿੜਕੀਆਂ ਤੇ ਦਰਵਾਜ਼ਿਆਂ ’ਤੇ ਜਾਲੀ ਲਗਾ ਕੇ ਘੱਟ ਕੀਤਾ ਜਾ ਸਕਦਾ ਹੈ।

ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ, ਅਰਧ ਸਰਕਾਰੀ ਗ਼ੈਰ-ਸਰਕਾਰੀ ਸੰਸਥਾਵਾਂ, ਸਿੱਖਿਆ ਸੰਸਥਾਵਾਂ, ਸ਼ਹਿਰਾਂ, ਪਿੰਡਾਂ, ਕਸਬਿਆਂ, ਝੁੱਗੀਆਂ-ਝੌਂਪੜੀਆਂ ਆਦਿ ਤਕ ਪਹੁੰਚ ਕਰ ਕੇ ਡੇਂਗੂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਨੈਸ਼ਨਲ ਵੈਕਟਰ ਬੋਰਨ ਡਿਸੀਸਜ਼ ਕੰਟਰੋਲ ਪ੍ਰੋਗਰਾਮ ’ਚ ਸ਼ਾਮਿਲ ਕੀਤੀਆਂ ਛੇ ਬਿਮਾਰੀਆਂ ’ਚ ਡੇਂਗੂ ਨੂੰ ਵਿਸ਼ੇਸ਼ ਥਾਂ ਦਿੱਤੀ ਗਈ ਹੈ।

- ਨਰਿੰਦਰ ਪਾਲ ਸਿੰਘ

Posted By: Harjinder Sodhi