ਨਿਊਯਾਰਕ ਟਾਈਮਜ਼, ਵਾਸ਼ਿੰਗਟਨ : ਆਲਮੀ ਤਪਸ਼ ਦੀ ਮਾਰ ਖੇਤੀਬਾੜੀ ਤੋਂ ਲੈ ਕੇ ਰੋਜ਼ਾਨਾ ਦੇ ਲਗਪਗ ਹਰ ਕੰਮ 'ਤੇ ਵੇਖੀ ਜਾ ਸਕਦੀ ਹੈ। ਵਧਦੇ ਤਾਪਮਾਨ ਨੂੰ ਲੈ ਕੇ ਹਰ ਪਾਸੇ ਚਿੰਤਾ ਪ੍ਰਗਟਾਈ ਜਾ ਰਹੀ ਹੈ। ਗਲੇਸ਼ੀਅਰਾਂ ਦੀ ਪਿਘਲਦੀ ਬਰਫ਼ ਨਾਲ ਇਕ ਪਾਸੇ ਜਿੱਥੇ ਧਰਤੀ ਦਾ ਇਕ ਵੱਡਾ ਹਿੱਸਾ ਡੁੱਬਣ ਦੀ ਸ਼ੰਕਾ ਹੈ, ਤਾਂ ਦੂਜੇ ਪਾਸੇ ਤਪਦੀ ਗਰਮੀ ਕਾਰਨ ਬਣ ਰਹੀ ਸੋਕੇ ਦੀ ਸਥਿਤੀ ਵੀ ਚਿੰਤਾਜਨਕ ਹੈ। ਇਨ੍ਹਾਂ ਸਭ ਦੇ ਦਰਮਿਆਨ ਚਿੰਤਾ ਦਾ ਇਕ ਹੋਰ ਕਾਰਨ ਸਾਹਮਣੇ ਆਇਆ ਹੈ। ਇਕ ਅਧਿਐਨ 'ਚ ਪਾਇਆ ਗਿਆ ਹੈ ਕਿ ਗਰਮ ਹੁੰਦੀ ਦੁਨੀਆ 'ਚ ਡੇਂਗੂ ਦਾ ਖ਼ਤਰਾ ਵੀ ਵਧ ਸਕਦਾ ਹੈ।

ਡੇਂਗੂ ਦੀ ਦਹਿਸ਼ਤ ਭਾਰਤ ਤੇ ਬ੍ਰਾਜ਼ੀਲ ਜਿਹੇ ਗਰਮ ਵਾਤਾਵਰਨ ਵਾਲੇ ਦੇਸ਼ਾਂ 'ਚ ਜ਼ਿਆਦਾ ਹੈ। ਮਾਦਾ ਏਡੀਜ ਇਜਿਪਟੀ ਮੱਛਰ ਕਾਰਨ ਫੈਲਣ ਵਾਲੀ ਇਸ ਬਿਮਾਰੀ ਦੇ ਲੱਛਣਾਂ 'ਚ ਬੁਖ਼ਾਰ, ਜੋੜਾਂ 'ਚ ਦਰਦ ਤੇ ਅੰਦਰੂਨੀ ਖ਼ੂਨ ਦਾ ਵਹਾਅ ਸ਼ੁਮਾਰ ਹਨ। ਦੁਨੀਆ ਭਰ 'ਚ ਹਰ ਸਾਲ ਡੇਂਗੂ ਦੇ ਕਰੀਬ 10 ਲੱਖ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ। ਅਧਿਐਨ 'ਚ ਕਿਹਾ ਗਿਆ ਹੈ ਕਿ 2015 ਦੀ ਤੁਲਨਾ 'ਚ 2080 'ਚ ਦੋ ਅਰਬ ਵਾਧੂ ਆਬਾਦੀ ਡੇਂਗੂ ਦੇ ਖ਼ਤਰੇ ਦੇ ਘੇਰੇ 'ਚ ਆ ਜਾਵੇਗੀ। ਵਿਗਿਆਨ ਪੱਤਰਕਾ ਨੇਚਰ ਮਾਈਕ੍ਰੋਬਾਇਓਲਾਜੀ 'ਚ ਪ੍ਰਕਾਸ਼ਿਤ ਅਧਿਐਨ ਮੁਤਾਬਕ, ਵਾਤਾਵਰਨ 'ਚ ਵਧਦੀ ਗਰਮੀ ਏਡੀਜ ਇਜਿਪਟੀ ਪ੍ਰਜਾਤੀ ਦੇ ਮੱਛਰਾਂ ਨੂੰ ਉਨ੍ਹਾਂ ਇਲਾਕਿਆਂ 'ਚ ਵੀ ਵਧਣ 'ਚ ਮਦਦ ਕਰੇਗੀ, ਜਿੱਥੇ ਹਾਲੇ ਇਨ੍ਹਾਂ ਦਾ ਪ੍ਰਸਾਰ ਘੱਟ ਹੈ। ਦੱਖਣੀ ਪੂਰਬੀ ਅਮਰੀਕਾ, ਚੀਨ ਤੇ ਜਾਪਾਨ ਦੇ ਤੱਟੀ ਇਲਾਕੇ ਤੇ ਆਸਟ੍ਰੇਲੀਆ ਦੇ ਵੱਡੇ ਹਿੱਸੇ 'ਚ ਆਲਮੀ ਤਪਸ਼ ਇਨ੍ਹਾਂ ਮੱਛਰਾਂ ਦੇ ਪ੍ਰਸਾਰ ਦਾ ਕਾਰਨ ਬਣ ਰਹੀ ਹੈ। ਗਰਮੀ ਇਨ੍ਹਾਂ ਮੱਛਰਾਂ ਦੇ ਸਰੀਰਕ ਵਿਕਾਸ 'ਚ ਵੀ ਮਦਦ ਕਰਦੀ ਹੈ। ਗਰਮ ਮੌਸਮ 'ਚ ਮੱਛਰ ਜ਼ਿਆਦਾ ਛੇਤੀ ਕੱਟਣ ਦੇ ਕਾਬਲ ਹੋ ਜਾਂਦੇ ਹਨ। ਇਸ ਨਾਲ ਉਨ੍ਹਾਂ ਕੋਲ ਬਿਮਾਰੀ ਫੈਲਾਉਣ ਦਾ ਸਮਾਂ ਵੀ ਜ਼ਿਆਦਾ ਰਹਿੰਦਾ ਹੈ।

ਲਗਾਤਾਰ ਵਧ ਰਿਹਾ ਖ਼ਤਰਾ

ਅਧਿਐਨ ਦੌਰਾਨ ਮਾਡਲ ਰਾਹੀਂ 2020, 2050 ਤੇ 2080 ਦੇ ਹਾਲਾਤ ਦਾ ਅਨੁਮਾਨ ਲਗਾਇਆ ਗਿਆ। ਇਸ 'ਚ ਆਲਮੀ ਤਪਸ਼ ਦੀ ਮੌਜੂਦਾ ਸਥਿਤੀ ਨੂੰ ਕੇਂਦਰ 'ਚ ਰੱਖਦਿਆਂ ਡੇਂਗੂ ਦੇ ਪ੍ਰਸਾਰ ਦਾ ਜਾਇਜ਼ਾ ਲਿਆ ਗਿਆ। ਇਸ 'ਚ ਪਾਇਆ ਗਿਆ ਕਿ ਹਰ ਸਥਿਤੀ 'ਚ ਡੇਂਗੂ ਦਾ ਖ਼ਤਰਾ ਲਗਾਤਾਰ ਵਧਦਾ ਜਾਵੇਗਾ। ਹਾਲਾਂਕਿ ਜੇਕਰ ਦੁਨੀਆ ਦੇ ਵਧਦੇ ਤਾਪਮਾਨ ਨੂੰ ਰੋਕਿਆ ਜਾ ਸਕੇ, ਤਾਂ ਇਸ ਖ਼ਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।

ਇਨਸਾਨਾਂ ਨੂੰ ਹੀ ਨਿਸ਼ਾਨਾਂ ਬਣਾਉਂਦੇ ਹਨ ਏਡੀਜ ਮੱਛਰ

ਡੇਂਗੂ, ਚਿਕਨਗੁਨੀਆ ਤੇ ਜੀਕਾ ਜਿਹੀਆਂ ਬਿਮਾਰੀਆਂ ਮਾਦਾ ਏਡੀਜ ਇਜਿਪਟੀ ਮੱਛਰ ਕਾਰਨ ਫੈਲਦੀਆਂ ਹਨ। ਇਸ ਪ੍ਰਜਾਤੀ ਦੇ ਮੱਛਰ ਇਸ ਲਈ ਵੀ ਜ਼ਿਆਦਾ ਖ਼ਤਰਨਾਕ ਹਨ ਕਿਉਂਕਿ ਇਹ ਸਿਰਫ਼ ਇਨਸਾਨਾਂ ਨੂੰ ਕੱਟਣਾ ਹੀ ਆਪਣੀ ਤਰਜੀਹ 'ਚ ਰੱਖਦੇ ਹਨ। ਉੱਥੇ ਹੋਰਨਾਂ ਪ੍ਰਜਾਤੀਆਂ ਦੇ ਮੱਛਰ ਕਿਸੇ ਵੀ ਜੀਵ ਨੂੰ ਕੱਟ ਲੈਂਦੇ ਹਨ।

ਇਲਾਜ ਦੀ ਕਾਰਗਰ ਵਿਵਸਥਾ ਨਹੀਂ

ਡੇਂਗੂ ਦਾ ਇਲਾਜ ਮੁੱਖ ਰੂਪ ਨਾਲ ਇਸ ਗੱਲ 'ਤੇ ਕੇਂਦਰਿਤ ਰਹਿੰਦਾ ਹੈ ਕਿ ਮਰੀਜ ਦੇ ਸਰੀਰ 'ਚ ਪਾਣੀ ਦੀ ਕਮੀ ਨਾ ਹੋਵੇ। ਪਰ ਉਲਟੀ ਤੇ ਹੋਰਨਾਂ ਲੱਛਣਾਂ ਕਾਰਨ ਇਸ 'ਚ ਮੁਸ਼ਕਲ ਆਉਂਦੀ ਹੈ। ਦੂਜੇ ਪਾਸੇ, ਹਾਲੇ ਇਸ ਦਾ ਕਾਰਗਰ ਟੀਕਾ ਵੀ ਨਹੀਂ ਬਣ ਸਕਿਆ ਹੈ। ਇਕ ਟੀਕਾ ਹੈ, ਪਰ ਜ਼ਿਆਦਾਤਰ ਲੋਕਾਂ 'ਤੇ ਉਸ ਨੂੰ ਨਾਕਾਮ ਪਾਇਆ ਗਿਆ ਹੈ।

ਪਿਛਲੀ ਸਦੀ 'ਚ ਸੀ ਮਲੇਰੀਆ ਦੀ ਦਹਿਸ਼ਤ

ਦੱਖਣੀ ਪੂਰਬੀ ਅਮਰੀਕਾ ਦਾ ਵੱਡਾ ਹਿੱਸਾ ਮੱਛਰ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਗੜ੍ਹ ਰਿਹਾ ਹੈ। ਪਿਛਲੀ ਸਦੀ ਦੇ ਪੰਜਵੇਂ ਦਹਾਕੇ ਤਕ ਮਲੇਰੀਆ ਉੱਥੇ ਵੱਡਾ ਖ਼ਤਰਾ ਬਣਿਆ ਹੋਇਆ ਸੀ। ਇਸ ਤੋਂ ਬਾਅਦ ਮੱਛਰ ਖ਼ਾਤਮਾ ਅਭਿਆਨ ਨੇ ਇਸ ਤੋਂ ਮੁਕਤੀ ਦਿਵਾਈ। ਹਾਲਾਂਕਿ ਮੱਛਰਾਂ ਨੂੰ ਖ਼ਤਮ ਕਰਨ ਲਈ ਜਿਸ ਡੀਡੀਟੀ ਰਸਾਇਣ ਦੀ ਵਰਤੋਂ ਕੀਤੀ ਗਈ, ਉਸ ਨਾਲ ਵਾਤਾਵਰਨ ਨੂੰ ਵੀ ਵੱਡਾ ਨੁਕਸਾਨ ਪੁੱਜਾ।