ਨਵੀਂ ਦਿੱਲੀ (ਏਜੰਸੀ) : ਡੀਸੀਜੀਆਈ (ਡਰੱਗਜ਼ ਕੰਟੋਰਲਰ ਜਨਰਲ ਆਫ ਇੰਡੀਆ) ਨੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਕੋਵਿਡ-19 ਦੇ ਟੀਕੇ ਦੇ ਦੇਸ਼ 'ਚ ਦੂਜੇ ਤੇ ਤੀਜੇ ਪੜਾਅ ਦੇ ਮਨੁੱਖੀ ਪ੍ਰੀਖਣ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਐੱਸਆਈਆਈ ਨੂੰ ਇਹ ਮਨਜ਼ੂਰੀ ਡਰੱਗਜ਼ ਕੰਟਰੋਲਰ ਡਾ. ਵੀਜੀ ਸੋਮਾਨੀ ਨੇ ਦਿੱਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੋਵਿਡ-19 ਸਬੰਧੀ ਵਿਸ਼ਾ ਮਾਹਿਰ ਕਮੇਟੀ (ਐੱਸਈਸੀ) ਦੀਆਂ ਸਿਫ਼ਾਰਸ਼ਾਂ 'ਤੇ ਡੂੰਘੀ ਵਿਚਾਰ-ਚਰਚਾ ਕੀਤੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੰਪਨੀ ਨੂੰ ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਤੋਂ ਪਹਿਲਾਂ ਸੁਰੱਖਿਆ ਸਬੰਧੀ ਇਹ ਡਾਟਾ ਕੇਂਦਰੀ ਦਵਾਈ ਮਾਨਕ ਕੰਟਰੋਲ ਸੰਗਠਨ (ਸੀਡੀਐੱਸਸੀਓ) ਕੋਲ ਜਮ੍ਹਾਂ ਕਰਨਾ ਪਵੇਗਾ ਜਿਸ ਦਾ ਮੁੱਲਾਂਕਣ ਡਾਟਾ ਸੁਰੱਖਿਆ ਨਿਗਰਾਨੀ ਬੋਰਡ (ਡੀਐੱਸਐੱਮਬੀ) ਨੇ ਕੀਤਾ ਹੋਵੇ।

ਉਨ੍ਹਾਂ ਨੇ ਦੱਸਿਆ ਕਿ ਇਸ ਅਧਿਐਨ ਦੀ ਰੂਪਰੇਖਾ ਮੁਤਾਬਕ, ਟ੍ਰਾਇਲ 'ਚ ਸ਼ਾਮਿਲ ਹਰ ਵਿਅਕਤੀ ਨੂੰ ਚਾਰ ਹਫ਼ਤਿਆਂ ਦੇ ਅੰਦਰ ਦੋ ਡੋਜ਼ ਦਿੱਤੀਆਂ ਜਾਣਗੀਆਂ (ਯਾਨੀ ਪਹਿਲੀ ਡੋਜ਼ ਦੇ 29ਵੇਂ ਦਿਨ ਦੂਜਾ ਡੋਜ਼ ਦਿੱਤਾ ਜਾਵੇਗਾ)। ਇਸ ਤੋਂ ਬਾਅਦ ਤੈਅ ਸਮੇਂ 'ਤੇ ਸੁਰੱਖਿਆ ਤੇ ਪ੍ਰਤੀ ਰੱਖਿਆ ਸਮਰੱਥਾ ਦਾ ਅਨੁਮਾਨ ਲਾਇਆ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਸੀਡੀਐੱਸਸੀਓ ਦੇ ਮਾਹਰ ਪੈਨਲ ਨੇ ਪਹਿਲੇ ਤੇ ਦੂਜੇ ਪੜਾਅ ਦੇ ਪ੍ਰੀਖਣ ਤੋਂ ਮਿਲੇ ਡਾਟੇ 'ਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕੋਵਿਸ਼ੀਲਡ ਦੇ ਭਾਰਤ 'ਚ ਸਿਹਤਮੰਦ ਬਾਲਗਾਂ 'ਤੇ ਦੂਜੇ ਤੇ ਤੀਜੇ ਪੜਾਅ ਦੇ ਪ੍ਰੀਖਣ ਦੀ ਮਨਜ਼ੂਰੀ ਦਿੱਤੀ।

ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਇਸ ਟੀਕੇ ਦੇ ਦੂਜੇ ਤੇ ਤੀਜੇ ਪੜਾਅ ਦਾ ਪ੍ਰੀਖਣ ਅਜੇ ਬਰਤਾਨੀਆ 'ਚ ਚੱਲ ਰਿਹਾ ਹੈ। ਤੀਜੇ ਪੜਾਅ ਦਾ ਪ੍ਰੀਖਣ ਬ੍ਰਾਜ਼ੀਲ 'ਚ ਤੇ ਪਹਿਲੇ ਤੇ ਦੂਜੇ ਪੜਾਅ ਦਾ ਪ੍ਰੀਖਣ ਦੱਖਣੀ ਅਫਰੀਕਾ 'ਚ ਚੱਲ ਰਿਹਾ ਹੈ। ਦੂਜੇ ਤੇ ਤੀਜੇ ਪੜਾਅ ਦੇ ਪ੍ਰੀਖਣ ਲਈ ਐੱਸਆਈਆਈ ਦੀ ਅਰਜ਼ੀ 'ਤੇ ਵਿਚਾਰ ਕਰਨ ਤੋਂ ਬਾਅਦ ਐੱਸਈਸੀ ਨੇ 28 ਜੁਲਾਈ ਨੂੰ ਇਸ ਸਬੰਧੀ ਕੁਝ ਹੋਰ ਜਾਣਕਾਰੀ ਮੰਗੀ ਸੀ ਤੇ ਤੇ ਪ੍ਰੋਟੋਕਾਲ 'ਚ ਸੋਧ ਕਰਨ ਨੂੰ ਕਿਹਾ ਸੀ। ਐੱਸਆਈਆਈ ਨੇ ਸੋਧ ਤਜਵੀਜ਼ ਬੁੱਧਵਾਰ ਨੂੰ ਜਮ੍ਹਾਂ ਕਰਵਾ ਦਿੱਤੀ। ਪੈਨਲ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਕਲੀਨਿਕਲ ਟ੍ਰਾਇਲ ਲਈ ਥਾਵਾਂ ਦੀ ਚੋਣ ਪੂਰੇ ਦੇਸ਼ 'ਚ ਕੀਤੀ ਜਾਵੇ।