Dark Neck Remedies : ਖ਼ੂਬਸੂਰਤੀ ਹਰ ਕਿਸੇ ਦੀ ਖਾਹਸ਼ ਹੁੰਦੀ ਹੈ। ਮੁੰਡਾ ਹੋਵੇ ਜਾਂ ਕੁੜੀ, ਹਰ ਕੋਈ ਆਪਣੇ ਚਿਹਰੇ ਦੀ ਬਹੁਤ ਚਿੰਤਾ ਕਰਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਚਿਹਰਾ ਹਮੇਸ਼ਾ ਚਮਕਦਾ ਤੇ ਦਮਕਦਾ ਰਹੇ, ਪਰ ਕਈ ਵਾਰ ਲੋਕ ਚਿਹਰੇ ਨੂੰ ਨਿਖਾਰਨ ਦੀ ਕੋਸ਼ਿਸ਼ ਵਿਚ ਆਪਣੀ ਧੌਣ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਅਜਿਹੇ 'ਚ ਧੌਣ 'ਤੇ ਕਾਲੇ ਧੱਬੇ ਤੁਹਾਡੀ ਖੂਬਸੂਰਤੀ ਨੂੰ ਘਟਾਉਣ ਲਗਦੇ ਹਨ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਆਪਣੀ ਕਾਲੀ ਧੌਣ ਨੂੰ ਸਾਫ ਕਰ ਸਕਦੇ ਹੋ।

ਹਲਦੀ, ਦੁੱਧ ਤੇ ਵੇਸਣ

ਜੇਕਰ ਤੁਸੀਂ ਕਾਲੀ ਧੌਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਸ ਦੇ ਲਈ ਹਲਦੀ, ਦੁੱਧ ਤੇ ਵੇਸਣ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਪੈਕ ਨੂੰ ਤਿਆਰ ਕਰਨ ਲਈ ਇਕ ਚਮਚ ਵੇਸਣ ਅਤੇ ਇਕ ਚਮਚ ਦੁੱਧ ਮਿਲਾ ਕੇ ਇਸ ਵਿਚ ਇਕ ਚੁਟਕੀ ਹਲਦੀ ਮਿਲਾ ਲਓ। ਹੁਣ ਇਸ ਪੇਸਟ ਨੂੰ ਧੌਣ 'ਤੇ ਲਗਾਓ ਅਤੇ ਸੁੱਕਣ ਲਈ ਛੱਡ ਦਿਓ। ਸੁੱਕਣ ਤੋਂ ਬਾਅਦ ਇਸ ਨੂੰ ਰਗੜ ਕੇ ਧੋ ਲਓ। ਹਫਤਾਵਾਰੀ ਆਧਾਰ 'ਤੇ ਇਸ ਪੈਕ ਦੀ ਵਰਤੋਂ ਕਰਨ ਨਾਲ ਤੁਹਾਨੂੰ ਲਾਭ ਮਿਲੇਗਾ।

ਸ਼ਹਿਦ ਤੇ ਨਿੰਬੂ

ਸ਼ਹਿਦ ਤੇ ਨਿੰਬੂ ਦੀ ਮਦਦ ਨਾਲ ਤੁਸੀਂ ਧੌਣ ਦੇ ਦਾਗ-ਧੱਬਿਆਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਇਸਦੇ ਲਈ ਤੁਹਾਨੂੰ ਇਕ ਕਟੋਰੀ ਵਿਚ ਇਕ ਚਮਚ ਨਿੰਬੂ ਦਾ ਰਸ ਤੇ ਇੱਕ ਚਮਚ ਸ਼ਹਿਦ ਮਿਲਾਉਣਾ ਹੋਵੇਗਾ। ਹੁਣ ਇਸ ਤਿਆਰ ਪੇਸਟ ਨੂੰ ਹਲਕੇ ਹੱਥਾਂ ਨਾਲ ਗਰਦਨ 'ਤੇ ਲਗਾਓ। ਇਸ ਪੇਸਟ ਦੀ ਮਦਦ ਨਾਲ ਤੁਸੀਂ ਨਾ ਸਿਰਫ ਗਰਦਨ ਦੇ ਕਾਲੇਪਨ ਤੋਂ ਛੁਟਕਾਰਾ ਪਾ ਸਕੋਗੇ, ਸਗੋਂ ਇਹ ਵਧਦੀ ਉਮਰ ਦੇ ਲੱਛਣਾਂ ਨੂੰ ਵੀ ਦੂਰ ਕਰ ਦੇਵੇਗਾ।

ਆਲੂ, ਚੌਲ ਤੇ ਗੁਲਾਬ ਜਲ

ਆਲੂ, ਚੌਲ ਅਤੇ ਗੁਲਾਬ ਜਲ ਵੀ ਧੌਣ 'ਤੇ ਕਾਲੇ ਨਿਸ਼ਾਨ ਦੂਰ ਕਰਨ 'ਚ ਮਦਦਗਾਰ ਸਾਬਿਤ ਹੋਣਗੇ। ਇਸ ਦੇ ਲਈ ਤੁਹਾਨੂੰ ਇਕ ਕਟੋਰੀ ਵਿਚ ਦੋ ਚੱਮਚ ਚੌਲਾਂ ਦੇ ਆਟੇ 'ਚ ਆਲੂ ਦਾ ਰਸ ਬਰਾਬਰ ਮਾਤਰਾ ਵਿੱਚ ਮਿਲਾਉਣਾ ਹੈ। ਹੁਣ ਇਸ ਪੇਸਟ 'ਚ ਇਕ ਚੱਮਚ ਗੁਲਾਬ ਜਲ ਮਿਲਾ ਲਓ ਤੇ ਫਿਰ ਧੌਣ 'ਤੇ ਲਗਾਓ। ਇਸ ਨੂੰ 15-20 ਮਿੰਟ ਤਕ ਸੁੱਕਣ ਦਿਓ ਅਤੇ ਫਿਰ ਪਾਣੀ ਨਾਲ ਸਾਫ਼ ਕਰ ਲਓ।

ਗੁਲਾਬ ਜਲ, ਕੱਚਾ ਪਪੀਤਾ ਤੇ ਦਹੀਂ

ਗੁਲਾਬ ਜਲ, ਕੱਚਾ ਪਪੀਤਾ ਤੇ ਦਹੀਂ ਦੀ ਪੇਸਟ ਵੀ ਕਾਲੀ ਧੌਣ ਨੂੰ ਸਾਫ ਕਰਨ 'ਚ ਮਦਦਗਾਰ ਹੋਵੇਗੀ। ਇਸ ਪੇਸਟ ਨੂੰ ਤਿਆਰ ਕਰਨ ਲਈ ਕੱਚੇ ਪਪੀਤੇ ਨੂੰ ਪੀਸ ਕੇ ਇਸ 'ਚ ਗੁਲਾਬ ਜਲ ਤੇ ਥੋੜ੍ਹਾ ਜਿਹਾ ਦਹੀਂ ਮਿਲਾ ਲਓ। ਹੁਣ ਇਸ ਤਿਆਰ ਪੇਸਟ ਨੂੰ ਉਂਗਲਾਂ ਦੀ ਮਦਦ ਨਾਲ ਗਰਦਨ 'ਤੇ ਲਗਾਓ ਤੇ ਲਗਪਗ 15 ਮਿੰਟ ਤਕ ਸੁੱਕਣ ਦਿਓ। ਬਾਅਦ ਵਿਚ ਇਸ ਨੂੰ ਰਗੜ ਕੇ ਧੋ ਲਓ।

ਵੇਸਣ ਤੇ ਨਿੰਬੂ

ਗਲ਼ੇ ਦੇ ਨਿਸ਼ਾਨਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਵੇਸਣ ਤੇ ਨਿੰਬੂ ਦੀ ਵਰਤੋਂ ਵੀ ਕਰ ਸਕਦੇ ਹੋ। ਇਕ ਕਟੋਰੀ ਵਿਚ ਇਕ ਚਮਚ ਵੇਸਣ ਤੇ ਇੱਕ ਚਮਚ ਨਿੰਬੂ ਦਾ ਰਸ ਮਿਲਾਓ। ਹੁਣ ਇਸ ਪੇਸਟ ਨੂੰ ਗਰਦਨ 'ਤੇ ਲਗਾਓ ਤੇ 10 ਤੋਂ 15 ਮਿੰਟ ਤਕ ਸੁੱਕਣ ਲਈ ਛੱਡ ਦਿਓ। ਰਗੜਨ ਤੋਂ ਬਾਅਦ ਇਸ ਨੂੰ ਪਾਣੀ ਨਾਲ ਸਾਫ਼ ਕਰੋ।

Disclaimer : ਆਰਟੀਕਲ 'ਚ ਦਿੱਤੀ ਗਈ ਸਲਾਹ ਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ। ਇਸ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਜੇਕਰ ਤੁਹਾਡੇ ਕੋਈ ਸਵਾਲ ਜਾਂ ਪਰੇਸ਼ਾਨੀ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Posted By: Seema Anand