ਐਂਟੀਬਾਇਓਟਿਕ ਦਵਾਈਆਂ ਦਾ ਉਤਪਾਦਨ 75 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਇਨ੍ਹਾਂ ਨੂੰ ਲੈ ਕੇ ਸਾਲਾਂ ਤੋਂ ਪ੍ਰਗਟਾਈ ਜਾ ਰਹੀ ਪਰੇਸ਼ਾਨੀ ਬੇਸ਼ੱਕ ਗੰਭੀਰ ਹੁੰਦੀ ਜਾ ਰਹੀ ਹੈ ਪਰ ਹਕੀਕਤ ਇਹ ਹੈ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਰਾਮਬਾਣ ਇਲਾਜ ਅੱਜ ਵੀ ਇਨ੍ਹਾਂ ਦਵਾਈਆਂ ਨਾਲ ਸੰਭਵ ਹੋ ਸਕਿਆ ਹੈ। ਕਦੇ-ਕਦੇ ਇਹ ਦਵਾਈਆਂ ਸਰੀਰ 'ਚ ਐਲਰਜੀ ਤੇ ਹੋਰ ਨਵੀਂਆਂ ਬਿਮਾਰੀਆਂ ਦੇ ਪੈਦਾ ਹੋਣ ਦਾ ਸਬੱਬ ਬਣ ਜਾਂਦੀਆਂ ਹਨ।

ਰੋਗ 'ਤੇ ਬੇਅਸਰ

ਇਹ ਦਵਾਈਆਂ ਦੁਕਾਨਾਂ ਤੋਂ ਇਲਾਵਾ ਪਿੰਡਾਂ 'ਚ ਪਰਚੂਨ ਦੀਆਂ ਦੁਕਾਨਾਂ 'ਤੇ ਵੀ ਮਿਲ ਜਾਂਦੀਆਂ ਹਨ। ਲਿਹਾਜ਼ਾ ਸਰੀਰ 'ਚ ਜੋ ਜੀਵਾਣੂ ਤੇ ਵਿਸ਼ਾਣੂ ਮੌਜੂਦ ਹਨ, ਉਹ ਇਨ੍ਹਾਂ ਦਵਾਈਆਂ ਵਿਰੁੱਧ ਆਪਣਾ ਪ੍ਰਤੀਰੋਧੀ ਤੰਤਰ ਵਿਕਸਿਤ ਕਰਨ 'ਚ ਸਫਲ ਹੋ ਰਹੇ ਹਨ। ਇਹ ਦਵਾਈਆਂ ਰੋਗ 'ਤੇ ਬੇਅਸਰ ਸਿੱਧ ਹੋ ਰਹੀਆਂ ਹਨ। ਇਸ ਲਈ ਵਿਸ਼ਵ ਸਿਹਤ ਸੰਗਠਨ ਨੇ ਆਪਣੀ ਇਕ ਰਿਪੋਰਟ 'ਚ ਐਂਟੀਬਾਇਓਟਿਕ ਦਵਾਈਆਂ ਵਿਰੁੱਧ ਪੈਦਾ ਹੋ ਰਹੀ ਪ੍ਰਤੀਰੋਧਕ ਸਮਰੱਥਾ ਨੂੰ ਮਨੁੱਖੀ ਸਿਹਤ ਲਈ ਖ਼ਤਰਾ ਦੱਸਿਆ ਹੈ। ਡਬਲਿਊਐੱਚਓ ਨੇ 114 ਦੇਸ਼ਾਂ ਵਿਚ ਸਰਵੇਖਣ ਕਰ ਕੇ ਤਿਆਰ ਕੀਤੀ ਰਿਪੋਰਟ ਵਿਚ ਇਕ ਅਜਿਹੇ ਪੋਸਟ ਐਂਟੀਬਾਇਓਟਿਕ ਯੁੱਗ ਦੀ ਸ਼ੰਕਾ ਪ੍ਰਗਟਾਈ ਹੈ, ਜਿਸ 'ਚ ਲੋਕਾਂ ਸਾਹਮਣੇ ਫਿਰ ਉਨ੍ਹਾਂ ਸਧਾਰਨ ਤੱਤਾਂ ਨਾਲ ਮੌਤ ਦਾ ਖ਼ਤਰਾ ਹੋਵੇਗਾ, ਜਿਸ ਦਾ ਪਿਛਲੇ ਕਈ ਸਾਲਾਂ ਤੋਂ ਇਲਾਜ ਸੰਭਵ ਹੋ ਰਿਹਾ ਹੈ। ਇਹ ਰਿਪੋਰਟ ਮਲੇਰੀਆ, ਨਿਊਮੋਨੀਆ, ਡਾਇਰੀਆ ਅਤੇ ਖ਼ੂਨ ਦੇ ਇਨਫੈਕਸ਼ਨ

ਕਾਰਨ ਬਣਨ ਵਾਲੇ ਵੱਖ-ਵੱਖ ਜੀਵਾਣੂਆਂ 'ਤੇ ਆਧਾਰਿਤ ਹੈ।

ਸੂਖ਼ਮ ਜੀਵ

ਕੁਦਰਤੀ ਤੌਰ 'ਤੇ ਸਾਡੇ ਸਰੀਰ 'ਚ 200 ਕਿਸਮ ਦੇ ਅਜਿਹੇ ਸੂਖ਼ਮ ਜੀਵ ਮੌਜੂਦ ਹਨ, ਜੋ ਸਾਡੇ ਸੁਰੱਖਿਆ ਤੰਤਰ ਨੂੰ ਮਜ਼ਬੂਤ ਤੇ ਸਰੀਰ ਨੂੰ ਨਿਰੋਗ ਬਣਾਉਣ ਦਾ ਕੰਮ ਕਰਦੇ ਹਨ ਪਰ ਜ਼ਿਆਦਾ ਮਾਤਰਾ 'ਚ ਖਾਧੀਆਂ ਜਾਣ ਵਾਲੀਆਂ ਐਂਟੀਬਾਇਓਟਿਕ ਦਵਾਈਆਂ ਇਨ੍ਹਾਂ ਨੂੰ ਖ਼ਤਮ ਕਰ ਦਿੰਦੀਆਂ ਹਨ। ਐਂਟੀਬਾਇਓਟਿਕ ਦਵਾਈਆਂ ਦੀ ਖੋਜ ਮਨੁੱਖੀ ਜਾਤੀ ਲਈ ਵਰਦਾਨ ਸਾਬਿਤ ਹੋਈ ਸੀ। ਵਿਗਿਆਨੀਆਂ ਨੇ ਖੋਜਿਆ ਕਿ ਪੁਰਾਣੇ ਸੂਖ਼ਮ ਜੀਵਾਂ ਨੇ ਆਪਣੇ ਸੁਭਾਅ 'ਚ ਤਬਦੀਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਜਾਣੀਂ ਪੈਨਸਲੀਨ ਦੀ ਖੋਜ ਇਕ ਕ੍ਰਾਂਤੀਕਾਰੀ ਖੋਜ ਸੀ ਪਰ ਵਿਗਿਆਨੀਆਂ ਨੇ ਦੇਖਿਆ ਕਿ ਕੁਝ ਅਜਿਹੇ ਸੂਖ਼ਮ ਜੀਵ ਸਾਹਮਣੇ ਆਏ ਹਨ, ਜਿਨ੍ਹਾਂ ਉੱਪਰ ਪੈਨਸਲੀਨ ਵੀ ਬੇਅਸਰ ਹੈ।

ਅਸੁਰੱਖਿਆ ਪੈਦਾ ਕਰ ਰਹੇ ਨੇ ਜੀਵਾਣੂ

ਆਮ ਤੌਰ 'ਤੇ ਜੀਵਾਣੂ ਹੌਲੀ-ਹੌਲੀ ਐਂਟੀਬਾਇਓਟਿਕ ਵਿਰੁੱਧ ਆਪਣੇ ਅੰਦਰ ਸੁਰੱਖਿਆ ਦੀ ਸਮਰੱਥਾ ਪੈਦਾ ਕਰਦਾ ਹੈ ਪਰ ਇਨ੍ਹਾਂ ਦਵਾਈਆਂ ਦੀ ਬੇਲੋੜੀ ਵਰਤੋਂ ਨਾਲ ਇਹ ਸਥਿਤੀ ਅਨੁਮਾਨ ਨਾਲੋਂ ਜ਼ਿਆਦਾ ਤੇਜ਼ੀ ਨਾਲ ਸਾਹਮਣੇ ਆ ਰਹੀ ਹੈ। ਮਾਹਿਰਾਂ ਵੱਲੋਂ ਇਨ੍ਹਾਂ ਦਵਾਈਆਂ ਦੀ ਸਲਾਹ ਦੇਣਾ ਤੇ ਮਰੀਜ਼ ਵੱਲੋਂ ਦਵਾਈਆਂ ਦੀ ਪੂਰੀ ਮਾਤਰਾ ਨਾ ਲੈਣਾ ਵੀ ਇਸ ਦਾ ਮੁੱਖ ਕਾਰਨ ਹੈ।

Posted By: Harjinder Sodhi