ਆਪਣੀਆਂ ਭਾਵਨਾਵਾਂ ਨੂੰ ਇਕ-ਦੂਜੇ ਨਾਲ ਸਾਂਝਾ ਕਰਨਾ, ਆਪਣੀ ਪਸੰਦ ਤੇ ਨਾਪਸੰਦ ਨੂੰ ਸਾਂਝਾ ਕਰਨਾ ਸੰਚਾਰ ਦਾ ਇਕ ਤਰੀਕਾ ਹੈ। ਜੇ ਕੋਈ ਅਜਿਹਾ ਕਰਨ ਤੋਂ ਅਸਮਰੱਥ ਹੈ ਤਾਂ ਉਸ ਨੂੰ ਅਸਮਾਜਿਕ ਮੰਨਿਆ ਜਾਂਦਾ ਹੈ। ਇਹ ਜ਼ਰੂਰੀ ਨਹੀਂ ਕਿ ਅਜਿਹਾ ਕਰਨ ਵਾਲਾ ਹਰ ਕੋਈ ਸਮਾਜ ਵਿਰੋਧੀ ਹੋਵੇ, ਹੋ ਸਕਦਾ ਹੈ ਉਸ ਨੂੰ ਕੋਈ ਹੋਰ ਸਮੱਸਿਆ ਹੋਵੇ, ਉਸ ਨੂੰ ਆਟਿਜ਼ਮ ਹੋ ਸਕਦਾ ਹੈ, ਜਿਸ ਕਾਰਨ ਉਸ ਨੂੰ ਸੰਚਾਰ ਕਰਨ ’ਚ ਮੁਸ਼ਕਲ ਆਉਂਦੀ ਹੈ। ਅਜਿਹੀ ਸਥਿਤੀ ’ਚ ਦੂਜਿਆਂ ਪ੍ਰਤੀ ਆਪਣੀ ਰਾਏ ਬਣਾਉਣ ਤੋਂ ਪਹਿਲਾਂ ਸਾਡੇ ਲਈ ਦੂਜੇ ਬਾਰੇ ਸਹੀ ਜਾਣਕਾਰੀ ਹੋਣੀ ਜ਼ਰੂਰੀ ਹੈ।

ਕੀ ਹੈ ਆਟਿਜ਼ਮ?

ਆਟਿਜ਼ਮ ਨਿਊਰੋ ਡਿਵੈਲਪਮੈਂਟਲ ਡਿਸਆਰਡਰ ਦੀ ਇਕ ਕਿਸਮ ਹੈ। ਇਸ ਕਿਸਮ ਦੇ ਵਿਗਾੜ ਲਈ ਇਕ ਵਿਆਪਕ ਸ਼ਬਦ ਯਾਨੀ ਆਟਿਜ਼ਮ ਸਪੈਕਟ੍ਰਮ ਡਿਸਆਰਡਰ ਹੈ। ਵਾਸਤਵ ਵਿਚ ਜਦੋਂ ਜੈਨੇਟਿਕ ਜਾਂ ਵਾਤਾਵਰਨਕ ਕਾਰਕ ਇਕੱਠੇ ਹੋ ਕੇ ਦਿਮਾਗ਼ ਦੇ ਵਿਕਾਸ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰਦੇ ਹਨ, ਤਾਂ ਇਸ ਨੂੰ ਨਿਊਰੋ ਡਿਵੈਲਪਮੈਂਟਲ ਡਿਸਆਰਡਰ ਕਿਹਾ ਜਾਂਦਾ ਹੈ।

ਅਕਸਰ ਇਸ ਕਿਸਮ ਦੀ ਬਿਮਾਰੀ ਦਾ ਪਤਾ ਬਚਪਨ ’ਚ ਹੀ ਲੱਗ ਜਾਂਦਾ ਹੈ ਪਰ ਕੁਝ ਦੁਰਲੱਭ ਮਾਮਲਿਆਂ ’ਚ ਇਸ ਦਾ ਪਤਾ ਨਹੀਂ ਚੱਲਦਾ। ਇਨ੍ਹਾਂ ਤੰਤੂ-ਵਿਕਾਸ ਸੰਬੰਧੀ ਵਿਗਾੜਾਂ ਜਾਂ ਨਿਊਰੋ ਡਿਵੈਲਪਮੈਂਟਲ ਡਿਸਆਰਡਰ ਵਿਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਾਂ ਵਿਕਾਰ ਸ਼ਾਮਿਲ ਹੁੰਦੇ ਹਨ, ਜਿਨ੍ਹਾਂ ਵਿੱਚੋਂ ਇਕ ਆਟਿਜ਼ਮ ਸਪੈਕਟ੍ਰਮ ਡਿਸਆਰਡਰ ਹੈ।

ਆਟਿਜ਼ਮ ਸਪੈਕਟ੍ਰਮ ਡਿਸਆਰਡਰ ਵਿਚ ਮਨੁੱਖਾਂ ਨੂੰ ਇਕ-ਦੂਜੇ ਨਾਲ ਸੰਚਾਰ ਕਰਨ ਵਿਚ ਮੁਸ਼ਕਲ ਆਉਂਦੀ ਹੈ। ਇਸ ਬਿਮਾਰੀ ਤੋਂ ਪੀੜਤ ਲੋਕਾਂ ਦੇ ਵਿਹਾਰ ਵਿਚ ਦੁਹਰਾਓ ਦੇਖਿਆ ਜਾਂਦਾ ਹੈ। ਉਹੀ ਸ਼ਬਦ ਵਾਰ-ਵਾਰ ਕਹਿਣਾ, ਦੂਜੇ ਬੱਚਿਆਂ ਨਾਲ ਸਮਾਜਿਕ ਮੇਲ-ਜੋਲ ਤੋਂ ਪਰਹੇਜ਼ ਕਰਨਾ, ਕਿਸੇ ਗ਼ਲਤ ਕੰਮ ਤੋਂ ਇਨਕਾਰ ਕਰਨ ’ਤੇ ਹਮਲਾਵਰ ਤਰੀਕੇ ਨਾਲ ਕੰਮ ਕਰਨਾ, ਖ਼ੁਦ ਨੂੰ ਨੁਕਸਾਨ ਪਹੁੰਚਾਉਣਾ, ਆਲੇ-ਦੁਆਲੇ ਤੋੜ-ਭੰਨ ਕਰਨੀ ਜਾਂ ਉੱਚੀ ਆਵਾਜ਼ ਵਿਚ ਬੋਲਣਾ।

ਲੱਛਣ

ਕਿਸੇ ਨੂੰ ਆਪਣਾ ਨਾਂ ਪੁਕਾਰਦਾ ਸੁਣਨ ਵਿਚ ਅਸਫਲ ਹੋਣਾ ਜਾਂ ਜਵਾਬ ਦੇਣ ਵਿਚ ਹੌਲੀ ਹੋਣਾ।

ਇੱਕੋ ਵਾਕਾਂਸ਼ ਨੂੰ ਵਾਰ-ਵਾਰ ਦੁਹਰਾਉਣਾ, ਦੁਹਰਾਉਣ ਵਾਲੀਆਂ ਹਰਕਤਾਂ, ਜਿਵੇਂ ਹੱਥ ਅੱਗੇ-ਪਿੱਛੇ ਹਿਲਾਉਣਾ ਜਾਂ ਉਂਗਲਾਂ ਨੂੰ ਫੜਕਣਾ।

ਦੂਜੇ ਲੋਕਾਂ ਨਾਲ ਗੱਲਬਾਤ ਕਰਨ ’ਚ ਸੀਮਤ ਦਿਲਚਸਪੀ, ਸੰਵੇਦੀ ਉਤੇਜਨਾ ਲਈ ਵੱਧ ਜਾਂ ਘੱਟ ਸੰਵੇਦਨਸ਼ੀਲਤਾ, ਜਿਵੇਂ ਆਵਾਜ਼, ਗੰਧ, ਰੰਗ ਅਤੇ ਰੋਸ਼ਨੀ, ਰੁਟੀਨ ਵਿਚ ਮਾਮੂਲੀ ਤਬਦੀਲੀਆਂ ਤੋਂ ਪਰੇਸ਼ਾਨ ਹੋਣਾ ਆਦਿ।

ਮਾਨਸਿਕ ਬਿਮਾਰੀ

ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 2 ਅਪ੍ਰੈਲ 2007 ਨੂੰ ਵਿਸ਼ਵ ਆਟਿਜ਼ਮ ਜਾਗਰੂਕਤਾ ਦਿਵਸ ਵਜੋਂ ਐਲਾਨ ਕੀਤਾ। ਇਸ ਦਿਨ ਨੂੰ ਮਨਾਉਣ ਦਾ ਮਕਸਦ ਆਟਿਜ਼ਮ ਤੋਂ ਪੀੜਤ ਬੱਚਿਆਂ ਦੇ ਜੀਵਨ ਵਿਚ ਬਿਹਤਰੀ ਤੇ ਸੁਧਾਰ ਲਈ ਜ਼ਰੂਰੀ ਕਦਮ ਚੁੱਕਣਾ ਹੈ। ਆਟਿਜ਼ਮ ਅਜਿਹੀ ਬਿਮਾਰੀ ਹੈ, ਜਿਸ ਵਿਚ ਬੱਚੇ ਦੇ ਦਿਮਾਗ਼ ਦਾ ਵਿਕਾਸ ਸਹੀ ਢੰਗ ਨਾਲ ਨਹੀਂ ਹੁੰਦਾ। ਉਨ੍ਹਾਂ ਨੂੰ ਬਚਣ ਲਈ ਹਰ ਸਮੇਂ ਮਦਦ ਦੀ ਲੋੜ ਹੁੰਦੀ ਹੈ। ਇਹ ਇਕ ਤਰ੍ਹਾਂ ਦੀ ਮਾਨਸਿਕ ਬਿਮਾਰੀ ਹੈ। ਪਹਿਲਾ ਵਿਸ਼ਵ ਆਟਿਜ਼ਮ ਜਾਗਰੂਕਤਾ ਦਿਵਸ 02 ਅਪ੍ਰੈਲ 2008 ਨੂੰ ਮਨਾਇਆ ਗਿਆ ਸੀ। ਇਹ ਦਿਵਸ ਆਟਿਜ਼ਮ ਨਾਲ ਰਹਿ ਰਹੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿਚ ਸਹਾਇਤਾ ਤੇ ਸੁਧਾਰ ਕਰਨ ਦੀ ਲੋੜ ਨੂੰ ਉਜਾਗਰ ਕਰਦਾ ਹੈ, ਤਾਂ ਜੋ ਉਹ ਸਮਾਜ ਦੇ ਇਕ ਅਨਿੱਖੜਵੇਂ ਅੰਗ ਵਜੋਂ ਪੂਰੀ ਅਤੇ ਅਰਥਪੂਰਨ ਜ਼ਿੰਦਗੀ ਜੀਅ ਸਕਣ।

ਉਦੇਸ਼

ਵਿਸ਼ਵ ਆਟਿਜ਼ਮ ਜਾਗਰੂਕਤਾ ਦਿਵਸ ਦਾ ਉਦੇਸ਼ ਆਟਿਜ਼ਮ ਵਾਲੇ ਸਾਰੇ ਵਿਅਕਤੀਆਂ ਦੁਆਰਾ ਮਨੁੱਖੀ ਅਧਿਕਾਰਾਂ ਤੇ ਬੁਨਿਆਦੀ ਸੁਤੰਤਰਤਾਵਾਂ ਦੇ ਪੂਰੇ ਤੇ ਬਰਾਬਰ ਆਨੰਦ ਨੂੰ ਉਤਸ਼ਾਹਿਤ ਕਰਨਾ, ਸੁਰੱਖਿਅਤ ਕਰਨਾ ਅਤੇ ਯਕੀਨੀ ਬਣਾਉਣਾ ਹੈ।

ਆਟਿਜ਼ਮ ਦਾ ਸਹੀ ਕਾਰਨ ਅਜੇ ਪਤਾ ਨਹੀਂ ਹੈ ਪਰ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਜੈਨੇਟਿਕ ਜਾਂ ਵਾਤਾਵਰਨਕ ਕਾਰਕਾਂ ਨਾਲ ਜੁੜਿਆ ਹੋ ਸਕਦਾ ਹੈ। ਆਟਿਜ਼ਮ ਸਪੈਕਟ੍ਰਮ ਡਿਸਆਰਡਰ ਦਾ ਕੋਈ ਇਲਾਜ ਨਹੀਂ ਹੈ ਪਰ ਭਾਸ਼ਾ ਦੀ ਥੈਰੇਪੀ, ਓਕੂਪੇਸ਼ਨਲ ਥੈਰੇਪੀ, ਵਿੱਦਿਅਕ ਸਹਾਇਤਾ ਅਤੇ ਕਈ ਹੋਰ ਤਰੀਕੇ ਆਟਿਜ਼ਮ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਮਦਦ ਕਰ ਸਕਦੇ ਹਨ।

ਵਿਕਾਸ ਸਬੰਧੀ ਅਪਾਹਜਤਾ

ਆਟਿਜ਼ਮ ਇਕ ਵਿਕਾਸ ਸਬੰਧੀ ਅਪਾਹਜਤਾ ਹੈ, ਜੋ ਜੀਵਨ ਦੇ ਪਹਿਲੇ ਤਿੰਨ ਸਾਲਾਂ ਦੌਰਾਨ ਪ੍ਰਗਟ ਹੁੰਦੀ ਹੈ ਤੇ ਸਾਰੀ ਉਮਰ ਬਣੀ ਰਹਿੰਦੀ ਹੈ, ਹਾਲਾਂਕਿ ਸਮੇਂ ਦੇ ਨਾਲ ਲੱਛਣਾਂ ’ਚ ਸੁਧਾਰ ਹੋ ਸਕਦਾ ਹੈ। ਇਹ ਮਾਨਸਿਕ ਕਮਜ਼ੋਰੀ ਨਹੀਂ ਹੈ ਕਿਉਂਕਿ ਆਟਿਜ਼ਮ ਵਾਲੇ ਲੋਕ ਕਲਾ, ਸੰਗੀਤ, ਲੇਖਣੀ ਆਦਿ ਵਰਗੇ ਖੇਤਰਾਂ ’ਚ ਸ਼ਾਨਦਾਰ ਹੁਨਰ ਦਿਖਾ ਸਕਦੇ ਹਨ।

ਔਰਤਾਂ ਨਾਲੋਂ ਮਰਦਾਂ ’ਚ ਦੇਖਿਆ ਜਾਂਦੈ ਵਧੇਰੇ

ਦੁਨੀਆ ਭਰ ’ਚ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਸ਼ੂਗਰ, ਕੈਂਸਰ ਤੇ ਏਡਜ਼ ਦੇ ਮਰੀਜ਼ਾਂ ਦੀ ਸੰਯੁਕਤ ਗਿਣਤੀ ਤੋਂ ਵੱਧ ਹੈ। ਆਟਿਜ਼ਮ ਪੀੜਤਾਂ ਦੀ ਗਿਣਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੁਨੀਆ ਭਰ ਵਿਚ ਦਸ ਹਜ਼ਾਰ ਵਿੱਚੋਂ 100 ਬੱਚੇ ਇਸ ਬਿਮਾਰੀ ਤੋਂ ਪ੍ਰਭਾਵਿਤ ਹਨ। ਕਈ ਖੋਜਾਂ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਆਟਿਜ਼ਮ ਔਰਤਾਂ ਨਾਲੋਂ ਮਰਦਾਂ ਵਿਚ ਜ਼ਿਆਦਾ ਦੇਖਿਆ ਜਾਂਦਾ ਹੈ ਯਾਨੀ 100 ਵਿੱਚੋਂ 80 ਫ਼ੀਸਦੀ ਪੁਰਸ਼ ਇਸ ਬਿਮਾਰੀ ਤੋਂ ਪ੍ਰਭਾਵਿਤ ਹਨ।

ਪਿਆਰ ਨਾਲ ਕਰਨੀ ਚਾਹੀਦੀ ਦੇਖਭਾਲ

ਆਟਿਜ਼ਮ ਦੇ ਲੱਛਣ ਉਮਰ ਦੇ ਨਾਲ ਘਟਦੇ ਜਾਂਦੇ ਹਨ, ਜਿਸ ਕਾਰਨ ਉਹ ਆਉਣ ਵਾਲੇ ਸਮੇਂ ਵਿਚ ਆਮ ਲੋਕਾਂ ਵਾਂਗ ਜੀਵਨ ਬਤੀਤ ਕਰ ਸਕਣਗੇ। ਇਸ ਲਈ ਇਕ ਔਟਿਸਟਿਕ ਬੱਚੇ ਦੇ ਮਾਤਾ-ਪਿਤਾ ਅਤੇ ਸਮਾਜ ਨੂੰ ਬੱਚੇ ਦੀਆਂ ਬਦਲਦੀਆਂ ਲੋੜਾਂ ਨੂੰ ਅਨੁਕੂਲ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਆਟਿਜ਼ਮ ਪੀੜਤਾਂ ਨੂੰ ਤੁਛ ਨਹੀਂ ਸਮਝਣਾ ਚਾਹੀਦਾ ਸਗੋਂ ਅਜਿਹੇ ਬੱਚਿਆਂ ਨੂੰ ਪਿਆਰ ਕਰਨਾ ਅਤੇ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ, ਇਹ ਮੰਨ ਕੇ ਕਿ ਆਟਿਜ਼ਮ ਵਾਲਾ ਬੱਚਾ ਵੀ ਸਾਧਾਰਨ ਜੀਵਨ ਜੀਅ ਸਕਦਾ ਹੈ।

- ਲਲਿਤ ਗੁਪਤਾ

Posted By: Harjinder Sodhi