ਵਾਸ਼ਿੰਗਟਨ, (ਆਈਏਐੱਨਐੱਸ) : ਗਰਭ ਅਵਸਥਾ ਦੌਰਾਨ ਕੋਰੋਨਾ ਇਨਫੈਕਸ਼ਨ ਮਾਂ ਤੇ ਬੱਚੇ ਦੇ ਇਮਿਊਨ ਸਿਸਟਮ ’ਤੇ ਵੱਖ-ਵੱਖ ਅਸਰ ਛੱਡਦਾ ਹੈ। ਇਕ ਹਾਲੀਆ ਅਧਿਐਨ ’ਚ ਸ਼ੋਧਕਰਤਾਵਾਂ ਨੂੰ ਪਤਾ ਲੱਗਾ ਕਿ ਕੋਵਿਡ ਇਨਫੈਕਸ਼ਨ ਗਰਭਵਤੀਆਂ ਦੇ ਇਮਿਊਨ ਸਿਸਟਮ ਨੂੰ ਕਮਜ਼ੋਰ ਕਰ ਦਿੰਦਾ ਹੈ। ਬਿਨਾਂ ਲੱਛਣ ਵਾਲੀਆਂ ਤੇ ਗੰਭੀਰ ਰੂਪ ਨਾਲ ਇਨਫੈਕਟਿਡ ਔਰਤਾਂ ਦੇ ਇਮਿਊਨ ਸਿਸਟਮ ਵੀ ਵੱਖ-ਵੱਖ ਪ੍ਰਤੀਕਿਰਿਆਵਾਂ ਦਿੰਦੇ ਹਨ। ਕਲੀਵਲੈਂਡ ਕਲੀਨਿਕਲ ਗਲੋਬਲ ਸੈਂਟਰ ਫਾਰ ਪੈਥੋਜਨ ਐਂਡ ਹਿਊਮਨ ਹੈਲਥ ਰਿਸਰਚ ਦੇ ਨਿਰਦੇਸ਼ਕ ਜੇ ਜੰਗ ਨੇ ਕਿਹਾ, ‘ਅਸੀਂ ਜਾਣਦੇ ਹਾਂ ਕਿ ਗਰਭ ਅਵਸਥਾ ਦੌਰਾਨ ਕੋਵਿਡ ਇਨਫੈਕਸ਼ਨ ਨਾਲ ਔਰਤਾਂ ਲਈ ਖ਼ਤਰਾ ਵਧ ਜਾਂਦਾ ਹੈ। ਪਰ, ਗਰਭ ’ਚ ਪਲ਼ ਰਹੇ ਬੱਚਿਆਂ ਨਾਲ ਜੁੜੇ ਖ਼ਤਰਿਆਂ ਦੇ ਲੰਬੇ ਸਮੇਂ ਦੇ ਨਤੀਜਿਆਂ ਬਾਰੇ ਉਮੀਦ ਮੁਤਾਬਕ ਘੱਟ ਜਾਣਦੇ ਹਨ।’ ਜੰਗ ਨੇ ਕਿਹਾ, ‘ਅਧਿਐਨ ’ਚ ਇਸ ਗੱਲ ’ਤੇ ਗ਼ੌਰ ਕੀਤਾ ਗਿਆ ਹੈ ਕਿ ਗਰਭ ਧਾਰਨ ਤੋਂ ਬਾਅਦ ਸਮੇਂ-ਸਮੇਂ ’ਤੇ ਜਾਂਚ ਨਾਲ ਕਿਸ ਤਰ੍ਹਾਂ ਗਰਭ ’ਚ ਪਲ਼ ਰਹੇ ਬੱਚੇ ’ਚ ਅਣਕਿਆਸੇ ਇਨਫੈਕਸ਼ਨ ਦੇ ਖ਼ਤਰੇ ਦਾ ਪਤਾ ਲਗਾ ਕੇ ਉਸ ਨੂੰ ਰੋਕਿਆ ਜਾ ਸਕਦਾ ਹੈ।’ ਸੈੱਲ ਰਿਪੋਰਟਸ ਮੈਡੀਸਿਨ ਨਾਂ ਦੀ ਪੱਤਰਕਾ ’ਚ ਪ੍ਰਕਾਸ਼ਤ ਇਸ ਅਧਿਐਨ ’ਚ ਸ਼ੋਧਕਰਤਾਵਾਂ ਨੇ 93 ਮਾਵਾਂ ਤੇ ਉਨ੍ਹਾਂ ’ਚੋਂ 45 ਦੇ ਬੱਚਿਆਂ ਨੂੰ ਸ਼ਾਮਲ ਕੀਤਾ ਜੋ ਕੋਰੋਨਾ ਇਨਫੈਕਸ਼ਨ ਦੀ ਲਪੇਟ ’ਚ ਆ ਚੁੱਕੇ ਹਨ। ਟੀਮ ਨੇ ਖ਼ੂੁਨ ’ਚੋਂ ਲਏ ਗਏ ਸਾਈਟੋਕਿਨ ਤੇ ਹੋਰ ਇਨਫਲੇਮੇਟਰੀ ਪ੍ਰੋਟੀਨ ਦੀਆਂ 1400 ਤੋਂ ਵੱਧ ਇਮਿਊਨ ਪ੍ਰੋਫਾਈਲ ਦਾ ਅਧਿਐਨ ਕੀਤਾ। ਸ਼ੋਧਕਰਤਾਵਾਂ ਨੇ ਮਾਵਾਂ ਦੇ ਕੋਰੋਨਾ ਇਨਫੈਕਟਿਡ ਹੋਣ ਦੇ ਸ਼ੁਰੂਆਤੀ ਦੌਰ ਦੇ ਖ਼ੂਨ ਦੇ ਨਮੂਨਿਆਂ ਤੇ ਗਰਭ ਅਵਸਥਾ ਦੌਰਾਨ ਹੋਰ ਸਮੇਂ ਦੇ ਨਮੂਨਿਆਂ ਦੀ ਤੁਲਨਾ ਕੀਤੀ। ਇਸ ਤੋਂ ਪਤਾ ਲੱਗਾ ਕਿ ਕਿਸ ਤਰ੍ਹਾਂ ਮਾਂ ਤੋਂ ਗਰਭ ’ਚ ਪਲ਼ ਰਹੇ ਬੱਚਿਆਂ ’ਚ ਇਨਫੈਕਸ਼ਨ ਦਾ ਪ੍ਰਸਾਰ ਹੁੰਦਾ ਹੈ।

Posted By: Sunil Thapa