ਲੰਡਨ (ਪੀਟੀਆਈ) : ਕੋਰੋਨਾ ਵਾਇਰਸ (ਕੋਵਿਡ-19) ਤੋਂ ਪੀੜਤ ਲੋਕਾਂ ਲਈ ਇਸ ਮਹਾਮਾਰੀ ਦੇ ਦੌਰ ਵਿਚ ਸਰਜਰੀ ਕਰਵਾਉਣਾ ਘਾਤਕ ਹੋ ਸਕਦਾ ਹੈ। ਇਕ ਨਵੇਂ ਅਧਿਐਨ ਵਿਚ ਕਿਹਾ ਗਿਆ ਹੈ ਕਿ ਅਜਿਹੇ ਲੋਕਾਂ ਵਿਚ ਸਰਜਰੀ ਪਿੱਛੋਂ ਹੋਣ ਵਾਲੀਆਂ ਦਿੱਕਤਾਂ ਕਾਰਨ ਮੌਤ ਦਾ ਖ਼ਤਰਾ ਵੱਧ ਸਕਦਾ ਹੈ। ਇਸ ਅਧਿਐਨ ਤੋਂ ਕੋਰੋਨਾ ਪ੍ਰਭਾਵਿਤ ਲੋਕਾਂ ਦੇ ਬਿਹਤਰ ਇਲਾਜ ਸਬੰਧੀ ਦਿਸ਼ਾ-ਨਿਰਦੇਸ਼ ਤਿਆਰ ਕਰਨ ਵਿਚ ਮਦਦ ਮਿਲ ਸਕਦੀ ਹੈ।

ਲੈਂਸੇਟ ਪੱਤ੍ਕਾ ਵਿਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਇਹ ਸਿੱਟਾ ਕੁਲ 24 ਦੇਸ਼ਾਂ ਦੇ 235 ਹਸਪਤਾਲਾਂ ਵਿਚ ਭਰਤੀ ਰਹੇ 1,128 ਰੋਗੀਆਂ ਦੇ ਡਾਟਾ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਕੱਢਿਆ ਗਿਆ ਹੈ। ਬਿ੍ਟੇਨ ਦੀ ਬਰਮਿੰਘਮ ਯੂਨੀਵਰਸਿਟੀ ਦੇ ਖੋਜੀ ਨੂੰ ਕੋਰੋਨਾ ਇਨਫੈਕਟਿਡ ਰੋਗੀਆਂ ਵਿਚ ਸਰਜਰੀ ਪਿੱਛੋਂ ਦਾ ਨਤੀਜਾ ਚੰਗਾ ਦੇਖਣ ਨੂੰ ਨਹੀਂ ਮਿਲਿਆ। ਅਜਿਹੇ ਰੋਗੀਆਂ ਵਿਚ ਸਰਜਰੀ ਦੇ 30 ਦਿਨਾਂ ਦੇ ਅੰਦਰ ਮੌਤ ਦਰ ਕਰੀਬ 24 ਫ਼ੀਸਦੀ ਪਾਈ ਗਈ। ਅਪੈਂਡਿਕਸ ਜਾਂ ਹਰਨੀਆ ਵਰਗੀ ਸਾਧਾਰਨ ਸਰਜਰੀ ਵਿਚ ਇਹ ਦਰ 16.3 ਫ਼ੀਸਦੀ ਦੇਖਣ ਨੂੰ ਮਿਲੀ ਜਦਕਿ ਲੱਕ ਜਾਂ ਕੋਲੋਨ ਕੈਂਸਰ ਦੀ ਸਰਜਰੀ ਵਿਚ ਉੱਚ ਮੌਤ ਦਰ (26.9 ਫ਼ੀਸਦੀ) ਪਾਈ ਗਈ। ਇਹ ਖ਼ਤਰਾ 70 ਸਾਲ ਜਾਂ ਜ਼ਿਆਦਾ ਉਮਰ ਦੇ ਰੋਗੀਆਂ ਵਿਚ ਜ਼ਿਆਦਾ ਪਾਇਆ ਗਿਆ। ਇਹੀ ਨਹੀਂ ਅੌਰਤਾਂ ਦੀ ਤੁਲਨਾ ਵਿਚ ਮਰਦਾਂ ਵਿਚ ਮੌਤ ਦਾ ਜੋਖ਼ਮ ਜ਼ਿਆਦਾ ਰਿਹਾ। ਇਸ ਤੋਂ ਪਹਿਲੇ ਕੀਤੇ ਗਏ ਇਕ ਅਧਿਐਨ ਵਿਚ ਉੱਚ ਜੋਖ਼ਮ ਵਾਲੀ ਸਰਜਰੀ ਵਿਚ ਮੌਤ ਦੀ ਦਰ 14.9 ਫ਼ੀਸਦੀ ਪਾਈ ਗਈ ਸੀ। ਬਰਮਿੰਘਮ ਯੂਨੀਵਰਸਿਟੀ ਦੇ ਖੋਜੀ ਅਨਿਲ ਭੰਗੂ ਨੇ ਕਿਹਾ ਕਿ ਅਸੀਂ ਸਲਾਹ ਦਿੰਦੇ ਹਾਂ ਕਿ ਕੋਰੋਨਾ ਮਹਾਮਾਰੀ ਦੇ ਦੌਰ ਵਿਚ ਸਰਜਰੀ ਨੂੰ ਲੈ ਕੇ ਖ਼ਾਸ ਧਿਆਨ ਦਿੱਤੇ ਜਾਣ ਦੀ ਲੋੜ ਹੈ। ਉਦਾਹਰਣ ਦੇ ਤੌਰ 'ਤੇ ਐਮਰਜੈਂਸੀ ਸਰਜਰੀ ਦਾ ਸਾਹਮਣਾ ਕਰਨ ਵਾਲੇ 70 ਸਾਲ ਤੋਂ ਜ਼ਿਆਦਾ ਉਮਰ ਦੇ ਮਰਦਾਂ ਵਿਚ ਮੌਤ ਦਾ ਉੱਚ ਖ਼ਤਰਾ ਹੋ ਸਕਦਾ ਹੈ।

Posted By: Rajnish Kaur