ਵਾਸ਼ਿੰਗਟਨ (ਪੀਟੀਆਈ) : ਕੋਰੋਨਾ ਵਾਇਰਸ (ਕੋਵਿਡ-19) ਤੋਂ ਇਸ ਸਮੇਂ ਲਗਪਗ ਪੂਰੀ ਦੁਨੀਆ ਪ੍ਰਭਾਵਿਤ ਹੈ। ਇਸ ਕਾਰਨ ਸਿਹਤ ਸਬੰਧੀ ਕਈ ਦੂਜੀਆਂ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ। ਹੁਣ ਇਕ ਨਵੇਂ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਵੀ ਕੋਰੋਨਾ ਮਹਾਮਾਰੀ ਦਾ ਲੰਬਾ ਅਤੇ ਡੂੰਘਾ ਅਸਰ ਪੈ ਸਕਦਾ ਹੈ।

ਅਮਰੀਕਾ ਦੇ ਯੇਲ ਸਕੂਲ ਆਫ ਪਬਲਿਕ ਹੈਲਥ ਦੀ ਅਸਿਸਟੈਂਟ ਪ੍ਰੋਫੈਸਰ ਸਾਰਾ ਲੋਵ ਨੇ ਕਿਹਾ ਕਿ ਸਰੀਰਕ ਅਤੇ ਮਾਨਸਿਕ ਸਿਹਤ ਦੇ ਨਜ਼ਰੀਏ ਤੋਂ ਇਸ ਮਹਾਮਾਰੀ ਦੇ ਥੋੜ੍ਹੇ ਅਤੇ ਲੰਬੇ ਸਮੇਂ ਦੇ ਪ੍ਰਭਾਵ ਦੀ ਸ਼ੰਕਾ ਹੈ। ਇਸ ਦੇ ਉਨ੍ਹਾਂ ਪ੍ਰਭਾਵਾਂ ਤੋਂ ਵੀ ਜ਼ਿਆਦਾ ਗੰਭੀਰ ਹੋਣ ਦਾ ਅਨੁਮਾਨ ਹੈ ਜੋ ਅਤੀਤ ਵਿਚ ਆਏ ਕੈਟਰੀਨਾ ਤੂਫ਼ਾਨ ਕਾਰਨ ਦੇਖਣ ਨੂੰ ਮਿਲੇ ਸਨ। ਪੀਐੱਨਐੱਸ ਪੱਤ੍ਕਾ ਵਿਚ ਪ੍ਰਕਾਸ਼ਿਤ ਖੋਜ ਅਨੁਸਾਰ ਸਾਲ 2005 ਵਿਚ ਆਏ ਕੈਟਰੀਨਾ ਤੂਫ਼ਾਨ ਪਿੱਛੋਂ ਕੀਤੇ ਗਏ ਅਧਿਐਨ ਵਿਚ ਪੋਸਟ-ਟ੍ਰਾਮੈਟਿਕ ਸਟਰੈੱਸ ਡਿਸਆਰਡਰ (ਪੀਟੀਐੱਸਡੀ) ਅਤੇ ਮਾਨਸਿਕ ਤਣਾਅ ਨਾਲ ਹੀ ਆਮ ਸਰੀਰਕ ਦਿੱਕਤਾਂ ਦਾ ਇਸ ਆਫ਼ਤ ਨਾਲ ਡੂੰਘਾ ਸਬੰਧ ਪਾਇਆ ਗਿਆ ਸੀ। ਮੌਜੂਦਾ ਮਹਾਮਾਰੀ ਦੇ ਦੌਰ ਵਿਚ ਵੀ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਆਮ ਤੌਰ 'ਤੇ ਦੇਖੀਆਂ ਜਾ ਰਹੀਆਂ ਹਨ। ਇਸ ਖੋਜ ਵਿਚ ਹਾਲਾਂਕਿ ਕੋਰੋਨਾ ਮਹਾਮਾਰੀ ਕਾਰਨ ਬੇਰੁਜ਼ਗਾਰੀ ਅਤੇ ਆਰਥਿਕ ਨੁਕਸਾਨ ਵਰਗੇ ਪ੍ਰਭਾਵਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਨ੍ਹਾਂ ਦਾ ਵੀ ਜਨ ਸਿਹਤ 'ਤੇ ਜ਼ਿਕਰਯੋਗ ਅਸਰ ਪੈ ਰਿਹਾ ਹੈ। ਖੋਜ ਦੇ ਨਤੀਜਿਆਂ ਤੋਂ ਜ਼ਾਹਿਰ ਹੁੰਦਾ ਹੈ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਣ ਅਤੇ ਸਿਹਤ 'ਤੇ ਪੈਣ ਵਾਲੇ ਲੰਬੇ ਸਮੇਂ ਦੇ ਅਸਰ 'ਤੇ ਧਿਆਨ ਦੇਣ ਨਾਲ ਇਨ੍ਹਾਂ ਸਮੱਸਿਆਵਾਂ ਨੂੰ ਰੋਕਣ ਵਿਚ ਮਦਦ ਮਿਲ ਸਕਦੀ ਹੈ। ਹਾਲੀਆ ਅਧਿਐਨ ਤੋਂ ਵੀ ਇਹ ਸਾਹਮਣੇ ਆ ਚੁੱਕਾ ਹੈ ਕਿ ਇਸ ਖ਼ਤਰਨਾਕ ਵਾਇਰਸ ਕਾਰਨ ਪੀਟੀਐੱਸਡੀ ਅਤੇ ਡਿਲੀਰੀਅਮ ਵਰਗੀਆਂ ਮਾਨਸਿਕ ਸਮੱਸਿਆਵਾਂ ਵੀ ਖੜ੍ਹੀਆਂ ਹੋ ਸਕਦੀਆਂ ਹਨ।

Posted By: Rajnish Kaur