ਇਹ ਬਿਲਕੁਲ ਠੀਕ ਹੈ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਹਰ ਪਾਸੇ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਇਸ ਦੇ ਕਹਿਰ ਕਾਰਨ ਸਾਡੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਪਰ ਕੋਵਿਡ-19 ਤੋਂ ਅਜੇ ਵੀ ਵਧੇਰੇ ਲੋਕ ਅਨਜਾਣ ਹਨ। ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਕਈ ਤਰ੍ਹਾਂ ਦੀਆਂ ਅਫ਼ਵਾਹਾਂ, ਵੀਡੀਓਜ਼, ਚੁਟਕਲੇ, ਇਲਾਜ-ਟੋਟਕੇ, ਮਜ਼ਾਕ ਆਦਿ ਆਉਣ ਵਾਲੇ ਸਮੇਂ ਲਈ ਖ਼ਤਰਾ ਬਣ ਸਕਦੇ ਹਨ। ਵਿਸ਼ਵ ਦੇ ਵੱਡੇ-ਵੱਡੇ ਦੇਸ਼ਾਂ 'ਚ ਇਸ ਵਾਇਰਸ ਨੇ ਵੱਡੀ ਤਬਾਹੀ ਮਚਾਈ ਤੇ ਅਜੇ ਵੀ ਘਾਤਕ ਸਿੱਧ ਹੋ ਰਿਹਾ ਹੈ। ਇਸ ਵਾਇਰਸ ਦੀ ਘੱਟ ਜਾਂ ਅਧੂਰੀ ਜਾਣਕਾਰੀ ਵੱਧ ਖ਼ਤਰਨਾਕ ਹੋ ਸਕਦੀ ਹੈ।

ਕੋਵਿਡ-19 ਮਹਾਮਾਰੀ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਭਾਰਤ ਵੀ ਇਸ ਮਹਾਮਾਰੀ ਲੜ ਰਿਹਾ ਹੈ। ਕੇਂਦਰ ਤੇ ਸੂਬਾ ਸਰਕਾਰਾਂ ਇਸ ਨਾਲ ਨਜਿੱਠਣ ਲਈ ਆਪੋ-ਆਪਣੇ ਪੱਧਰ 'ਤੇ ਉਪਰਾਲੇ ਕਰ ਰਹੀਆਂ ਹਨ। ਸਮੇਂ-ਸਮੇਂ ਸਿਰ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਇਨ੍ਹਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਉਸ ਸਮੇਂ ਜਦੋਂ ਇਸ ਲਈ ਕੋਈ ਵੈਕਸੀਨ ਜਾਂ ਵਿਸ਼ੇਸ਼ ਦਵਾਈ ਸਾਹਮਣੇ ਨਹੀਂ ਆ ਰਹੀ ਤਾਂ 'ਇਲਾਜ ਨਾਲੋਂ ਪਰਹੇਜ਼ ਚੰਗਾ' ਦਾ ਸਿਧਾਂਤ ਹੀ ਵਧੇਰੇ ਕਾਰਗਾਰ ਸਾਬਿਤ ਹੁੰਦਾ ਨਜ਼ਰ ਆ ਰਿਹਾ ਹੈ। ਇਸ ਸਿਧਾਂਤ ਦੀ ਪਾਲਣਾ ਕਰਨ ਲਈ ਜਨਤਕ ਥਾਵਾਂ 'ਤੇ ਮੂੰਹ ਨੂੰ ਮਾਸਕ ਜਾਂ ਕਿਸੇ ਹੋਰ ਯੋਗ ਕੱਪੜੇ ਨਾਲ ਢਕਣਾ ਵਿਸ਼ੇਸ਼ ਹਥਿਆਰ ਵਜੋਂ ਸਾਬਿਤ ਹੁੰਦਾ ਨਜ਼ਰ ਆ ਰਿਹਾ ਹੈ। ਇਹ ਸਮਾਂ ਹੈ ਕਿ ਲੋਕ ਭਾਵਨਾਤਮਕ ਤੌਰ 'ਤੇ ਇਕਜੁੱਟਤਾ ਦਿਖਾਉਣ, ਇਕ ਦੂਜੇ ਤੋਂ ਜਿਸਮਾਨੀ ਦੂਰੀ ਵੀ ਬਣਾਈ ਰੱਖਣ, ਬਿਮਾਰੀ ਪ੍ਰਤੀ ਜਾਗਰੂਕ ਹੋਣ ਤੇ ਆਸ-ਪਾਸ ਦੇ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਤਾਂ ਜੋ ਇਸ ਮਹਾਮਾਰੀ 'ਤੇ ਜਲਦ ਕਾਬੂ ਪਾਇਆ ਜਾ ਸਕੇ। ਅਜੇ ਵੀ ਕੁਝ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ, ਜੋ ਕੋਵਿਡ-19 ਦੇ ਕੇਸਾਂ 'ਚ ਵਾਧੇ ਦਾ ਇਕ ਕਾਰਨ ਹੋ ਨਿੱਬੜਦਾ ਹੈ।

ਫੈਲਣ ਦੇ ਕਾਰਨ


ਕੋਰੋਨਾ ਵਾਇਰਸ ਇਕ ਸੰਚਾਰੀ ਵਾਇਰਸ ਹੈ, ਜੋ ਖੰਘਣ ਜਾਂ ਛਿੱਕਣ ਆਦਿ ਨਾਲ ਨੱਕ ਤੇ ਮੂੰਹ ਵਿੱਚੋਂ ਨਿਕਲਣ ਵਾਲੀਆਂ ਬੂੰਦਾਂ ਰਾਹੀਂ ਇਕ ਤੋਂ ਦੂਸਰੇ ਤਕ ਪਹੁੰਚਦਾ ਹੈ। ਇਸ ਲਈ ਮਾਸਕ ਇਕ ਸੁਰੱਖਿਆ ਪਰਤ ਸਾਬਿਤ ਹੋ ਸਕਦੀ ਹੈ ਤੇ ਇਸ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕ ਸਕਦੀ ਹੈ। ਇਸ ਦੇ ਨਾਲ ਹੀ ਇਹ ਵਾਇਰਸ ਉਦੋਂ ਖ਼ਤਰਨਾਕ ਤਰੀਕੇ ਨਾਲ ਫੈਲਦਾ ਹੈ ਜਦੋਂ ਮਰੀਜ਼ ਖ਼ੁਦ ਇਹ ਨਹੀਂ ਜਾਣਦਾ ਹੁੰਦਾ ਕਿ ਉਹ ਵਾਇਰਸ ਨਾਲ ਪੀੜਤ ਹੈ। ਇਸ ਲਈ ਹਰ ਵਿਅਕਤੀ ਲਈ ਜਨਤਕ ਥਾਵਾਂ 'ਤੇ ਜਾਣ ਮੌਕੇ ਜਾਂ ਲੋਕਾਂ ਨੂੰ ਮਿਲਣ ਸਮੇਂ ਮਾਸਕ ਦੀ ਵਰਤੋਂ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਹਾਈ ਹੋ ਸਕਦੀ ਹੈ। ਅਸੀਂ ਅਕਸਰ ਆਪਣੇ ਸਹਿਕਰਮੀਆਂ, ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨ ਦੌਰਾਨ ਮਾਸਕ ਦੀ ਵਰਤੋਂ ਨੂੰ ਅਣਦੇਖਿਆ ਕਰ ਦਿੰਦੇ ਹਾਂ, ਜੋ ਸਾਡੇ ਲਈ ਖ਼ਤਰਨਾਕ ਸਿੱਧ ਹੋ ਸਕਦਾ ਹੈ।

ਕਿਵੇਂ ਵਰਤੀਏ ਮਾਸਕ

ਇਸ ਮਹਾਮਾਰੀ ਦੇ ਕਹਿਰ ਤੋਂ ਬਚਣ ਲਈ ਬਹੁਤੇ ਲੋਕ ਮਾਸਕ ਦੀ ਵਰਤੋਂ ਕਰਦੇ ਹਨ ਪਰ ਉਹ ਇਸ ਗੱਲ ਤੋਂ ਅvਜਾਣ ਹੁੰਦੇ ਹਨ ਕਿ ਮਾਸਕ ਦੀ ਵਰਤੋਂ ਕਿਵੇਂ ਕੀਤੀ ਜਾਵੇ ਤੇ ਕਿਹੜੀਆਂ ਸਾਵਧਾਨੀਆਂ ਦਾ ਧਿਆਨ ਰੱਖਿਆ ਜਾਵੇ। ਮਾਸਕ ਦੀ ਵਰਤੋਂ ਕਰਨ ਲਈ ਹੇਠ ਲਿਖੇ ਕਦਮ ਅਪਣਾਉÎਣ ਦੀ ਲੋੜ ਹੈ :

- ਮਾਸਕ ਪਾਉਣ ਤੋਂ ਪਹਿਲਾਂ 20 ਸਕਿੰਟ ਲਈ ਆਪਣੇ ਹੱਥ ਸਾਬਣ-ਪਾਣੀ ਜਾਂ ਕਿਸੇ ਅਲਕੋਹਲ ਯੁਕਤ ਸੈਨੇਟਾਈਜ਼ਰ ਨਾਲ ਧੋਵੋ। ਹੱਥ ਧੋਣ ਨਾਲ ਕੀਟਾਣੂ ਹੱਥਾਂ ਰਾਹੀਂ ਤੁਹਾਡੇ ਮਾਸਕ ਅਤੇ ਚਿਹਰੇ 'ਤੇ ਜਾਣ ਤੋਂ ਰੁਕ ਜਾਂਦੇ ਹਨ।

- ਯਕੀਨੀ ਬਣਾਓ ਕਿ ਤੁਹਾਡੇ ਮਾਸਕ ਦਾ ਸਹੀ ਪਾਸਾ ਉਪਰਲੇ ਪਾਸੇ ਹੈ ਤੇ ਉਹ ਤੁਹਾਡੇ ਨੱਕ, ਮੂੰਹ ਤੇ ਠੋਡੀ ਨੂੰ ਢਕ ਰਿਹਾ ਹੈ। ਪਹਿਨਣ ਤੋਂ ਬਾਅਦ ਉਸ ਨੂੰ ਨਾ ਛੂਹੋ।

- ਮਾਸਕ ਪਾਉਣ ਤੋਂ ਬਾਅਦ ਹੱਥ ਇਕ ਵਾਰ ਫਿਰ ਧੋਵੋ।

- ਕੋਸ਼ਿਸ਼ ਕਰੋ ਕਿ ਜਦੋਂ ਮਾਸਕ ਉਤਾਰ ਰਹੇ ਹੋ ਤਾਂ ਮਾਸਕ ਦੇ ਅਗਲੇ ਹਿੱਸੇ ਨੂੰ ਨਾ ਛੂਹੋ। ਉਸ ਨੂੰ ਤੁਰੰਤ ਕੂੜੇਦਾਨ 'ਚ ਸੁੱਟ ਦੇਵੋ, ਜਿੱਥੇ ਇਸ ਨੂੰ ਕੋਈ ਨਾ ਛੂਹ ਸਕੇ। ਜੇ ਮਾਸਕ ਕੱਪੜੇ ਦਾ ਹੈ ਤਾਂ ਉਸ ਨੂੰ ਕਿਸੇ ਪਲਾਸਟਿਕ ਦੇ ਬੈਗ 'ਚ ਰੱਖੋ ਤੇ ਦੁਬਾਰਾ ਪਹਿਨਣ ਤੋਂ ਪਹਿਲਾਂ ਧੋ ਲਵੋ। ਚੰਗਾ ਹੋਵੇ ਜੇ ਘਰੋਂ ਬਾਹਰ ਜਾਣ ਸਮੇਂ ਇਕ ਤੋਂ ਵਧੇਰੇ ਮਾਸਕ ਆਪਣੇ ਨਾਲ ਰੱਖੇ ਜਾਣ।

- ਮਾਸਕ ਉਤਾਰਨ ਤੋਂ ਬਾਅਦ ਘੱਟੋ-ਘੱਟ 20 ਸਕਿੰਟ ਲਈ ਹੱਥ ਸਾਬਣ-ਪਾਣੀ ਜਾਂ ਕਿਸੇ ਅਲਕੋਹਲ ਯੁਕਤ ਸੈਨੇਟਾਈਜ਼ਰ ਨਾਲ ਧੋਵੋ।

- ਨਰਿੰਦਰ ਪਾਲ ਸਿੰਘ

98768-05158

Posted By: Harjinder Sodhi