ਜੇਐੱਨਐੱਨ, ਨਵੀਂ ਦਿੱਲੀ : ਜਿਨ੍ਹਾਂ ਦੇਸ਼ਾਂ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਦਾ ਵਜ਼ਨ ਜ਼ਿਆਦਾ ਹੈ, ਉੱਥੇ ਕੋਵਿਡ-19 ਨਾਲ ਮੌਤ ਦਾ ਖ਼ਤਰਾ 10 ਗੁਣਾ ਹੋ ਜਾਂਦਾ ਹੈ। ਵਰਲਡ ਓਬੈਸਿਟੀ ਫੋਰਮ ਵੱਲੋਂ ਬੁੱਧਵਾਰ ਨੂੰ ਜਾਰੀ ਰਿਪੋਰਟ ਅਨੁਸਾਰ, ਇਹ ਸਿੱਟਾ ਵਿਗਿਆਨੀਆਂ ਨੇ ਜੌਨ ਹਾਪਕਿੰਸ ਯੂਨੀਵਰਸਿਟੀ ਤੇ ਵਿਸ਼ਵ ਸਿਹਤ ਸੰਗਠਨ (WHO) ਤੋਂ ਪ੍ਰਾਪਤ ਕੋਵਿਡ-19 ਮੌਤ ਦਰ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਨਾਲ ਕੱਢਿਆ ਹੈ।

22 ਲੱਖ ਲੋਕਾਂ ਦੀ ਮੌਤ : ਵਿਗਿਆਨੀਆਂ ਨੇ ਫਰਵਰੀ 2021 ਤਕ ਹੋਈਆਂ 25 ਲੱਖ ਮੌਤਾਂ ਦਾ ਵਿਸ਼ਲੇਸ਼ਣ ਕੀਤਾ। ਜਿਨ੍ਹਾਂ-ਜਿਨ੍ਹਾਂ ਦੇਸ਼ਾਂ 'ਚ ਮੌਤਾਂ ਹੋਈਆਂ, ਉਨ੍ਹਾਂ ਨੂੰ ਦੋ ਵਰਗਾਂ 'ਚ ਵੰਡਿਆ। ਇਕ ਵਰਗ ਜਿੱਥੇ ਆਬਾਦੀ ਦਾ 50 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਜ਼ਿਆਦਾ ਵਜ਼ਨ (ਓਵਰਵੇਟ) ਦਾ ਸ਼ਿਕਾਰ ਸੀ, ਉੱਥੇ ਹੀ ਦੂਸਰਾ ਜਿੱਥੇ ਅਜਿਹੇ ਲੋਕਾਂ ਦਾ ਫ਼ੀਸਦੀ ਅੱਧੇ ਨਾਲੋਂ ਘੱਟ ਸੀ। ਇਸ ਦੌਰਾਨ ਪਾਇਆ ਗਿਆ ਕਿ 22 ਲੱਖ ਮੌਤਾਂ ਉਨ੍ਹਾਂ ਦੇਸ਼ਾਂ ਵਿਚ ਹੋਈਆਂ, ਜਿੱਥੋਂ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਮੋਟਾਪੇ ਤੇ ਜ਼ਿਆਦਾ ਵਜ਼ਨ ਦੀ ਸ਼ਿਕਾਰ ਸੀ। ਉਦਾਹਰਨ ਲਈ, ਅਮਰੀਕਾ ਦੀ ਤਿੰਨ ਚੌਥੀ ਆਬਾਦੀ ਅਜਿਹੀ ਹੈ ਜਿਸ ਦਾ ਜਾਂ ਤਾਂ ਵਜ਼ਨ ਜ਼ਿਆਦਾ ਹੈ ਤੇ ਮੋਟਾਪੇ ਦੀ ਸ਼ਿਕਾਰ ਹੈ।

ਇੰਝ ਪ੍ਰਭਾਵਿਤ ਹੋਈ ਮੌਤ ਦਰ : ਰਿਪੋਰਟ 'ਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਦੇਸ਼ਾਂ ਦੀ 40 ਫ਼ੀਸਦ ਤੋਂ ਘੱਟ ਆਬਾਦੀ ਦਾ ਭਾਰ ਜ਼ਿਆਦਾ ਰਿਹਾ, ਉੱਥੇ ਕੋਵਿਡ-19 ਮੌਤ ਦਰ ਇਕ ਲੱਖ 'ਤੇ 10 ਰਹੀ। ਇਸ ਦੇ ਉਲਟ ਜਿਨ੍ਹਾਂ ਦੀ 50 ਫ਼ੀਸਦ ਤੋਂ ਜ਼ਿਆਦਾ ਆਬਾਦੀ ਦਾ ਵਜ਼ਨ ਜ਼ਿਆਦਾ ਰਿਹਾ, ਉੱਥੇ ਕੋਵਿਡ-19 ਮੌਤ ਦਰ ਇਕ ਲੱਖ 'ਤੇ 100 ਦੀ ਰਹੀ। ਇਹੀ ਨਹੀਂ ਉਨ੍ਹਾਂ ਦੇਸ਼ਾਂ ਵਿਚ ਵਾਇਰਲ ਇਨਫੈਕਸ਼ਨ, ਐੱਚ1ਐੱਨ1, ਫਲੂ ਤੇ ਸਾਹ ਸਬੰਧੀ ਬਿਮਾਰੀਆਂ ਦਾ ਖ਼ਤਰਾ ਵੀ ਜ਼ਿਆਦਾ ਰਿਹਾ। 160 ਤੋਂ ਜ਼ਿਆਦਾ ਦੇਸ਼ਾਂ ਦੇ ਅੰਕੜੇ ਅਧਿਐਨ ਦੌਰਾਨ 160 ਤੋਂ ਜ਼ਿਆਦਾ ਦੇਸ਼ਾਂ ਤੋਂ ਪ੍ਰਾਪਤ ਅੰਕੜਿਆਂ ਦਾ ਵਿਸ਼ੇਲਸ਼ਣ ਕੀਤਾ ਗਿਆ। ਖੋਜੀਆਂ ਨੇ ਪਾਇਆ ਕਿ ਜਿਨ੍ਹਾਂ ਦੇਸ਼ਾਂ ਦੀ ਵੱਡੀ ਆਬਾਦੀ ਮੋਟਾਪੇ ਦਾ ਸ਼ਿਕਾਰ ਸੀ, ਉੱਥੇ ਕੋਵਿਡ-19 ਮੌਤ ਦਰ ਜ਼ਿਆਦਾ ਰਹੀ। ਇੱਥੋਂ ਤਕ ਕਿ ਸਬੰਧਤ ਦੇਸ਼ਾਂ ਦੀ ਆਰਥਿਕ ਸਥਿਤੀ ਤੇ ਉਮਰ ਵਰਗੇ ਪਹਿਲੂਆਂ 'ਤੇ ਗ਼ੌਰ ਕਰਨ ਦੇ ਬਾਵਜੂਦ ਇਸ ਨਤੀਜੇ 'ਚ ਕੋਈ ਫ਼ਰਕ ਨਹੀਂ ਪਿਆ।

Posted By: Seema Anand