ਵਿਸ਼ਵ ਹੈਪੇਟਾਈਟਸ-ਬੀ ਦਿਵਸ ਮੌਕੇ ਵਿਸ਼ਵ ਸਿਹਤ ਸੰਸਥਾ ਵੱਲੋਂ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਸੰਸਥਾ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਸਾਲ 2019 'ਚ ਦੁਨੀਆ ਭਰ ਵਿਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਸੰਭਾਵਿਤ ਜਾਨਲੇਵਾ ਹੈਪੇਟਾਈਟਸ-ਬੀ ਦੀ ਮੌਜੂਦਗੀ 'ਚ ਕਮੀ ਆਈ ਹੈ। ਸੰਸਥਾ ਅਨੁਸਾਰ 1980-2000 ਦੇ ਦੌਰ 'ਚ ਇਹ ਕਰੀਬ 5 ਫ਼ੀਸਦੀ ਸੀ। ਹਾਲਾਂਕਿ ਇਸ ਸਮੇਂ ਨੂੰ ਹੈਪੇਟਾਈਟਸ-ਬੀ ਦੀ ਵੈਕਸੀਨ ਬਣਨ ਤੋਂ ਪਹਿਲਾਂ ਦਾ ਦੌਰ ਕਿਹਾ ਜਾਂਦਾ ਹੈ। ਵਿਸ਼ਵ ਸਿਹਤ ਸੰਸਥਾ ਨੇ ਇਸ ਬਿਮਾਰੀ ਦੇ ਖ਼ਾਤਮੇ 'ਤੇ ਜ਼ੋਰ ਦਿੱਤਾ ਹੈ।

ਡਬਲਿਊਐੱਚਓ ਦੀ ਖ਼ਬਰ 'ਚ ਲੰਡਨ ਦੇ ਇੰਪੀਰੀਅਲ ਕਾਲਜ ਤੇ ਵਿਸ਼ਵ ਸਿਹਤ ਸੰਸਥਾ ਵੱਲੋਂ ਕੀਤੇ ਗਏ ਇਕ ਸੰਯੁਕਤ ਅਧਿਐਨ ਦੀ ਵੀ ਜਾਣਕਾਰੀ ਦਿੱਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਸੰਸਥਾ ਵੱਲੋਂ ਚਲਾਏ ਜਾ ਰਹੇ ਹੈਪੇਟਾਈਟਸ-ਬੀ ਟੀਕਾਕਰਨ ਪ੍ਰੋਗਰਾਮ 'ਚ ਰੁਕਾਵਟ ਪੈਦਾ ਹੋਈ ਹੈ, ਜਿਸ ਨਾਲ ਭਵਿੱਖ 'ਚ ਤੈਅ ਟੀਚਿਆਂ ਨੂੰ ਹਾਸਿਲ ਕਰਨ 'ਚ ਦਿੱਕਤ ਹੋ ਸਕਦੀ ਹੈ। ਡਬਲਿਊਐੱਚਓ ਦਾ ਅਨੁਮਾਨ ਹੈ ਕਿ ਜੇ ਅਜਿਹਾ ਹੀ ਚੱਲਦਾ ਰਿਹਾ ਤਾਂ ਸਾਲ 2020-20230 ਦਰਮਿਆਨ ਪੈਦਾ ਹੋਣ ਵਾਲੇ ਲਗਪਗ 50 ਲੱਖ ਤੋਂ ਜ਼ਿਆਦਾ ਬੱਚਿਆਂ 'ਚ ਇਹ ਇਨਫੈਕਸ਼ਨ ਦੇ ਮਾਮਲੇ ਦਰਜ ਹੋ ਸਕਦੇ ਹਨ। ਇਨ੍ਹਾਂ ਬੱਚਿਆਂ 'ਚੋਂ ਦਸ ਲੱਖ ਬੱਚਿਆਂ ਦੀ ਮੌਤ ਹੈਪੇਟਾਈਟਸ-ਬੀ ਨਾਲ ਸਬੰਧਤ ਬਿਮਾਰੀਆਂ ਕਾਰਨ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਹੈਪੇਟਾਈਟਸ-ਬੀ ਨੂੰ ਸਾਈਲੈਂਟ ਕਿੱਲਰ ਰਿਹਾ ਜਾਂਦਾ ਹੈ। ਹੈਪੇਟਾਈਟਸ-ਬੀ ਲਿਵਰ ਨੂੰ ਪ੍ਰਭਾਵਿਤ ਕਰਨ ਵਾਲਾ ਇਕ ਵਾਇਰਸ ਇਨਫੈਕਸ਼ਨ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਹਨ, ਜਿਸ 'ਚ ਜ਼ਿਆਦਾਤਰ ਕੈਂਸਰ ਵੀ ਸ਼ਾਮਿਲ ਹਨ। ਇਸ ਬਿਮਾਰੀ ਪ੍ਰਤੀ ਲੋਕਾਂ 'ਚ ਜਾਗਰੂਕਤਾ ਵਧਾਉਣ ਦੇ ਇਰਾਦੇ ਨਾਲ ਹਰ ਸਾਲ 28 ਜੁਲਾਈ ਨੂੰ ਵਿਸ਼ਵ ਹੈਪੇਟਾਈਟਸ ਦਿਵਸ ਮਨਾਉਣ ਦਾ ਫ਼ੈਸਲਾ ਲਿਆ ਗਿਆ ਸੀ।

ਸੰਸਥਾ ਦਾ ਕਹਿਣਾ ਹੈ ਕਿ ਜੋ ਬੱਚੇ ਆਪਣੇ ਜਨਮ ਤੋਂ ਪਹਿਲੇ ਸਾਲ 'ਚ ਹੈਪੇਟਾਈਟਸ-ਬੀ ਦੀ ਇਨਫੈਕਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ, ਉਨ੍ਹਾਂ 'ਚੋਂ 90 ਫ਼ੀਸਦੀ ਬੱਚਿਆਂ 'ਚ ਇਹ ਇਨਫੈਕਸ਼ਨ ਲੰਬੇ ਸਮੇਂ ਤਕ ਰਹਿ ਸਕਦੀ ਹੈ। ਹੈਪੇਟਾਈਟਸ-ਬੀ ਬਿਮਾਰੀ ਨਾਲ ਹਰ ਸਾਲ ਲਗਪਗ 9 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਨਵਜੰਮੇ ਬੱਚਿਆਂ ਨੂੰ ਹੈਪੇਟਾਈਟਸ-ਬੀ ਤੋਂ ਇਕ ਵੈਕਸਨੀ ਜ਼ਰੀਏ ਬਚਾਇਆ ਜਾ ਸਕਦਾ ਹੈ। ਵਿਸ਼ਵ ਸਿਹਤ ਸੰਸਥਾ ਨੇ ਇਹ ਵੀ ਕਿਹਾ ਹੈ ਕਿ ਸਾਰੇ ਨਵਜੰਮੇ ਬੱਚਿਆਂ ਨੂੰ ਹੈਪੇਟਾਈਟਸ-ਬੀ ਦੀ ਪਹਿਲੀ ਖ਼ੁਰਾਕ ਜਨਮ ਤੋਂ ਬਾਅਦ ਜਲਦੀ ਤੋਂ ਜਲਦੀ ਮਿਲ ਜਾਣੀ ਚਾਹੀਦੀ ਹੈ। ਬਿਹਤਰ ਹੋਵੇਗਾ ਕਿ ਜੇ ਇਹ ਖ਼ੁਰਾਕ ਜਨਮ ਤੋਂ 24 ਘੰਟਿਆਂ ਦਰਮਿਆਨ ਮਿਲ ਜਾਵੇ। ਇਸ ਤੋਂ ਬਾਅਦ ਅਗਲੀਆਂ ਦੋ ਖ਼ੁਰਾਕਾਂ ਵੀ ਸਮੇਂ 'ਤੇ ਹੀ ਮਿਲ ਜਾਣੀਆਂ ਚਾਹੀਦੀਆਂ ਹਨ। ਜ਼ਿਕਰਯੋਗ ਹੈ ਕਿ ਸਾਲ 2019 ਦੌਰਾਨ ਨਵਜੰਮੇ ਬੱਚਿਆਂ ਦੀ 85 ਫ਼ੀਸਦੀ ਆਬਾਦੀ ਨੂੰ ਇਸ ਦੀਆਂ ਤਿੰਨ ਖ਼ੁਰਾਕਾਂ ਦੇਣ ਦੇ ਅਭਿਆਨ ਨੂੰ ਜੋੜਿਆ ਗਿਆ ਸੀ। ਸਾਲ 2000 'ਚ ਇਹ ਸਿਰਫ਼ 30 ਫ਼ੀਸਦੀ ਤਕ ਹੀ ਸੀਮਤ ਸੀ

Posted By: Harjinder Sodhi