ਵਾਸ਼ਿੰਗਟਨ (ਪੀਟੀਆਈ) : ਕੋਰੋਨਾ ਵਾਇਰਸ ਦੇ ਬਾਰੇ ਵਿਚ ਕੀਤੇ ਗਏ ਇਕ ਤਾਜ਼ਾ ਅਧਿਐਨ ਤੋਂ ਪਤਾ ਲੱਗਾ ਹੈ ਕਿ ਇਸ ਨਾਲ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਵਾਇਰਸ ਤੋਂ ਪ੍ਰਭਾਵਿਤ ਰੋਗੀਆਂ ਦੇ ਨਰਵਸ ਸਿਸਟਮ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾਣੀ ਚਾਹੀਦੀ ਹੈ। ਅਮਰੀਕਾ ਦੇ ਮਾਊਂਟ ਸਿਨਾਈ ਦੇ ਇਕਾਨ ਸਕੂਲ ਆਫ ਮੈਡੀਸਨ ਦੇ ਖੋਜੀਆਂ ਮੁਤਾਬਿਕ ਕੋਰੋਨਾ ਇਨਫੈਕਸ਼ਨ ਤੇਜ਼ ਸਟ੍ਰੋਕ ਲਈ ਵੱਡਾ ਜੋਖ਼ਮ ਹੈ।

ਅਮਰੀਕਨ ਜਨਰਲ ਆਫ ਨਿਊਰੋ ਰੇਡੀਓਲੋਜੀ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਕਿਹਾ ਗਿਆ ਹੈ ਕਿ ਸਟ੍ਰੋਕ ਦੇ ਸ਼ੱਕ ਵਿਚ ਮਾਰਚ ਤੋਂ ਅਪ੍ਰੈਲ ਵਿਚਕਾਰ ਨਿਊਯਾਰਕ ਦੇ ਛੇ ਹਸਪਤਾਲਾਂ ਵਿਚ ਦਾਖ਼ਲ ਮਰੀਜ਼ਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਅਧਿਐਨ ਵਿਚ ਵਿਗਿਆਨਕਾਂ ਨੇ ਲਿਖਿਆ ਕਿ ਉਨ੍ਹਾਂ ਨੇ 41 ਮਾਮਲਿਆਂ ਦਾ ਅਧਿਐਨ ਕੀਤਾ। ਉਮਰ, ਲਿੰਗ ਅਤੇ ਜੋਖ਼ਮ ਕਾਰਕਾਂ ਦੀ ਜਾਂਚ ਕਰਨ ਪਿੱਛੋਂ ਵਿਗਿਆਨਕਾਂ ਨੂੰ ਪਤਾ ਲੱਗਾ ਕਿ ਕੋਰੋਨਾ ਇਨਫੈਕਸ਼ਨ ਦਾ ਇਸਕੇਮਿਕ ਸਟ੍ਰੋਕ ਨਾਲ ਮਹੱਤਵਪੂਰਣ ਸਬੰਧ ਹੈ। ਦੱਸਣਯੋਗ ਹੈ ਕਿ ਸਟ੍ਰੋਕ ਤਦ ਆਉਂਦਾ ਹੈ ਜਦੋਂ ਅਚਾਨਕ ਦਿਮਾਗ਼ ਦੇ ਕਿਸੇ ਹਿੱਸੇ 'ਚ ਖ਼ੂਨ ਦੀ ਸਪਲਾਈ ਰੁਕ ਜਾਂਦੀ ਹੈ ਜਾਂ ਦਿਮਾਗ਼ ਦੀ ਕੋਈ ਖ਼ੂਨ ਦੀ ਨਾੜੀ ਫੱਟ ਜਾਂਦੀ ਹੈ ਅਤੇ ਦਿਮਾਗ਼ ਦੀਆਂ ਨਾੜੀਆਂ ਦੇ ਆਸਪਾਸ ਦੀ ਥਾਂ ਵਿਚ ਖ਼ੂਨ ਭਰ ਜਾਂਦਾ ਹੈ। ਸਟ੍ਰੋਕ ਬਨਾਮ ਗ਼ੈਰ-ਸਟ੍ਰੋਕ ਵਾਲੇ ਰੋਗੀਆਂ ਦੇ ਸਮੂਹ ਦੀ ਤੁਲਨਾ ਕਰਦੇ ਹੋਏ ਵਿਗਿਆਨਕਾਂ ਨੇ ਪਾਇਆ ਕਿ ਜੋ ਮਰੀਜ਼ ਕੋਰੋਨਾ ਪ੍ਰਭਾਵਿਤ ਸਨ ਉਨ੍ਹਾਂ ਵਿਚ ਸਟ੍ਰੋਕ ਦਾ ਜੋਖ਼ਮ ਜ਼ਿਆਦਾ ਵੱਧ ਗਿਆ। ਖੋਜ ਦੇ ਸਹਿ ਲੇਖਕ ਪੁਨੀਤ ਬੇਲਾਨੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਇਹ ਪਹਿਲਾ ਅਧਿਐਨ ਹੈ ਜਿਸ ਵਿਚ ਪਤਾ ਚੱਲਿਆ ਹੈ ਕਿ ਕੋਰੋਨਾ ਸਟ੍ਰੋਕ ਦੇ ਜੋਖ਼ਮ ਨੂੰ ਵਧਾਉਂਦਾ ਹੈ।