ਅੱਜ ਸਮੁੱਚਾ ਵਿਸ਼ਵ ਨੋਵਲ ਕੋਰੋਨਾ ਵਾਇਰਸ (ਸੀਓਵੀਡੀ-19) ਦੀ ਮਹਾਮਾਰੀ ਦੇ ਸੰਤਾਪ ਨਾਲ ਜੂਝ ਰਿਹਾ ਹੈ। ਇਸ ਨੇ ਚੀਨ, ਈਰਾਨ, ਇਟਲੀ, ਫਰਾਂਸ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ, ਸਪੇਨ ਆਦਿ ਵਿਸ਼ਵ ਦੇ ਵਿਕਸਤ ਦੇਸ਼ਾਂ ਨੂੰ ਆਪਣੀ ਗ੍ਰਿਫ਼ਤ 'ਚ ਲੈਂਦਿਆਂ ਹਜ਼ਾਰਾਂ ਮਨੁੱਖੀ ਜ਼ਿੰਦਗੀਆਂ ਹੜੱਪ ਲਈਆਂ ਹਨ। ਪੂਰਾ ਵਿਸ਼ਵ ਇਸ ਦੇ ਖ਼ੌਫ਼ਨਾਕ ਸਾਏ ਨਾਲ ਤਬਕ ਗਿਆ ਹੈ। ਦੂਸਰੇ ਦੇਸ਼ਾਂ ਵਿਚ ਆਪਣਾ ਕਹਿਰ ਢਾਹੁਣ ਦੇ ਨਾਲ-ਨਾਲ ਇਸ ਨੇ ਭਾਰਤ ਵਿਚ ਵੀ ਆਪਣੇ ਪੈਰ ਪਸਾਰ ਲਏ ਹਨ।

ਪੰਜਾਬ ਵਿਚ ਹੁਣ ਤਕ ਹੋਈ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਨੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਕਰਦਿਆਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਨਾਲ ਜੁੜਨ ਲਈ ਮਜਬੂਰ ਕਰ ਦਿੱਤਾ ਹੈ। ਜ਼ਿਆਦਾਤਰ ਇਹ ਕੇਸ ਪਰਵਾਸੀ ਪੰਜਾਬੀਆਂ ਦੇ ਪੰਜਾਬ ਪਰਤਣ ਪਿੱਛੋਂ ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਵਿੱਚੋਂ ਹੀ ਸਾਹਮਣੇ ਆਏ ਹਨ, ਜਿਨ੍ਹਾਂ ਦੀ ਸਿਹਤਯਾਬੀ ਤੇ ਇਸ ਵਾਇਰਸ ਨੂੰ ਨੱਥ ਪਾਉਣ ਲਈ ਸਿਹਤ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਠੋਸ ਕਦਮ ਚੁੱਕੇ ਜਾ ਰਹੇ ਹਨ। ਲੋਕ 'ਜਨਤਾ ਕਰਫਿਊ' ਦੀ ਪਾਲਣਾ ਕਰ ਕੇ ਇਸ ਮੁਸ਼ਕਲ ਘੜੀ 'ਚ ਜਿੱਥੇ ਦੇਸ਼ ਦਾ ਸਾਥ ਦੇ ਰਹੇ ਹਨ, ਉੱਥੇ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਵੀ ਆਪੋ ਆਪਣੇ ਯਤਨਾਂ ਨਾਲ ਮਨੁੱਖਤਾ ਦੀ ਭਲਾਈ 'ਚ ਰੁੱਝ ਗਈਆਂ ਹਨ।

ਘਬਰਾਉਣ ਦੀ ਨਹੀਂ ਲੋੜ

ਮਾਹਿਰਾਂ ਅਨੁਸਾਰ ਇਸ ਵਾਇਰਸ ਤੋਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ, ਸਗੋਂ ਸਾਵਧਾਨੀਆਂ ਵਰਤ ਕੇ ਤੇ ਚੌਕੰਨੇ ਰਹਿ ਕੇ ਇਸ ਵਾਇਰਸ ਦੀ ਦੀਵਾਰ ਤੋੜੀ ਜਾ ਸਕਦੀ ਹੈ। ਦਰਅਸਲ ਮਨੁੱਖ ਯੁਗਾਂ ਤੋਂ ਹੀ ਦੁੱਖ-ਸੁੱਖ, ਧੁੱਪ-ਛਾਂ, ਜੰਗਾਂ-ਯੁੱਧਾਂ, ਕੁਦਰਤੀ ਆਫ਼ਤਾਂ ਤੇ ਹੋਰ ਵਿਨਾਸ਼ਕਾਰੀ ਵਰਤਾਰਿਆਂ ਨਾਲ ਜੂਝਦਾ ਆਇਆ ਹੈ। ਇਨ੍ਹਾਂ ਆਫ਼ਤਾਂ ਬਾਰੇ ਕਿਤਾਬਾਂ 'ਚ ਪੜਿਆ ਵੀ ਹੈ, ਸਿਆਣਿਆਂ ਪਾਸੋਂ ਸੁਣਿਆ ਵੀ ਹੈ ਪਰ ਅੱਜ ਅਸੀਂ ਅੱਖੀਂ ਵੇਖ ਵੀ ਰਹੇ ਹਾਂ, ਕੰਨੀ ਸੁਣ ਵੀ ਰਹੇ ਹਾਂ, ਤਨ-ਮਨ 'ਤੇ ਹੰਢਾਅ ਵੀ ਰਹੇ ਹਾਂ ਤੇ ਜੂਝ ਵੀ ਰਹੇ ਹਾਂ। ਡਰ ਤੇ ਸਹਿਮ ਨਾਲੋਂ ਜੂਝਣ ਦਾ ਮਾਦਾ ਮਨੁੱਖ ਨੂੰ ਹਿੰਮਤੀ ਤੇ ਸੰਘਰਸ਼ੀਲ ਬਣਾਉਂਦਾ ਹੈ। ਸੰਘਰਸ਼ੀਲ ਤੇ ਹਿੰਮਤੀ ਮਨੁੱਖ ਸਦਾ ਜਿੱਤਦਾ ਆਇਆ ਹੈ।

ਦੁਖਾਂਤਕ ਪ੍ਰਭਾਵ

ਪੰਜਾਬ 'ਚ ਲਾਕ-ਡਾਊਨ ਦਾ ਐਲਾਨ ਕੀਤਾ ਗਿਆ ਤੇ ਫਿਰ ਸੋਸ਼ਲ ਡਿਸਟੈਂਸਿੰਗ ਲਈ ਕਰਫਿਊ ਵੀ ਲਗਾਉਣਾ ਪਿਆ। ਇਸ ਪ੍ਰਸੰਗ 'ਚ ਅੱਜ ਕੋਰੋਨਾ ਦੇ ਦੁਖਾਂਤਕ ਪ੍ਰਭਾਵ ਨਾਲ ਸਮੁੱਚੇ ਮਨੁੱਖੀ ਭਾਈਚਾਰੇ 'ਚ ਅਜੀਬ ਜਿਹੀ ਸਥਿਤੀ ਪੈਦਾ ਹੋਈ ਪਈ ਹੈ। ਇਸ ਸਥਿਤੀ 'ਚ ਸਾਰਾ ਸੰਸਾਰ ਸਾਨੂੰ ਆਪਣਾ ਲੱਗ ਰਿਹਾ ਹੈ। ਹਰ ਕਿਸੇ ਦੀ ਫ਼ਿਕਰ ਅਸੀਂ ਕਰਨ ਲੱਗੇ ਹਾਂ, ਜਿਨ੍ਹਾਂ ਵਾਸਤੇ ਸਾਨੂੰ ਕਦੇ ਵਕਤ ਲੱਭਿਆਂ ਨਹੀਂ ਸੀ ਲੱਭਦਾ। ਅੱਜ ਅਸੀਂ ਆਪਣੇ ਬੱਚਿਆਂ ਤੇ ਮਾਂ-ਬਾਪ ਦਾ ਮੂੰਹ ਮੁਹਾਂਦਰਾ ਰੱਜ-ਰੱਜ ਕੇ ਤੱਕ ਰਹੇ ਹਾਂ। ਉਨ੍ਹਾਂ ਨਾਲ ਮੋਹ ਭਰੀਆਂ ਗੱਲਾਂ ਕਰ ਰਹੇ ਹਾਂ, ਪਲ-ਪਲ ਉਨ੍ਹਾਂ ਦਾ ਖ਼ਿਆਲ ਰੱਖ ਰਹੇ ਹਾਂ। ਇਕ-ਦੂਜੇ ਨੂੰ ਹੱਥ ਧੋਣ, ਨਹਾਉਣ, ਸਾਫ਼-ਸਫਾਈ ਰੱਖਣ ਲਈ ਜ਼ਿੰਮੇਵਾਰੀ ਨਾਲ ਸਾਵਧਾਨ ਕਰ ਰਹੇ ਹਾਂ। ਆਪਣਿਆਂ ਦੀ ਚਿੰਤਾ ਤੇ ਭਲਾਈ ਵਿਚ ਮਿਠਾਸ, ਹਲੀਮੀ ਤੇ ਮੋਹ ਭਰੇ ਸ਼ਬਦ ਮੁੱਖੋਂ ਆਪ ਮੁਹਾਰੇ ਨਿਕਲਣ ਲੱਗੇ ਹਨ।

ਉਹ ਘਰ, ਜਿੱਥੇ ਅੀਂ ਰਾਤ ਵੇਲੇ ਸਿਰਫ਼ ਸੌਂਦੇ ਹੀ ਸਾਂ, ਹੁਣ ਉਸ ਨੂੰ ਗਲਵਕੜੀ ਪਾਉਣ ਲੱਗੇ ਹਾਂ। ਕੋਰੋਨਾ ਦੇ ਚੱਲਦਿਆਂ ਘਰਾਂ ਵਿੱਚ ਸਾਡੀ ਹਾਜ਼ਰੀ ਨਾਲ, ਸਾਡੀ ਛੋਹ ਨੂੰ ਤਰਸਦੀਆਂ ਕਮਰੇ ਵਿਚਲੀਆਂ ਚੀਜ਼ਾਂ ਵਿਚ ਜਿਵੇਂ ਜਾਨ ਪੈ ਗਈ ਹੋਵੇ। ਸਾਨੂੰ ਪਤਾ ਲੱਗਣ ਲੱਗਾ ਹੈ ਕਿ ਸਾਡੇ ਕਮਰੇ 'ਚ ਕਿਹੜੀ ਚੀਜ਼ ਕਿੱਥੇ ਪਈ ਹੈ।

ਸੋਸ਼ਲ ਮੀਡੀਆ ਤੇ ਜਾਗਰੂਕਤਾ

ਵ੍ਹਟਸਐਪ, ਸੋਸ਼ਲ ਮੀਡੀਆ ਤੇ ਮੋਬਾਈਲ ਜ਼ਰੀਏ ਆਪਣੇ ਭੈਣ-ਭਰਾਵਾਂ, ਸਕੇ-ਸਬੰਧੀਆਂ, ਸਨੇਹੀਆਂ, ਯਾਰਾਂ-ਦੋਸਤਾਂ ਨੂੰ ਕੋਰੋਨਾ ਵਾਇਰਸ ਦੀ ਪਕੜ 'ਚ ਨਾ ਆ ਜਾਣ ਦੇ ਸੁੱਖ-ਸੁਨੇਹਿਆਂ ਰਾਹੀਂ ਲੋਕਾਂ ਅੰਦਰ ਆਪਸੀ ਸਹਿਚਾਰ ਤੇ ਪ੍ਰੇਮ-ਪਿਆਰ ਵਾਲਾ ਸੁਖਾਵਾਂ ਤੇ ਚੰਗਾ ਵਾਤਾਵਰਨ ਵੇਖਣ ਨੂੰ ਮਿਲ ਰਿਹਾ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਇਹ ਵਾਇਰਸ ਲੋਕਾਂ ਨੂੰ ਉਨ੍ਹਾਂ ਦੇ ਬੇਸ਼ਕੀਮਤੀ ਯੋਗਤਾਵਾਂ ਭਰਪੂਰ ਖ਼ੂਬਸੂਰਤ ਮਨੁੱਖੀ ਜੀਵਨ ਦੇ ਸਹੀ ਅਰਥ ਸਮਝਾ ਰਿਹਾ ਹੋਵੇ। ਆਓ! ਕਾਮਨਾ ਕਰੀਏ ਕਿ ਸਿਹਤਮੰਦ ਮਨੁੱਖੀ ਕਦਰਾਂ-ਕੀਮਤਾਂ, ਅਮਨ ਪਸੰਦ ਤੇ ਆਪਸੀ ਪਿਆਰਾਂ ਵਾਲੀ ਸਤਰੰਗੀ ਭਾਈਚਾਰਕ ਸਾਂਝ ਸਿਰਜਦਾ ਇਹ ਆਲਮ ਮੁਸੀਬਤਾਂ ਦੇ ਦੌਰ ਨੂੰ ਦ੍ਰਿੜਤਾ ਨਾਲ ਪਾਰ ਕਰ ਸਕੇ ਤੇ ਮਨੁੱਖ ਮਾਰੂ ਆਫ਼ਤਾਂ ਅਤੇ ਮਹਾਮਾਰੀਆਂ ਦੇ ਕਹਿਰ ਤੋਂ ਸਦਾ ਬਚਦਾ ਰਹੇ।

ਭੀੜ ਵਾਲੀਆਂ ਥਾਵਾਂ 'ਤੇ ਨਾ ਜਾਓ

ਮੌਜੂਦਾ ਸਥਿਤੀ ਬੇਹੱਤ ਨਾਜ਼ੁਕ ਤੇ ਚਿੰਤਾਜਨਕ ਹੈ ਪ੍ਰੰਤੂ ਇਸ ਤੋਂ ਡਰ ਕੇ, ਸਹਿਮ ਕੇ ਅਤੇ ਨਿਰਜਿੰਦ ਬਣ ਜਾਣ ਦਾ ਨਾਕਾਰਾਤਮਕ ਵਿਚਾਰ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ। 'ਇਲਾਜ ਨਾਲੋਂ ਪਰਹੇਜ਼ ਚੰਗਾ' ਦੇ ਕਥਨ ਅਨੁਸਾਰ ਇਸ ਵਾਇਰਸ ਤੋਂ ਬਚਣ ਲਈ ਸਾਨੂੰ ਕੁਝ ਲਾਜ਼ਮੀ ਸਾਵਧਾਨੀ ਵਰਤਣੀਆਂ ਚਾਹੀਦੀਆਂ ਹਨ। ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਨਾ ਜਾਓ। ਘਰ 'ਚ ਰਹਿਣ ਨੂੰ ਤਰਜੀਹ ਦੇਵੋ। ਬੁਖ਼ਾਰ, ਖਾਂਸੀ, ਛਿੱਕਾਂ ਤੋਂ ਪੀੜਤ ਤੇ ਬਾਹਰਲੇ ਲੋਕਾਂ ਦੇ ਸੰਪਰਕ 'ਚ ਨਾ ਆਵੋ। ਖੰਘਣ ਤੇ ਛਿੱਕਣ ਵੇਲੇ ਕੂਹਣੀ ਦਾ ਸਹਾਰਾ ਲਵੋ, ਮਾਸਕ, ਟਿਸ਼ੂ ਪੇਪਰ, ਰੁਮਾਲ ਆਦਿ ਦੀ ਵਰਤੋ ਕਰੋ ਤੇ ਉਸ ਨੂੰ ਨਸ਼ਟ ਕਰ ਦੇਵੋ। ਲੋਕਾਂ ਤੋਂ ਲਗਪਗ ਇਕ ਤੋਂ ਦੋ ਮੀਟਰ ਦੀ ਦੂਰੀ ਬਣਾਈ ਰੱਖੋ। ਕੰਮਕਾਜ ਦੌਰਾਨ ਹਰ ਅੱਧੇ ਘੰਟੇ ਤੇ ਘਰਾਂ 'ਚ ਦੋ ਘੰਟੇ ਬਾਅਦ ਹੱਥਾਂ ਨੂੰ ਸੈਨੇਟਾਈਜ਼ਰ ਜਾਂ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ। ਨਹੁੰਆਂ ਨੂੰ ਕੱਟ ਕੇ ਸਾਫ਼ ਰੱਖੋ। ਦਰਵਾਜ਼ਿਆਂ, ਹੈਂਡਲਾਂ, ਤਾਲਿਆਂ, ਸਵਿੱਚਾਂ ਨੂੰ ਵਾਰ-ਵਾਰ ਨਾ ਛੂਹੋ। ਵਾਲਾਂ ਨੂੰ ਰੋਜ਼ਾਨਾ ਧੋਵੋ। ਗਿੱਲੇ ਕੱਪੜੇ ਧੁੱਪ 'ਚ ਸੁਕਾਓ। ਅਫ਼ਵਾਹਾਂ ਤੋਂ ਬਚੋਂ। ਯਾਦ ਰੱਖੋ ਕੋਰੋਨਾ ਵਾਇਰਸ ਪੀੜਤ ਦੇ ਛਿੱਕਣ, ਖਾਂਸੀ ਅਤੇ ਉਸ ਦੀਆਂ ਛੂਹੀਆਂ ਵਸਤਾਂ ਜ਼ਰੀਏ ਇਕ ਤੋਂ ਦੂਜੇ ਤਕ ਪਹੁੰਚਦਾ ਹੈ। ਇਸ ਤੋਂ ਬਚਾਅ ਲਈ ਸਾਨੂੰ ਸਰਕਾਰੀ ਹਦਾਇਤਾਂ ਤੇ ਵਿਸ਼ਵ ਸਿਹਤ ਸੰਗਠਨ ਦੇ ਉਕਤ ਸੁਝਾਵਾਂ ਦੀ ਪਾਲਣਾ ਕਰਦਿਆਂ, ਆਪਣੇ ਭਲੇ ਲਈ ਕੁਝ ਔਖ ਝੱਲਦਿਆਂ ਹੋਇਆਂ ਆਪਣੇ ਘਰਾਂ 'ਚ ਰਹਿ ਕੇ ਇਸ ਮੁਸੀਬਤ ਤੋਂ ਛੁਟਕਾਰਾ ਪਾਉਣ ਦੀ ਆਸ ਤੇ ਹਿੰਮਤ ਬਣਾਈ ਰੱਖਣੀ ਚਾਹੀਦੀ ਹੈ।

- ਡਾ. ਅਰਮਨਪ੍ਰੀਤ

98722-31840

Posted By: Harjinder Sodhi