ਅਜੋਕੀ ਦੌੜ-ਭੱਜ ਵਾਲੀ ਜ਼ਿੰਦਗੀ ਤੇ ਗ਼ਲਤ ਖਾਣ-ਪੀਣ ਦੇ ਤਰੀਕਿਆਂ ਕਰਕੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਮਹਿੰਗੀਆਂ-ਮਹਿੰਗੀਆਂ ਦਵਾਈਆਂ ਵੀ ਸਾਨੂੰ ਇਨ੍ਹਾਂ ਤੋਂ ਨਿਜਾਤ ਨਹੀਂ ਦਿਵਾਉਂਦੀਆਂ। ਅਜਿਹੇ 'ਚ ਧਨੀਏ ਦਾ ਜੂਸ ਸਾਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ ਤੇ ਨਾਲ ਹੀ ਸਾਨੂੰ ਫਿੱਟ ਵੀ ਰੱਖਦਾ ਹੈ।

ਬਲੱਡ ਪ੍ਰੈਸ਼ਰ 'ਚ ਲਾਭਦਾਇਕ

ਅੱਜ ਜਿਸ ਤਰ੍ਹਾਂ ਲੋਕਾਂ ਦੀ ਜ਼ਿੰਦਗੀ ਤਣਾਅ ਨਾਲ ਭਰੀ ਹੋਈ ਹੈ, ਉਸ 'ਚ ਬਲੱਡ ਪ੍ਰੈਸ਼ਰ ਘਟਣਾ ਜਾਂ ਵਧਣਾ ਤਾਂ ਆਮ ਗੱਲ ਹੋ ਗਈ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਛੋਟੀਆਂ-ਛੋਟੀਆਂ ਗੱਲਾਂ 'ਤੇ ਹਾਈਪਰ ਹੋ ਜਾਂਦੇ ਹਨ। ਅਜਿਹੀ ਸਮੱਸਿਆ ਲਈ ਧਨੀਏ ਦਾ ਜੂਸ ਬਹੁਤ ਲਾਭਦਾਇਕ ਹੈ। ਹਰੇ ਧਨੀਏ 'ਚ ਪੋਟਾਸ਼ੀਅਮ ਜ਼ਿਆਦਾ ਤੇ ਸੋਡੀਅਮ ਘੱਟ ਮਾਤਰਾ 'ਚ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਆਮ ਬਣਾਈ ਰੱਖਣ 'ਚ ਮਦਦ ਕਰਦਾ ਹੈ।

ਨੀਂਦ ਦੀ ਸਮੱਸਿਆ

ਧਨੀਏ 'ਚ ਮੈਗਨੀਸ਼ੀਅਮ, ਕੈਲਸ਼ੀਅਮ, ਮੈਂਗਨੀਜ਼ ਤੇ ਆਇਰਨ ਜਿਹੇ ਤੱਤ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਦਿੰਦੇ ਹਨ। ਅੱਜ-ਕੱਲ੍ਹ ਲੋਕਾਂ 'ਚ ਨੀਂਦ ਨਾ ਆਉਣ ਦੀ ਸਮੱਸਿਆ ਆਮ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਧਨੀਏ ਦਾ ਜੂਸ ਪੀਣ ਨਾਲ ਨੀਂਦ ਦੀ ਸਮੱਸਿਆ ਕਾਫ਼ੀ ਹੱਦ ਤਕ ਦੂਰ ਹੁੰਦੀ ਹੈ।

ਪਾਚਨ ਪ੍ਰਕਿਰਿਆ

ਬਦਲਦੀ ਜੀਵਨਸ਼ੈਲੀ ਅਤੇ ਖਾਣ-ਪੀਣ ਦੇ ਗ਼ਲਤ ਤਰੀਕਿਆਂ ਕਰਕੇ ਮੌਜੂਦਾ ਸਮੇਂ 'ਚ 90 ਫ਼ੀਸਦੀ ਲੋਕਾਂ ਨੂੰ ਪਾਚਨ ਪ੍ਰਕਿਰਿਆ ਨਾਲ ਸਬੰਧਤ ਸਮੱਸਿਆਵਾਂ ਹਨ। ਹਰੇ ਧਨੀਏ ਦਾ ਜੂਸ ਪੇਟ ਦਰਦ, ਕਬਜ਼, ਗੈਸ ਆਦਿ ਜਿਹੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਂਦਾ ਹੈ। ਧਨੀਏ ਦੇ ਪੱਤਿਆਂ ਦਾ ਰਸ ਪੀਣ ਨਾਲ ਤੁਸੀਂ ਗਰਮ ਤੇ ਮਸਾਲੇਦਾਰ ਭੋਜਨ ਖਾ ਸਕਦੇ ਹੋ, ਕਿਉਂਕਿ ਇਹ ਕੂਲਿੰਗ ਏਜੰਟ ਵਾਂਗ ਕੰਮ ਕਰਦਾ ਹੈ।

ਹੱਡੀਆਂ ਨੂੰ ਮਿਲੇਗੀ ਮਜ਼ਬੂਤੀ

ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਧਨੀਏ ਦਾ ਜੂਸ ਵੱਡੀ ਭੂਮਿਕਾ ਨਿਭਾਉਂਦਾ ਹੈ। ਰੋਜ਼ਾਨਾ ਇਕ ਗਲਾਸ ਧਨੀਏ ਦੇ ਪੱਤਿਆਂ ਦਾ ਜੂਸ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ, ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਹੁੰਦਾ ਹੈ, ਜੋ ਹੱਡੀਆਂ ਲਈ ਸਭ ਤੋਂ ਜ਼ਰੂਰੀ ਹੈ। ਇਸ ਤੋਂ ਇਲਾਵਾ ਇਸ 'ਚ ਕੁਝ ਖਣਿਜ ਵੀ ਪਾਏ ਜਾਂਦੇ ਹਨ, ਜੋ ਹੱਡੀਆਂ ਦੀ ਘਣਤਾ ਨੂੰ ਵਧਣ ਤੋਂ ਰੋਕਦੇ ਹਨ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।

Posted By: Harjinder Sodhi