ਕਣਕ ਤੋਂ ਤਿਆਰ ਕੀਤੇ ਜਾਣ ਵਾਲੇ ਖ਼ੁਰਾਕੀ ਪਦਾਰਥਾਂ 'ਚ ਦਲੀਆ ਵੀ ਸ਼ਾਮਲ ਹੈ, ਜੋ ਖਾਣ 'ਚ ਸਵਾਦੀ ਹੋਣ ਦੇ ਨਾਲ ਸਿਹਤ ਲਈ ਵੀ ਫ਼ਾਇਦੇਮੰਦ ਹੈ। ਵੱਖ-ਵੱਖ ਪੌਸ਼ਟਿਕ ਤੱਤਾਂ ਨਾਲ ਭਰਪੂਰ ਦਲੀਆ ਆਪਣੇ ਆਪ 'ਚ ਸੰਪੂਰਨ ਆਹਾਰ ਹੈ। ਖ਼ੁਰਾਕੀ ਮਾਹਿਰ ਦਲੀਏ ਨੂੰ ਸੁਪਰਫੂਡ ਦੀ ਸ਼੍ਰੇਣੀ 'ਚ ਰੱਖਦੇ ਹਨ ਤੇ ਨਿਯਮਿਤ ਸੇਵਨ ਕਰਨ ਦੀ ਸਲਾਹ ਦਿੰਦੇ ਹਨ।

ਡਾਇਬਟੀਜ਼

ਦਲੀਏ 'ਚ ਮੌਜੂਦ ਫਾਈਬਰ, ਕੰਪਲੈਕਸ ਕਾਰਬੋਹਾਈਡ੍ਰੇਟ ਤੇ ਮੈਗਨੀਸ਼ੀਅਮ ਨਾਲ ਡਾਇਬਟੀਜ਼ ਟਾਈਪ-2 ਦੇ ਮਰੀਜ਼ਾਂ 'ਚ ਬਲੱਡ ਸ਼ੂਗਰ ਨੂੰ ਕੰਟਰੋਲ ਰੱਖਣ 'ਚ ਮਦਦ ਮਿਲਦੀ ਹੈ। ਇਹ ਤੱਤ ਅਜਿਹੇ ਐਂਜ਼ਾਇਮ ਬਣਾਉਂਦੇ ਹਨ, ਜਿਨ੍ਹਾਂ ਨਾਲ ਹੌਲੀ-ਹੌਲੀ ਭੋਜਨ ਪਚਦਾ ਹੈ। ਇਹ ਖ਼ੂਨ ਵਿਚ ਗਲੂਕੋਜ਼ ਨੂੰ ਘੱਟ ਮਾਤਰਾ 'ਚ ਰਿਲੀਜ਼ ਕਰਦਾ ਹੈ ਤੇ ਇੰਸੂਲਿਨ ਦੇ ਪੱਧਰ ਨੂੰ ਕੰਟਰੋਲ ਰੱਖਦਾ ਹੈ।

ਊਰਜਾ ਦੇ ਪੱਧਰ 'ਚ ਸੁਧਾਰ

ਫੈਟ ਫ੍ਰੀ ਜਾਂ ਲੋਅ ਕੈਲੋਰੀ ਵਾਲਾ ਦਲੀਆ ਉਰਜਾ ਦਾ ਵਧੀਆ ਸਰੋਤ ਹੈ। ਇਸ 'ਚ ਮੌਜੂਦ ਪ੍ਰੋਟੀਨ ਤੇ ਵਿਟਾਮਿਨਜ਼ ਪੂਰਾ ਦਿਨ ਤੁਹਾਨੂੰ ਊਰਜਾਵਾਨ ਬਣਾਈ ਰੱਖਣ 'ਚ ਮਦਦ ਕਰਦੇ ਹਨ। ਇਸ ਲਈ ਖ਼ੁਰਾਕੀ ਮਾਹਿਰ ਨਾਸ਼ਤੇ 'ਚ ਦਲੀਏ ਦੇ ਸੇਵਨ ਨੂੰ ਸਿਹਤ ਦੇ ਲਿਹਾਜ਼ ਨਾਲ ਫ਼ਾਇਦੇਮੰਦ ਮੰਨਦੇ ਹਨ।

ਭਾਰ ਰੱਖੇ ਕੰਟਰੋਲ

ਘੱਟ ਕੈਲੋਰੀ ਹੋਣ ਕਾਰਨ ਦਲੀਆ ਭਾਰ ਨੂੰ ਕੰਟਰੋਲ 'ਚ ਰੱਖਦਾ ਹੈ। ਕਣਕ ਤੋਂ ਬਣਿਆ ਦਲੀਆ ਫਾਈਬਰ, ਕਾਰਬੋਹਾਈਡ੍ਰੇਟ ਤੇ ਪ੍ਰੋਟੀਨ ਦਾ ਵਧੀਆ ਸਰੋਤ ਹੈ। ਨਿਯਮਿਤ ਰੂਪ 'ਚ ਦਲੀਏ ਦਾ ਸੇਵਨ ਕਰਨ ਦਾ ਪੇਟ ਦੇਰ ਤਕ ਭਰਿਆ ਰਹਿਣ ਦਾ ਅਹਿਸਾਸ ਕਰਵਾਉਂਦਾ ਹੈ।

ਦੰਦਾਂ ਨੂੰ ਮਜ਼ਬੂਤੀ

ਦਲੀਏ 'ਚ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਆਦਿ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਹੱਡੀਆਂ ਤੇ ਦੰਦਾਂ ਨੂੰ ਸਿਹਤਮੰਦ ਰੱਖਣ ਲਈ ਮਦਦਗਾਰ ਹੁੰਦੇ ਹਨ। ਇਸ ਦੇ ਰੋਜ਼ਾਨਾ ਸੇਵਨ ਨਾਲ ਭਰਪੂਰ ਪੋਸ਼ਣ ਮਿਲਦਾ ਹੈ। ਵਧਦੀ ਉਮਰ ਨਾਲ ਹੱਡੀਆਂ ਦੀ ਕਮਜ਼ੋਰੀ ਤੇ ਜੋੜਾਂ 'ਚ ਦਰਦ ਹੋਣ ਦੀ ਸ਼ੰਕਾ ਵਧ ਜਾਂਦੀ ਹੈ। ਇਸ ਤੋਂ ਨਿਜਾਤ ਪਾਉਣ ਲਈ ਦਲੀਏ ਦਾ ਸੇਵਨ ਬੇਹੱਦ ਉੱਤਮ ਹੈ।

ਦੂਰ ਕਰੇ ਖ਼ੂਨ ਦੀ ਕਮੀ

ਦਲੀਏ 'ਚ ਮੌਜੂਦ ਪ੍ਰੋਟੀਨ, ਆਇਰਨ, ਮੈਗਨੀਸ਼ੀਅਮ ਸਰੀਰ 'ਚ ਹੀਮੋਗਲੋਬਿਨ ਦਾ ਪੱਧਰ ਕਾਇਮ ਰੱਖਦੇ ਹਨ। ਇਸ ਨਾਲ ਸਰੀਰ 'ਚ ਖ਼ੂਨ ਦੀ ਕਮੀ, ਭਾਵ ਅਨੀਮੀਆ ਦੀ ਸ਼ੰਕਾ ਨਹੀਂ ਰਹਿੰਦੀ।

ਚਮੜੀ ਬਣੇ ਖ਼ੂਬਸੂਰਤ

ਦਲੀਏ 'ਚ ਮੌਜੂਦ ਵਿਟਾਮਿਨ-ਬੀ ਮੈਟਾਬੋਲਿਜ਼ਮ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ। ਇਹ ਚਿਹਰੇ ਅਤੇ ਵਾਲਾਂ ਨੂੰ ਸਿਹਤਮੰਦ ਬਣਾਉਂਦਾ ਹੈ। ਇਸ ਨੂੰ ਦੁੱਧ 'ਚ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਬੇਜਾਨ ਚਮੜੀ 'ਤੇ ਚਮਕ ਆ ਜਾਂਦੀ ਹੈ। ਇਸ ਦਾ ਫੇਸਪੈਕ ਲਗਾਉਣ ਨਾਲ ਚਮੜੀ ਮੁਲਾਇਮ ਤੇ ਖ਼ੂਬਸੂਰਤ ਹੁੰਦੀ ਹੈ।

ਬਾਡੀ ਬਿਲਡਿੰਗ 'ਚ ਸਹਾਇਕ

ਦੁੱਧ 'ਚ ਮਿਲਾ ਕੇ ਬਣਾਇਆ ਗਿਆ ਦਲੀਆ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ, ਜੋ ਬਾਡੀ ਬਿਲਡਿੰਗ ਦੇ ਸ਼ੌਕੀਨਾਂ ਲਈ ਫ਼ਾਇਦੇਮੰਦ ਹੁੰਦਾ ਹੈ। ਪ੍ਰੋਟੀਨ ਸਰੀਰ ਦੇ ਵਿਕਾਸ ਤੇ ਨਿਰਮਾਣ ਤੋਂ ਇਲਾਵਾ ਸਰੀਰ ਨੂੰ ਮਜ਼ਬੂਤੀ ਪ੍ਰਦਾਨ ਕਰਨ 'ਚ ਮਦਦ ਕਰਦਾ ਹੈ।

ਸਾਵਧਾਨੀਆਂ

ਦਲੀਆ 5 ਤੋਂ 70 ਸਾਲ ਤਕ ਉਮਰ ਦੇ ਲੋਕਾਂ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਆਸਾਨੀ ਨਾਲ ਪਚ ਜਾਂਦਾ ਹੈ। ਇਕ ਸਿਹਤਮੰਦ ਵਿਅਕਤੀ ਦਿਨ 'ਚ ਇਕ ਕੌਲੀ ਦਲੀਆ ਖਾ ਸਕਦਾ ਹੈ। ਬਿਹਤਰ ਹੋਵੇਗਾ ਕਿ ਨਮਕੀਨ ਦਲੀਆ ਬਣਾਉਂਦੇ ਸਮੇਂ ਧੋਤੀ ਹੋਈ ਮੂੰਗੀ ਤੇ ਇਕ ਕੌਲੀ ਮਿਕਸ ਸਬਜ਼ੀਆਂ ਪਾ ਕੇ ਪਕਾਓ। ਇਸ ਨਾਲ ਪ੍ਰੋਟੀਨ ਅਤੇ ਵਿਟਾਮਿਨਜ਼ ਭਰਪੂਰ ਮਾਤਰਾ 'ਚ ਮਿਲਣਗੇ। ਨਮਕੀਨ ਦਲੀਏ ਨਾਲ ਦਹੀਂ ਦਾ ਸੇਵਨ ਜ਼ਿਆਦਾ ਫ਼ਾਇਦੇਮੰਦ ਹੈ। ਮਿੱਠੇ ਦਲੀਏ 'ਚ ਦੁੱਧ, ਡਰਾਈ ਫਰੂਟਜ਼ ਤੇ ਪਸੰਦੀਦਾ ਫਲ ਮਿਲਾ ਕੇ ਖਾਣ ਨਾਲ ਇਸ ਦੀ ਪੌਸ਼ਟਿਕਤਾ ਵਧਦੀ ਹੈ।

Posted By: Harjinder Sodhi