ਇਕ ਸਮਾਂ ਸੀ ਜਦ ਦਵਾਈਆਂ, ਸ਼ੇਕ ਤੇ ਪਾਊਡਰ ਬਾਡੀ-ਬਿਲਡਰਾਂ ਤੇ ਖਿਡਾਰੀਆਂ ਵਾਸਤੇ ਮਾਰਕੀਟ 'ਚ ਉਤਾਰੇ ਜਾਂਦੇ ਸਨ। ਅੱਜ ਵੀ ਹਰ ਜਿੰਮ, ਹੈਲਥ ਸਟੋਰ ਤੇ ਸੁਪਰਮਾਰਕੀਟ 'ਚ ਤੁਸੀਂ ਅਜਿਹੀਆਂ ਚੀਜ਼ਾਂ ਆਮ ਵੇਖ ਸਕਦੇ ਹੋ, ਜਿਨ੍ਹਾਂ ਬਾਰੇ ਇਹ ਦਾਅਵਾ ਕੀਤਾ ਗਿਆ ਹੁੰਦਾ ਹੈ ਕਿ ਇਹ ਪ੍ਰੋਡਕਟਸ ਸਲਿਮ ਹੋਣ, ਸਟੈਮਿਨਾ ਬਣਾਉਣ ਤੇ ਮਾਸਪੇਸ਼ੀਆਂ ਦੀ ਮਜ਼ਬੂਤੀ ਵਾਸਤੇ ਬੇਹੱਦ ਕਾਰਗਰ ਹਨ। ਮਾਰਕੀਟ 'ਚ ਅਜਿਹੇ ਬਹੁਤ ਸਾਰੇ ਪ੍ਰੋਡਕਟਸ ਹਨ, ਜਿਹੜੇ ਸਾਡੀ ਨਵੀਂ ਪੀੜ੍ਹੀ ਨੂੰ ਗੁੰਮਰਾਹ ਕਰਦੇ ਹਨ। ਅੱਜ-ਕੱਲ੍ਹ ਕੰਪਨੀਆਂ ਬਹੁਤ ਸਾਰੇ ਦਾਅਵੇ ਕਰਦੀਆਂ ਹਨ ਪਰ ਬਹੁਤੇ ਲੋਕ ਇਹ ਨਹੀਂ ਜਾਣਦੇ ਕਿ ਇਹ ਕੰਪਨੀਆਂ ਸਪਲੀਮੈਂਟ ਬਣਾਉਣ ਵਾਸਤੇ ਫੂਡ ਐਂਡ ਰੈਗੂਲੇਸ਼ਨ ਨੂੰ ਨਹੀਂ ਮੰਨਦੀਆਂ। ਇਸ ਤਰ੍ਹਾਂ ਇਹ ਪਤਾ ਲਗਾਉਣਾ ਬਹੁਤ ਔਖਾ ਹੁੰਦਾ ਹੈ ਕਿ ਕਿਹੜਾ ਪ੍ਰੋਡਕਟ ਸਹੀ ਹੈ ਤੇ ਕਿਹੜਾ ਸਿਹਤ ਵਾਸਤੇ ਨੁਕਸਾਨਦੇਹ ਹੈ।

ਅੱਜ-ਕੱਲ੍ਹ ਤਾਂ 15 ਸਾਲ ਦਾ ਬੱਚਾ ਵੀ ਆਪਣੀ ਸਿਹਤ ਬਣਾਉਣ ਵਾਸਤੇ ਉਨ੍ਹਾਂ ਪ੍ਰੋਡਕਟਸ ਦੀ ਹੀ ਵਰਤੋਂ ਕਰਦਾ ਹੈ ਜਿਹੜੇ 30 ਸਾਲ ਦੇ ਪ੍ਰੌਢ ਬੰਦੇ ਵਾਸਤੇ ਹੁੰਦੇ ਹਨ। ਜਿੰਮ ਕੌਂਸਲਰ ਜਾਂ ਇੰਸਟ੍ਰਕਟਰ ਵੀ ਇਸ ਚੀਜ਼ ਦੀ ਪਰਵਾਹ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਆਪਣੀ ਫੀਸ ਨਾਲ ਮਤਲਬ ਹੁੰਦਾ ਹੈ। ਇਹ ਸਪਲੀਮੈਂਟ ਖਾ ਕੇ ਨੌਜਵਾਨ ਆਪਣੀ ਸਿਹਤ ਤਾਂ ਬਣਾ ਲੈਂਦੇ ਹਨ ਪਰ ਖਾਧੇ ਗਏ ਇਨ੍ਹਾਂ ਸਪਲੀਮੈਂਟਸ ਦਾ ਪਤਾ ਥੋੜ੍ਹੇ ਸਾਲਾਂ ਬਾਅਦ ਲਗਦਾ ਹੈ ਕਿ ਉਸ ਦੀ ਵਜ੍ਹਾ ਨਾਲ ਤਾਂ ਸ਼ੂਗਰ, ਦਿਲ ਤੇ ਗੁਰਦਿਆਂ ਦੀ ਸਮੱਸਿਆ ਹੋ ਗਈ ਹੈ ਅਤੇ ਵਿਅਕਤੂ ਨੂੰ ਰੋਗ ਦੀ ਰੋਕਥਾਮ ਲਈ ਦਵਾਈ ਸ਼ੁਰੂ ਕਰਨੀ ਪੈਂਦੀ ਹੈ। ਵਿਅਕਤੀ ਨੂੰ ਇਹ ਨਹੀਂ ਪਤਾ ਲਗਦਾ ਕਿ ਇਹ ਸਪਲੀਮੈਂਟਸ ਦਾ ਨਤੀਜਾ ਹੈ ਅਤੇ ਉਸ ਨੇ ਬਿਮਾਰ ਹੋਣ ਦੀ ਤਿਆਰੀ ਬਹੁਤ ਸਾਲ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਬਹੁਤ ਸਾਰੇ ਲੋਕਾਂ ਲਈ ਸਿਹਤਮੰਦ ਜੀਵਨਸ਼ੈਲੀ ਦਾ ਮਤਲਬ ਚੰਗੀ ਖ਼ੁਰਾਕ ਖਾਣਾ ਤੇ ਕਸਰਤ ਕਰਨਾ ਹੈ। ਇੰਗਲੈਂਡ ਦੇ ਜਨਰਲ ਆਫ ਮੈਡੀਸਨ 'ਚ ਪ੍ਰਕਾਸ਼ਿਤ ਇਕ ਅਧਿਐਨ ਅਨੁਸਾਰ ਇਨ੍ਹਾਂ ਸਪਲੀਮੈਂਟਾਂ ਕਾਰਨ ਹਰ ਸਾਲ 23 ਹਜ਼ਾਰ ਲੋਕਾਂ ਦੇ ਸਰੀਰ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਤੇ ਉਨ੍ਹਾਂ ਨੂੰ ਅਚਾਨਕ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਹਨ। ਇਸ ਤਰ੍ਹਾਂ ਸਾਡੀ ਜ਼ਿੰਦਗੀ ਦਵਾਈਆਂ ਦੀ ਗ਼ੁਲਾਮ ਹੋ ਜਾਂਦੀ ਹੈ ਤੇ ਅਸੀਂ ਬਿਮਾਰ ਹੋ ਜਾਂਦੇ ਹਾਂ।

ਸਪਲੀਮੈਂਟਸ ਦੇ ਨੁਕਸਾਨ

- ਪਾਚਨ ਪ੍ਰਣਾਲੀ ਦਾ ਖ਼ਰਾਬ ਹੋਣਾ।

- ਭਾਰ ਵਧਣਾ।

- ਖ਼ੂਨ ਦਾ ਦਬਾਅ ਘਟਣਾ।

- ਗੁਰਦਿਆਂ ਦਾ ਪ੍ਰਭਾਵਿਤ ਹੋਣਾ।

- ਜਿਗਰ ਨੂੰ ਨੁਕਸਾਨ।

- ਕੈਂਸਰ ਦਾ ਖ਼ਤਰਾ ਵਧਣਾ।

- ਡੀਹਾਈਡਰੇਸ਼ਨ।

- ਮੁਹਾਂਸੇ ਜਾਂ ਕਿੱਲ ਹੋਣਾ।

- ਵਾਲ ਝੜਨਾ।

ਪ੍ਰੋਟੀਨ ਦਾ ਵੱਧ ਸੇਵਨ ਖ਼ਤਰਨਾਕ

ਪ੍ਰੋਟੀਨ ਸਾਡੀ ਖ਼ੁਰਾਕ ਦਾ ਮਹੱਤਵਪੂਰਨ ਹਿੱਸਾ ਹੈ। ਮਾਸਪੇਸ਼ੀਆਂ ਸਮੇਤ ਸਰੀਰ ਦੇ ਸਾਰੇ ਟਿਸ਼ੂਜ਼ ਦੇ ਨਿਰਮਾਣ ਅਤੇ ਉਨ੍ਹਾਂ ਨੂੰ ਕਾਇਮ ਰੱਖਣ 'ਚ ਪ੍ਰੋਟੀਨ ਦੀ ਭੂਮਿਕਾ ਅਹਿਮ ਹੁੰਦੀ ਹੈ। ਸਿਹਤ ਵਿਭਾਗ ਦੀ ਬਾਲਗਾਂ ਨੂੰ ਸਲਾਹ ਹੈ ਕਿ ਹਰ ਰੋਜ਼ ਪ੍ਰੋਟੀਨ (55 ਗ੍ਰਾਮ ਮਰਦਾਂ ਤੇ 45 ਗ੍ਰਾਮ ਔਰਤਾਂ ਵਾਸਤੇ) ਦੀ ਰੋਜ਼ਾਨਾ ਖਪਤ ਤੋਂ ਵੱਧ ਮਾਤਰਾ 'ਚ ਸੇਵਨ ਕਰਨ ਤੋਂ ਪਰਹੇਜ਼ ਕਰਨ। ਹਾਈ ਪ੍ਰੋਟੀਨ ਯੁਕਤ ਖ਼ੁਰਾਕ ਗੁਰਦਿਆਂ ਨੂੰ ਖ਼ਰਾਬ ਕਰ ਸਕਦੀ ਹੈ ਕਿਉਂਕਿ ਸਰੀਰ ਨੂੰ ਪ੍ਰੋਟੀਨ ਮੈਟਾਬੋਲਿਜ਼ਮ ਦੇ ਸਾਰੇ ਫ਼ਜ਼ੂਲ ਉਤਪਾਦਾਂ ਨੂੰ ਖ਼ਤਮ ਕਰਨ 'ਚ ਮੁਸ਼ਕਲ ਹੋ ਸਕਦੀ ਹੈ ਅਤੇ ਗੁਰਦਿਆਂ ਦੀਆਂ ਵੱਡੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਲੰਬੇ ਸਮੇਂ ਤਕ ਜ਼ਿਆਦਾ ਪ੍ਰੋਟੀਨ ਦਾ ਸੇਵਨ ਆਸਟੀਓਪਰੋਸਿਸ ਦੇ ਖ਼ਤਰੇ ਦਾ ਕਾਰਨ ਬਣ ਸਕਦਾ ਹੈ ਤੇ ਇਹ ਗੁਰਦੇ ਨੂੰ ਵੀ ਖ਼ਰਾਬ ਕਰ ਸਕਦੀ ਹੈ। ਜਵਾਨੀ ਵੱਲ ਵੱਧ ਰਹੇ ਬੱਚੇ ਸੋਚਦੇ ਹਨ ਕਿ ਸਪਲੀਮੈਂਟਸ 'ਚ ਜਾਦੂਈ ਪਾਊਡਰ ਉਨ੍ਹਾਂ ਨੂੰ ਸੁਪਨਿਆਂ ਅਨੁਸਾਰ ਰੂਪ ਦੇਵੇਗਾ ਪਰ ਸਰੀਰਕ ਮਿਹਨਤ ਤੇ ਵਚਨਬੱਧਤਾ ਦਾ ਕੋਈ ਬਦਲ ਨਹੀਂ ਹੁੰਦਾ। ਐੱਮਐੱਚਆਰਏ ਦੇ ਮੈਨੇਜਰ ਡੇਵਿਡ ਕਾਰਟਰ ਦਾ ਕਹਿਣਾ ਹੈ ਕਿ“ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਜ਼ਿਆਦਾਤਰ ਸਪਲੀਮੈਂਟਸ ਤੁਹਾਡੀ ਸਿਹਤ ਨੂੰ ਗੰਭੀਰਤ ਨੁਕਸਾਨ ਪਹੁੰਚਾ ਸਕਦੇ ਹਨ।

ਪ੍ਰੋਟੀਨ ਦੀ ਮਾਤਰਾ ਵਾਲੇ ਸ਼ਾਕਾਹਾਰੀ ਭੋਜਨ 'ਚ ਟੋਫੂ, ਬੀਨਜ਼, ਦਾਲਾਂ, ਦਹੀਂ, ਦੁੱਧ, ਪਨੀਰ, ਹਰੇ ਮਟਰ, ਬੀਜ, ਮੂੰਗਫਲੀ, ਆਂਡੇ ਤੇ ਬਟਨ ਮਸ਼ਰੂਮ ਸ਼ਾਮਲ ਹਨ। ਜੇ ਤੁਸੀਂ ਚੰਗੀ ਖ਼ੁਰਾਕ ਖਾਂਦੇ ਹੋ ਤਾਂ ਇਨ੍ਹਾਂ ਸਪਲੀਮੈਂਟਸ ਦੀ ਜ਼ਰੂਰਤ ਨਹੀਂ ਰਹਿੰਦੀ।

- ਜੋਤੀ ਗੁਪਤਾ

Posted By: Harjinder Sodhi