ਨਵੀਂ ਦਿੱਲੀ (ਪੀਟੀਆਈ) : ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਉਸ ਦਾ ਇਲਾਜ ਲੱਭਣ 'ਚ ਪੂਰੀ ਦੁਨੀਆ ਲੱਗੀ ਹੋਈ ਹੈ। ਕੋਰੋਨਾ ਵੈਕਸੀਨ ਵਿਕਸਿਤ ਕਰਨ ਲਈ ਜੰਗੀ ਪੱਧਰ 'ਤੇ ਕੰਮ ਜਾਰੀ ਹੈ ਪਰ ਇਕ ਨਵੇਂ ਅਧਿਐਨ 'ਚ ਪਤਾ ਲੱਗਾ ਹੈ ਕਿ ਕੋਰੋਨਾ ਇਨਫੈਕਸ਼ਨ ਦੇ ਇਲਾਜ 'ਚ ਆਮ ਤੌਰ 'ਤੇ ਵਰਤਿਆ ਜਾਣ ਵਾਲਾ ਸਸਤਾ ਐਂਜਾਇਮ ਕੈਟਾਲੇਜ ਬਹੁਤ ਅਹਿਮ ਹੋ ਸਕਦਾ ਹੈ। ਇਹ ਸਰੀਰ ਦੇ ਅੰਦਰ ਕੋਰੋਨਾ ਵਾਇਰਸ ਨੂੰ ਦੁਬਾਰਾ ਪੈਦਾ ਨਹੀਂ ਹੋਣ ਦਿੰਦਾ।

ਐਂਜਾਇਮ ਇਕ ਤਰ੍ਹਾਂ ਦਾ ਪ੍ਰੋਟੀਨ ਹੈ, ਜੋ ਸੈੱਲਾਂ 'ਚ ਪਾਇਆ ਜਾਂਦਾ ਹੈ। ਇਹ ਮਨੁੱਖੀ ਸਰੀਰ 'ਚ ਰਸਾਇਣਕ ਪ੍ਰਤੀਕਿਰਿਆਵਾਂ ਨੂੰ ਤੇਜ਼ ਕਰਨ 'ਚ ਮਦਦ ਕਰਦੇ ਹਨ। ਮਨੁੱਖਾਂ ਦੇ ਨਾਲ-ਨਾਲ ਜਾਨਵਰ ਤੇ ਬੂਟਿਆਂ 'ਚ ਵੀ ਇਹ ਸੁਭਾਵਿਕ ਤੌਰ 'ਤੇ ਮੌਜੂਦ ਹੁੰਦੇ ਹਨ। ਕੈਟਾਲੇਜ ਇਕ ਤਰ੍ਹਾਂ ਦਾ ਮੁੱਖ ਸਰੋਤ ਐਂਜਾਇਮ ਹੈ। ਇਹ ਹਾਈਡ੍ਰੋਜਨ ਪੈਰਾਕਸਾਈਡ, ਜੋ ਜ਼ਹਿਰੀਲਾ ਹੋ ਸਕਦਾ ਹੈ, ਨੂੰ ਤੋੜ ਕੇ ਪਾਣੀ ਤੇ ਆਕਸਾਈਡ 'ਚ ਬਦਲ ਦਿੰਦਾ ਹੈ, ਜਿਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ।

ਅਮਰੀਕਾ ਦੇ ਲਾਸ ਏਂਜਲਸ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿਗਿਆਨੀ ਤੇ ਅਧਿਐਨ ਦੇ ਸੀਨੀਅਰ ਲੇਖਕ ਯੂਨਫੈਂਗ ਲੂ ਕਹਿੰਦੇ ਹਨ, 'ਅਸੀਂ ਖੋਜ 'ਚ ਪਾਇਆ ਹੈ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ 'ਚ ਕੈਟਾਲੇਜ ਐਂਜਾਇਮ ਬਹੁਤ ਹੀ ਕਾਰਗਰ ਸਾਬਤ ਹੋ ਸਕਦਾ ਹੈ।'

ਵਿਗਿਆਨੀਆਂ ਨੇ ਕੋਰੋਨਾ ਦੇ ਵੱਖ-ਵੱਖ ਲੱਛਣਾਂ ਨੂੰ ਲੈ ਕੇ ਤਿੰਨ ਤਰ੍ਹਾਂ ਦੇ ਟੈਸਟ ਕੀਤੇ। ਖੋਜ 'ਚ ਪਾਇਆ ਗਿਆ ਇਹ ਐਂਜਾਇਮ ਸਾਈਟੋਕਿੰਸ ਨਾਮਕ ਪ੍ਰਰੋਟੀਨ ਦੇ ਉਤਪਾਦਨ ਨੂੰ ਕਾਬੂ 'ਚ ਰੱਖਣ 'ਚ ਸਮਰੱਥ ਹੈ। ਸਾਈਟੋਕਿੰਸ ਪ੍ਰਰੋਟੀਨ ਸਰੀਰ 'ਚ ਸਫੈਦ ਖ਼ੂਨ ਸੈੱਲਾਂ ਅਰਥਾਤ ਵ੍ਹਾਈਟ ਬਲੱਡ ਸੈੱਲਜ਼ 'ਚ ਪੈਦਾ ਹੁੰਦਾ ਹੈ। ਇਹ ਪ੍ਰਰੋਟੀਨ ਮਨੁੱਖੀ ਸਰੀਰ ਦੀ ਪ੍ਰਤੀਰੋਧਕ ਪ੍ਰਣਾਲੀ ਦਾ ਅਹਿਮ ਹਿੱਸਾ ਹੈ।