ਬੱਚਿਆਂ 'ਚ ਪਾਇਆ ਜਾਣ ਵਾਲਾ ਕੈਂਸਰ ਵੱਡਿਆਂ ਨੂੰ ਹੋਣ ਵਾਲੇ ਕੈਂਸਰ ਨਾਲੋਂ ਜ਼ਿਆਦਾ ਗੰਭੀਰ ਹੁੰਦਾ ਹੈ, ਜਿਸ ਦਾ ਇਲਾਜ ਸਮੇਂ 'ਤੇ ਬੇਹੱਦ ਜ਼ਰੂਰੀ ਹੈ। ਬੱਚਿਆਂ 'ਚ ਪਾਇਆ ਜਾਣ ਵਾਲਾ ਅਜਿਹਾ ਹੀ ਕੈਂਸਰ ਹੈ 'ਨਿਊਰੋਬਲਾਸਟੋਮਾ'। ਇਹ ਰੋਗ ਉਮਰ ਵੇਖ ਕੇ ਨਹੀਂ ਆਉਂਦਾ। ਤੁਸੀਂ ਵੱਡੀ ਉਮਰ ਦੇ ਹੋਵੋ, ਇਕ ਸਾਲ ਦੀ ਬਾਲ ਉਮਰ 'ਚ ਜਾਂ ਬੱਚੇ ਹੋਵੋ, ਕਿਸੇ ਵੀ ਰੋਗ ਤੋਂ ਪੀੜਤ ਹੋਣਾ ਸਭ ਲਈ ਦੁੱਖਦਾਈ ਹੈ। ਅਜਿਹੇ 'ਚ ਕੈਂਸਰ ਵਰਗਾ ਰੋਗ ਕਿਸੇ ਨੂੰ ਵੀ ਭਾਵਨਾਤਮਕ, ਸਰੀਰਕ ਤੇ ਆਰਥਿਕ ਰੂਪ ਤੋਂ ਤੋੜ ਕੇ ਰੱਖ ਦਿੰਦਾ ਹੈ।

ਅੱਜ ਪੂਰੀ ਦੁਨੀਆ ਚਾਇਲਡਹੁੱਡ ਕੈਂਸਰ 'ਨਿਊਰੋਬਲਾਸਟੋਮਾ' ਬਾਰੇ ਵਿੱਚ ਜਾਣਨ ਲਈ ਉਤਸੁਕ ਹੈ।। ਭਾਵੇਂ ਇਹ ਰੋਗ ਬਹੁਤ ਘੱਟ ਹੈ ਪਰ ਕੀ ਪਤਾ ਕਦੋਂ ਆਪਣੀ ਲਪੇਟ 'ਚ ਲੈ ਲਵੇ। ਸਾਰਿਆਂ ਦੇ ਮਨ 'ਚ ਇਕ ਹੀ ਸਵਾਲ ਆਉਂਦਾ ਹੈ ਕਿ ਆਖ਼ਿਰਕਾਰ ਇੰਨੀ ਛੋਟੀ ਉਮਰ 'ਚ ਬੱਚੇ ਨੂੰ ਹੋਣ ਵਾਲਾ ਇਹ ਰੋਗ ਕੀ ਹੈ।

ਕੀ ਹੈ ਨਿਊਰੋਬਲਾਸਟੋਮਾ ਕੈਂਸਰ?

ਬੱਚਿਆਂ ਨੂੰ ਕਈ ਤਰ੍ਹਾਂ ਦੇ ਕੈਂਸਰ ਹੁੰਦੇ ਹਨ, ਜਿਸ 'ਚੋਂ ਨਿਊਰੋਬਲਾਸਟੋਮਾ ਕਾਫ਼ੀ ਗੰਭੀਰ ਹੁੰਦਾ ਹੈ। ਬੱਚਿਆਂ 'ਚ ਹੋਣ ਵਾਲਾ ਜ਼ਿਆਦਾਤਰ ਕੈਂਸਰ ਹੱਡੀ, ਖ਼ੂਨ, ਤੰਤਰਿਕਾ ਤੰਤਰ, ਦਿਮਾਗ਼, ਮਾਸਪੇਸ਼ੀਆਂ, ਕਿਡਨੀ ਆਦਿ ਵਿਚ ਹੁੰਦਾ ਹੈ। ਬੱਚਿਆਂ 'ਚ ਪਾਇਆ ਜਾਣ ਵਾਲਾ ਕੈਂਸਰ ਵੱਡਿਆਂ 'ਚ ਪਾਏ ਜਾਣ ਵਾਲੇ ਕੈਂਸਰ ਨਾਲੋਂ ਵੱਖ ਹੁੰਦਾ ਹੈ। ਬੱਚਿਆਂ 'ਚ ਹੋਣ ਵਾਲਾ ਕੈਂਸਰ ਕਾਫ਼ੀ ਗੰਭੀਰ ਹੁੰਦਾ ਹੈ। ਅਕਸਰ ਬੱਚੇ ਇਸ ਗੰਭੀਰ ਰੋਗ ਦੇ ਦਰਦ, ਲੱਛਣਾਂ ਤੇ ਇਲਾਜ ਦੀ ਪ੍ਰਕਿਰਿਆ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਨਿਊਰੋਬਲਾਸਟੋਮਾ ਕੈਂਸਰ ਆਮ ਤੌਰ 'ਤੇ ਨਰਵ ਸੇਲਸ ਨਿਊਰੋਬਲਾਸਟਸ 'ਚ ਵੱਧਦਾ ਹੈ। ਕਈ ਵਾਰ ਬੱਚਿਆਂ 'ਚ ਇਹ ਕੈਂਸਰ ਮਾਂ ਦੀ ਕੁੱਖ 'ਚ ਹੀ ਵਿਕਸਿਤ ਹੋਣ ਲੱਗਦਾ ਹੈ। ਇਹ ਕੈਂਸਰ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਜ਼ਿਆਦਾ ਪਾਇਆ ਜਾਂਦਾ ਹੈ। ਨਿਊਰੋਬਲਾਸਟੋਮਾ ਕਿਡਨੀ 'ਤੇ ਸਥਿਤ ਏਡਰੇਨਲ ਗਲੈਂਡਸ 'ਚ ਕਿਸੇ ਇਕ ਗਲੈਂਡ 'ਚ ਹੁੰਦਾ ਹੈ। ਇਸ ਤੋਂ ਇਲਾਵਾ ਇਹ ਬੱਚੇ ਦੇ ਨਰਵਸ ਟਿਸ਼ੂਜ਼ 'ਚ ਵੀ ਵਿਕਸਿਤ ਹੁੰਦਾ ਹੈ, ਜੋ ਗਰਦਨ, ਛਾਤੀ, ਢਿੱਡ ਜਾਂ ਰੀੜ੍ਹ ਦੀ ਹੱਡੀ ਨਾਲ ਵਧਦਾ ਚਲਾ ਜਾਂਦਾ ਹੈ। ਇਹ ਕੈਂਸਰ ਹੱਡੀ, ਲਿੰਫ ਨੋਡਸ, ਬੋਨ ਮੈਰੋ, ਲਿਵਰ ਤੇ ਚਮੜੀ 'ਚ ਵੀ ਫੈਲ ਸਕਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਇਸ ਦੇ ਕਾਰਨਾਂ ਦਾ ਅਜੇ ਤੱਕ ਠੀਕ ਤਰ੍ਹਾਂ ਪਤਾ ਨਹੀਂ ਚੱਲ ਸਕਿਆ।

ਲੱਛਣ

ਨਿਊਰੋਬਲਾਸਟੋਮਾ ਦੇ ਕਈ ਲੱਛਣ ਟਿਊਮਰ ਜਾਂ ਹੱਡੀ ਦੇ ਦਰਦ ਦੇ ਕਾਰਨ ਹੁੰਦੇ ਹਨ। ਜੇ ਕੈਂਸਰ ਹੱਡੀਆਂ 'ਚ ਫੈਲ ਜਾਂਦਾ ਹੈ ਤਾਂ ਹੱਡੀ 'ਚ ਦਰਦ ਨਾਲ ਬੱਚਾ ਲੰਗੜਾ ਹੋ ਸਕਦਾ ਹੈ, ਚੱਲਣ ਤੋਂ ਅਸਮਰੱਥ ਹੋ ਸਕਦਾ ਹੈ। ਇਸ ਤੋਂ ਇਲਾਵਾ ਢਿੱਡ, ਛਾਤੀ, ਗਰਦਨ ਜਾਂ ਬੋਨ ਮੇਰੋ 'ਚ ਗੱਠ ਬਣ ਜਾਣਾ ਆਦਿ ਲੱਛਣ ਵੀ ਹੋ ਸਕਦੇ ਹਨ। ਜੇ ਕੈਂਸਰ ਅੱਖਾਂ ਦੇ ਪਿੱਛੇ ਫੈਲ ਗਿਆ ਹੈ ਤਾਂ ਅੱਖਾਂ ਦੇ ਹੇਠਾਂ ਉਭਾਰ ਤੇ ਕਾਲੇ ਘੇਰੇ ਹੁੰਦੇ ਹਨ। ਅੱਖਾਂ 'ਚ ਤਬਦੀਲੀ, ਇਕ ਪੁਤਲੀ ਦਾ ਸੁੰਗੜਿਆ ਹੋਣਾ ਤੇ ਨਜ਼ਰ ਦੀ ਸਮੱਸਿਆ, ਛਾਤੀ 'ਚ ਦਰਦ, ਸਾਹ ਲੈਣ 'ਚ ਔਖ ਜਾਂ ਲਗਾਤਾਰ ਖੰਘ, ਹੱਥ, ਪੈਰ ਜਾਂ ਹੋਰ ਹੱਡੀਆਂ 'ਚ ਦਰਦ, ਬੁਖ਼ਾਰ ਤੇ ਅਨੀਮੀਆ, ਅੱਖਾਂ ਦੀ ਰਫ਼ਤਾਰ ਤੇ ਅਚਾਨਕ ਮਾਸਪੇਸ਼ੀਆਂ 'ਚ ਝਟਕੇ ਵੀ ਇਸ ਰੋਗ ਦੇ ਲੱਛਣ ਹੋ ਸਕਦੇ ਹਨ।

ਇਲਾਜ

ਅੰਤਰਰਾਸ਼ਟਰੀ ਨਿਊਰੋਬਲਾਸਟੋਮਾ ਰਿਸਕ ਗਰੁੱਪ ਟਾਸਕ ਫੋਰਸ ਦੁਆਰਾ ਵਿਕਸਿਤ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਨਿਊਰੋਬਲਾਸਟੋਮਾ ਦਾ ਹੱਲ ਕੀਤਾ ਜਾ ਸਕਦਾ ਹੈ, ਜੇ ਬੋਨ ਮੇਰੋ 'ਚ ਨਿਊਰੋਬਲਾਸਟੋਮਾ ਕੋਸ਼ਿਕਾਵਾਂ ਦਾ ਪਤਾ ਲੱਗ ਜਾਵੇ। ਇਸ ਤੋਂ ਇਲਾਵਾ ਟਿਊਮਰ ਬਾਓਪਸੀ, ਸਕੈਨ, ਸੀਟੀ ਸਕੈਨ, ਅਲਟਰਾਸਾਊਂਡ, ਐੱਮਆਰਆਈ, ਬੋਨ ਮੈਰੋ ਦੇ ਨਤੀਜੇ ਨਿਊਰੋਬਲਾਸਟੋਮਾ ਕੋਸ਼ਿਕਾਵਾਂ ਨੂੰ ਦਿਖਾਉਂਦੇ ਹਨ, ਜਿਸ ਤੋਂ ਬਾਅਦ ਕੈਂਸਰ ਦੀ ਸਟੇਜ ਦਾ ਪਤਾ ਕਰ ਕੇ ਇਲਾਜ ਕੀਤਾ ਜਾਂਦਾ ਹੈ। ਨਿਊਰੋਬਲਾਸਟੋਮਾ ਕੈਂਸਰ ਨੂੰ ਖ਼ਤਮ ਕਰਨ ਲਈ ਸਰਜਰੀ ਕੀਤੀ ਜਾਂਦੀ ਹੈ। ਕੀਮੋਥੈਰੇਪੀ, ਰੇਡੀਓਥੈਰੇਪੀ ਰਾਹੀਂ ਕੈਂਸਰ ਕੋਸ਼ਿਕਾਵਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਬਿਮਾਰੀ ਚਾਹੇ ਕੋਈ ਵੀ ਹੋਵੇ, ਸਰੀਰ ਦੇ ਕਿਸੇ ਵੀ ਹਿੱਸੇ 'ਚ ਤਬਦੀਲੀ ਨਜ਼ਰ ਆਵੇ ਤਾਂ ਘਰੇਲੂ ਨੁਸਖਿਆਂ ਦੀ ਬਜਾਏ ਤੁਰੰਤ ਡਾਕਟਰ ਦੀ ਸਲਾਹ ਲਵੋ ਤੇ ਇਲਾਜ 'ਚ ਦੇਰੀ ਨਾ ਕਰੋ।

ਡਾ: ਰਿਪੁਦਮਨ ਸਿੰਘ

98152-00134

Posted By: Harjinder Sodhi