ਖੋਜੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ (ਕੋਵਿਡ-19) ਦੀ ਲਪੇਟ 'ਚ ਆਉਣ ਵਾਲੇ ਰੋਗੀਆਂ 'ਚ ਖੂਨ ਦੀ ਜਾਂਚ ਤੋਂ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਕਿਸ ਵਿਅਕਤੀ 'ਚ ਇਨਫੈਕਸ਼ਨ ਦਾ ਉੱਚ ਖਤਰਾ ਹੋ ਸਕਦਾ ਹੈ। ਇਸ ਤਰੀਕੇ ਨਾਲ ਹਾਲਤ ਜ਼ਿਆਦਾ ਨਾਜ਼ੁਕ ਹੋਣ ਤੇ ਮੌਤ ਦੇ ਖਤਰੇ ਤਕ ਨੂੰ ਸਮਿਝਆ ਜਾ ਸਕਦਾ ਹੈ।

ਅਮਰੀਕਾ ਦੇ ਮੈਸਾਚਿਊਸੈਟਸ ਜਨਰਲ ਹਸਪਤਾਲ ਦੇ ਖੋਜਕਰਤਾ ਜੌਨ ਐੱਮ ਹਿਗਿੰਗਸ ਨੇ ਕਿਹਾ, 'ਅਸੀਂ ਅਜਿਹੇ ਤਰੀਕਿਆਂ ਦਾ ਪਤਾ ਲਗਾਉਣ 'ਚ ਮਦਦ ਕਰਨਾ ਚਾਹੁੰਦੇ ਹਨ, ਜਿਸ ਨਾਲ ਆਸਾਨੀ ਨਾਲ ਸ਼ੁਰੂਆਤੀ ਹਾਲਤ 'ਚ ਹੀ ਉੱਚ ਖਤਰੇ ਵਾਲੇ ਕੋਰੋਨਾ ਰੋਗੀਆਂ ਦੀ ਪਛਾਣ ਕਰਨਾ ਸੰਭਵ ਹੋ ਸਕੇ।' ਉਨ੍ਹਾਂ ਕਿਹਾ ਕਿ ਚੀਨ ਦੀ ਸ਼ੁਰੂਆਤੀ ਰਿਪੋਰਟ 'ਚ ਕੁਝ ਪੀੜਤਾਂ ਦੇ ਸਰੀਰ 'ਚ ਇਨਫਲੇਮੇਟੋਰੀ ਰਿਸਪਾਂਸ 'ਚ ਜ਼ਿਆਦਾ ਤਾਂ ਕੁਝ 'ਚ ਮਾਮੂਲੀ ਤੇਜ਼ੀ ਆਉਣ ਦੇ ਸੰਕੇਤ ਮਿਲੇ ਸਨ। ਹਿਗਿੰਗਸ ਦੀ ਅਗਵਾਈ ਵਾਲੇ ਇਕ ਸਮੂਹ ਦੇ ਕੰਮ ਤੋਂ ਇਹ ਪਹਿਲਾਂ ਹੀ ਸਪਸ਼ਟ ਹੋ ਚੁੱਕਾ ਹੈ ਕਿ ਦਿਲ ਦੇ ਰੋਗ, ਕੈਂਸਰ ਤੇ ਡਾਇਬਟੀਜ਼ ਨਾਲ ਪੀੜਤ ਰੋਗੀਆਂ ਦੀ ਹਾਲਤ ਗੰਭੀਰ ਹੋਣ 'ਚ ਇੰਫਲੇਮੇਸ਼ਨ (ਸੋਜ) ਦੌਰਾਨ ਖੂਨ ਕੋਸ਼ਿਕਾਵਾਂ ਦੇ ਪ੍ਰਕਾਰ ਤੇ ਗਿਣਤੀ ਵਿਚ ਖਾਸ ਬਦਲਾਅ ਆ ਜਾਂਦਾ ਹੈ। ਹਿਗਿੰਗਸ ਨੇ ਕਿਹਾ, 'ਅਸੀਂ ਹੁਣ ਕੋਰੋਨਾ ਪੀੜਤਾਂ 'ਤੇ ਇਸ ਨਜ਼ਰੀਏ ਨਾਲ ਧਿਆਨ ਕੇਂਦਰਿਤ ਕੀਤਾ ਹੈ।' ਜੇਏਐੱਮਏ ਨੈੱਟਵਰਕ ਓਪਨ ਮੈਗਜ਼ੀਨ 'ਚ ਛਪੇ ਅਧਿਐਨ ਦੇ ਮੁਤਾਬਕ, ਬੋਸਟਨ ਦੇ ਚਾਰ ਹਸਪਤਾਲਾਂ 'ਚ ਚਾਰ ਮਾਰਚ ਤੋਂ 28 ਅਪ੍ਰੈਲ ਤਕ ਭਰਤੀ ਕੀਤੇ ਗਏ ਕੋਰੋਨਾ ਮਰੀਜ਼ਾਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਇਹ ਸਿੱਟਾ ਕੱਢਿਆ ਗਿਆ ਹੈ। ਅਧਿਐਨ 'ਚ ਸ਼ਾਮਲ ਕੀਤੇ ਗਏ 1,641 ਰੋਗੀਆਂ ਦੀਆਂ ਖੂਨ ਕੋਸ਼ਿਕਾਵਾਂ 'ਚ ਬਦਲਾਅ ਪਾਇਆ ਗਿਆ। ਜਿਨ੍ਹਾਂ ਰੋਗੀਆਂ ਦੀਆਂ ਖੂਨ ਕੋਸ਼ਿਕਾਵਾਂ 'ਚ ਸਾਧਾਰਨ ਤੋਂ ਜ਼ਿਆਦਾ ਬਦਲਾਅ ਦੇਖਿਆ ਗਿਆ, ਉਨ੍ਹਾਂ 'ਚ ਮੌਤ ਦਾ ਖਤਰਾ 2.7 ਗੁਣਾ ਜ਼ਿਆਦਾ ਪਾਇਆ ਗਿਆ।