ਜੇਐੱਨਐੱਨ, ਬਲੀਆ : ਹਾਲੇ ਖ਼ੂਨ ਦੀ ਜਾਂਚ ਲਈ ਲੋਕਾਂ ਨੂੰ ਸਰਿੰਜ ਨਾਲ ਵੈਕਿਊਮ ਵਾਇਲ ਦੀ ਵੀ ਜ਼ਰੂਰਤ ਹੁੰਦੀ ਹੈ। ਇਸ 'ਚ ਗਾਹਕ ਨੂੰ ਕਰੀਬ 15 ਰੁਪਏ ਪ੍ਰਤੀ ਟਿਊਬ ਜ਼ਿਆਦਾ ਖ਼ਰਚ ਕਰਨਾ ਪੈਂਦਾ ਹੈ ਪਰ ਹੁਣ ਉਨ੍ਹਾਂ ਨੂੰ ਵਾਧੂ ਪੈਸੇ ਨਹੀਂ ਦੇਣੇ ਪੈਣਗੇ। ਬਲੀਆ ਦੇ ਚਿਲਕਹਿਰ ਸਥਿਤ ਆਲਮਪੁਰ ਪਿੰਡ ਦੇ ਮੂਲ ਨਿਵਾਸੀ ਡਾ. ਰਾਣਾ ਪ੍ਰਤਾਪ ਸਿੰਘ ਨੇ ਅਜਿਹੀ ਕਨਵਰਟੇਬਲ ਸਰਿੰਜ ਬਣਾਈ ਹੈ, ਜੋ ਵਾਇਲ ਦਾ ਵੀ ਕੰਮ ਕਰੇਗੀ।

ਇਸ ਸਰਿੰਜ ਅਸੈਂਬਲੀ ਰਾਹੀਂ ਖ਼ੂਨ ਲੈ ਕੇ ਖਾਸ ਕੈਮੀਕਲ ਦੀ ਮਦਦ ਨਾਲ ਸਟੋਰ ਵੀ ਕੀਤਾ ਜਾ ਸਕੇਗਾ। ਸਰਿੰਜ ਹੀ ਵਾਇਲ 'ਚ ਬਦਲ ਜਾਵੇਗੀ। ਡਾ. ਸਿੰਘ ਨੇ ਦੱਸਿਆ ਕਿ ਸਰਿੰਜ ਉਨ੍ਹਾਂ ਨੇ ਉਦੋਂ ਬਣਾਈ ਸੀ, ਜਦੋਂ ਉਹ ਦਿੱਲੀ ਦੇ ਸਫਰਗੰਜ ਹਸਪਤਾਲ 'ਚ ਤਾਇਨਾਤ ਸਨ। ਉਤਪਾਦ ਨੂੰ ਪੇਟੈਂਟ ਕਰਵਾਉਣ ਲਈ ਉਨ੍ਹਾਂ ਨੇ 18 ਸਤੰਬਰ, 2015 ਨੂੰ ਬਿਨੈ ਕੀਤਾ ਸੀ। ਬੌਧਿਕ ਜਾਇਦਾਦ ਵਿਭਾਗ ਨੇ 31 ਮਈ, 2021 ਨੂੰ 20 ਸਾਲਾਂ ਲਈ ਪੇਟੈਂਟ ਕੀਤਾ ਹੈ।

ਇੰਜ ਕੰਮ ਕਰੇਗੀ ਕਨਵਰਟੇਬਲ ਸਰਿੰਜ ਅਸੈਂਬਲੀ

ਡਾ. ਸਿੰਘ ਨੇ ਦੱਸਿਆ ਕਿ ਸਰਿੰਜ 'ਚ ਨਿਡਿਲ (ਸੂਈ) ਲਾ ਕੇ ਰੋਗੀ ਦਾ ਖ਼ੂਨ ਕੱਢ ਲੈਣਗੇ। ਇਸ ਤੋਂ ਬਾਅਦ ਨਿਡਿਲ ਕੱਢ ਕੇ ਹੇਠਾਂ ਨੋਜ਼ਲ ਕੈਪ ਲਾ ਕੇ ਬੰਦ ਕਰ ਦੇਣਗੇ। ਇਸੇ ਤਰ੍ਹਾਂ ਸਰਿੰਜ ਦੇ ਪਲੰਜਰ ਨੂੰ ਵੀ ਕੱਢਣਗੇ, ਉਪਰ ਵੀ ਕੈਪ ਲਾ ਦੇਣਗੇ। ਹੁਣ ਇਹ ਵਾਇਲ ਦਾ ਕੰਮ ਕਰਨ ਲੱਗੇਗੀ। ਗਾਹਕ ਦਾ ਕੰਮ ਸਿਰਫ ਇਕ ਸਰਿੰਜ ਨਾਲ ਹੋ ਜਾਵੇਗਾ। ਹਾਲੇ ਵੈਕਿਊਮ ਸਰਿੰਜ ਨਾਲ ਜੇ ਬਲੱਡ ਲੈਂਦੇ ਹਾਂ ਤਾਂ ਇਕ ਵਾਇਲ 15 ਰੁਪਏ 'ਚ ਪੈਂਦੀ ਹਨ ਪਰ ਕਨਵਰਟੇਬਲ ਸਰਿੰਜ ਦੇ ਇਸਤੇਮਾਲ ਨਾਲ ਇਹ ਖ਼ਰਚਾ ਨਹੀਂ ਝੱਲਣਾ ਪਵੇਗਾ।

ਚਾਰ ਤਰ੍ਹਾਂ ਦੇ ਮਿਲਦੇ ਹਨ ਵਾਇਲ

ਬਲੀਆ ਸਰਕਾਰੀ ਹਸਪਤਾਲ ਦੇ ਪੈਥਾਲੋਜੀ ਇੰਚਾਰਜ ਡਾ. ਬੀਐੱਨ ਗਿਰੀ ਨੇ ਦੱਸਿਆ ਕਿ ਤਿੰਨ ਆਮ ਤਰ੍ਹਾਂ ਦੇ ਵਾਇਲ ਬਾਜ਼ਾਰ 'ਚ ਉਪਲੱਬਧ ਹਨ, ਈਪੀਏ, ਪਲੇਨ ਤੇ ਫਲੋਰਾਈਡ। ਈਪੀਏ ਕੈਮੀਕਲ ਵਾਲੀ ਵਾਇਲ 'ਚ ਖ਼ੂਨ ਦਾ ਥੱਕਾ ਨਹੀਂ ਬਣਦਾ, ਜਦਕਿ ਪਲੇਨ ਵਾਇਲ 'ਚ ਕੋਈ ਕੈਮੀਕਲ ਨਹੀਂ ਹੁੰਦਾ। ਫਲੋਰਾਈਡ ਵਾਇਲ ਸ਼ੂਗਰ ਦੀ ਜਾਂਚ 'ਚ ਵਰਤੀ ਜਾਂਦੀ ਹੈ। ਵੈਕਿਊਮ ਵਾਇਲ 'ਚ ਜ਼ਿਆਦਾ ਸਮੇਂ ਤਕ ਖ਼ੂਨ ਨੂੰ ਰੱਖਿਆ ਜਾ ਸਕਦਾ ਹੈ। ਇਹ ਬਹੁਤ ਉਪਯੋਗੀ ਹੈ।

ਇੰਗਲੈਂਡ ਤੋਂ ਮਿਲੀ ਦੋ ਵਾਰ ਸਕਾਲਰਸ਼ਿਪ

ਡਾ. ਰਾਣਾ ਪ੍ਰਤਾਪ ਸਿੰਘ ਇਸ ਸਮੇਂ ਸ਼ਹੀਦ ਹਸਨਖ਼ਾਨ ਮੈਡੀਕਲ ਕਾਲਜ ਮੇਵਾਤ ਹਰਿਆਣਾ 'ਚ ਐਨੀਸਥੀਓਲਾਜੀ ਦੇ ਡਾਕਟਰ ਹਨ। ਉਨ੍ਹਾਂ ਨੂੰ ਇੰਗਲੈਂਡ ਤੋਂ ਦੋ ਵਾਰ ਸਕਾਲਰਸ਼ਿਪ ਮਿਲ ਚੁੱਕੀ ਹੈ। ਪੰਜ ਭਰਾਵਾਂ-ਭੈਣਾਂ 'ਚ ਤੀਜੇ ਨੰਬਰ 'ਤੇ ਡਾ. ਰਾਣਾ ਐੱਮਬੀਬੀਐੱਸ ਦੀ ਪੜ੍ਹਾਈ ਤੋਂ ਬਾਅਦ ਦਿੱਲੀ ਦੇ ਏਮਜ਼ ਤੇ ਸਫਦਰਗੰਜ ਹਸਪਤਾਲ 'ਚ ਦੋ ਸਾਲ ਤਕ ਸੇਵਾਵਾਂ ਦੇ ਚੁੱਕੇ ਹਨ।

ਮੇਰਾ ਟੀਚਾ ਹੈ ਕਿ ਅੱਗੇ ਵੀ ਇਸ ਤਰ੍ਹਾਂ ਦੀਆਂ ਕਾਢਾਂ ਦੀ ਖੋਜ ਕਰਦਾ ਰਹਿਣ ਦਾ ਹੈ ਤਾਂ ਕਿ ਮੈਡੀਕਲ ਜਗਤ ਨੂੰ ਇਸ ਦਾ ਲਾਭ ਮਿਲਦਾ ਰਹੇ। 130 ਕਰੋੜ ਦੀ ਜਨਸੰਖਿਆ ਵਾਲੇ ਭਾਰਤ 'ਚ ਅਜਿਹੀਆਂ ਕਾਢਾਂ ਨਾਲ ਪੂਰੀ ਮੈਡੀਕਲ ਪ੍ਰਣਾਲੀ ਸਸਤੀ ਤੇ ਸੁਲੱਭ ਹੋ ਜਾਵੇਗੀ। ਕੋਵਿਡ-19 ਦੇ ਇਸ ਮਹਾਮਾਰੀ ਕਾਲ 'ਚ ਇਸ ਤਰੀਕੇ ਦੀਆਂ ਕਾਢਾਂ ਦੀ ਜ਼ਰੂਰਤ ਹੈ।

-ਡਾ. ਰਾਣਾ ਪ੍ਰਤਾਪ ਸਿੰਘ।