ਜੇਐੱਨਐੱਨ, ਨਵੀਂ ਦਿੱਲੀ : ਕਾਲਾ ਲੂਣ ਹਰ ਕਿਸੇ ਦੀ ਰਸੋਈ 'ਚ ਆਸਾਨੀ ਨਾਲ ਮਿਲ ਜਾਂਦਾ ਹੈ। ਆਯੁਰਵੈਦ ਅਨੁਸਾਰ ਰੋਜ਼ਾਨਾ ਕਾਲੇ ਲੂਣ ਦਾ ਸੇਵਨ ਸਾਡੇ ਸਰੀਰ ਲਈ ਲਾਭਕਾਰੀ ਹੁੰਦਾ ਹੈ। ਇਸ ਦੇ ਸੇਵਨ ਨਾਲ ਕਲਸੈਟਰੋਲ, ਸ਼ੂਗਰ, ਹਾਈ ਬੀਪੀ, ਡਿਪ੍ਰੈਸ਼ਨ ਤੇ ਪੇਟ ਦੀਆਂ ਤਮਾਮ ਬਿਮਾਰੀਆਂ ਤੋਂ ਮੁਕਤੀ ਮਿਲ ਜਾਂਦੀ ਹੈ। ਇਸ ਵਿਚ 80 ਤਰ੍ਹਾਂ ਦੇ ਖਣਿਜ ਪਾਏ ਜਾਂਦੇ ਹਨ। ਜੇਕਰ ਤੁਸੀਂ ਸਵੇਰੇ ਕਾਲਾ ਲੂਣ ਤੇ ਪਾਣੀ ਮਿਲਾ ਕੇ ਪੀਣਾ ਸ਼ੁਰੂ ਕਰ ਦਿਉ ਤਾਂ ਤੁਹਾਨੂੰ ਕਾਫ਼ੀ ਫਾਇਦਾ ਹੋਵੇਗਾ। ਚਿੱਟਾ ਲੂਣ ਸਾਡੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ, ਇਸ ਲਈ ਉਸ ਦਾ ਸੇਵਨ ਘੱਟ ਮਾਤਰਾ 'ਚ ਕਰਨਾ ਚਾਹੀਦਾ ਹੈ ਜਦਕਿ ਸਿਹਤ ਪੱਖੋਂ ਕਾਲੇ ਲੂਣ ਦਾ ਸੇਵਨ ਹੀ ਕਰਨਾ ਚਾਹੀਦਾ ਹੈ।

ਬਲੱਡ ਸ਼ੂਗਰ ਲੈਵਲ

ਕਾਲਾ ਲੂਣ ਬਲੱਡ ਸ਼ੂਗਰ ਲੈਵਲ ਕੰਟਰੋਲ ਕਰਦਾ ਹੈ। ਕਾਲਾ ਲੂਣ ਛੋਟੇ ਬੱਚਿਆਂ ਲਈ ਸਭ ਤੋਂ ਵਧੀਆ ਹੈ। ਇਹ ਬਦਹਜ਼ਮੀ ਤੇ ਜਮ੍ਹਾਂ ਕਫ ਖ਼ਤਮ ਕਰਦਾ ਹੈ। ਆਪਣੇ ਬੱਚੇ ਦੇ ਭੋਜਨ 'ਚ ਥੋੜ੍ਹਾ ਜਿਹਾ ਕਾਲਾ ਲੂਣ ਰੋਜ਼ ਮਿਲਾਓ ਕਿਉਂਕਿ ਇਸ ਨਾਲ ਪੇਟ ਠੀਕ ਰਹੇਗਾ ਤੇ ਕਫ਼ ਆਦਿ ਤੋਂ ਛੁਟਕਾਰਾ ਮਿਲੇਗਾ।

ਤੰਤਰਿਕਾ ਤੰਤਰ ਨੂੰ ਲਾਭ

ਕਾਲੇ ਲੂਣ 'ਚ ਮੌਜੂਦਾ ਖਣਿਜ ਸਾਡੇ ਤੰਤਰਿਕਾ ਤੰਤਰ ਨੂੰ ਸ਼ਾਂਤ ਕਰਦਾ ਹੈ। ਜੋ ਕੋਰਟੀਸੋਲ ਤੇ ਐਡਰਨਲਾਈਨ ਵਰਗੇ ਦੋ ਖ਼ਤਰਨਾਕ ਸਟ੍ਰੈੱਸ ਹਾਰਮੋਨ ਘਟਾਉਂਦਾ ਹੈ। ਇਸ ਲਈ ਰਾਤ ਨੂੰ ਵਧੀਆ ਨੀਂਦ ਲੈਣ 'ਚ ਮਦਦ ਮਿਲਦੀ ਹੈ।

ਦਰੁਸਤ ਹੁੰਦਾ ਹੈ ਪਾਚਨ ਤੰਤਰ

ਕਾਲੇ ਲੂਣ 'ਚ ਮੌਜੂਦ ਖਣਿਜ ਐਂਟੀ-ਬੈਕਟੀਰੀਅਲ ਦਾ ਕੰਮ ਵੀ ਕਰਦੇ ਹਨ। ਇਸੇ ਕਾਰਨ ਸਰੀਰ 'ਚ ਮੌਜੂਦ ਖ਼ਤਰਨਾਕ ਬੈਕਟੀਰੀਆ ਦਾ ਨਾਸ ਹੁੰਦਾ ਹੈ। ਇਹ ਪਾਚਨ ਦਰੁਸਤ ਕਰ ਕੇ ਸਰੀਰ ਦੀਆਂ ਕੋਸ਼ਿਕਾਵਾਂ ਤਕ ਪੋਸ਼ਣ ਪਹੁੰਚਾਉਂਦਾ ਹੈ ਜਿਸ ਨਾਲ ਮੋਟਾਪਾ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਸਮੁੰਦਰੀ ਲੂਣ ਛੱਡ ਕੇ ਤੁਹਾਨੂੰ ਇਸ ਲੂਣ ਨੂੰ ਆਪਣੀ ਖ਼ੁਰਾਕ 'ਚ ਸ਼ਾਮਲ ਕਰਨਾ ਚਾਹੀਦਾ ਹੈ।

ਮਾਸਪੇਸ਼ੀਆਂ ਦਾ ਦਰਦ

ਮਾਸਪੇਸ਼ੀਆਂ ਦੇ ਦਰਦ ਤੇ ਜੋੜਾਂ ਦੇ ਦਰਦ ਤੋਂ ਇਹ ਲੂਣ ਅਰਾਮ ਦਿਵਾਉਂਦਾ ਹੈ। ਤੁਸੀਂ ਇਕ ਕੱਪੜੇ 'ਚ 1 ਕੱਪ ਕਾਲਾ ਲੂਣ ਪਾ ਕੇ ਉਸ ਨੂੰ ਬੰਨ੍ਹ ਕੇ ਪੋਟਲੀ ਬਣਾਉਣੀ ਹੈ। ਇਸ ਤੋਂ ਬਾਅਦ ਉਸ ਨੂੰ ਕਿਸੇ ਪੈਨ 'ਚ ਗਰਮ ਕਰੋ ਤੇ ਜੋੜਾਂ ਦੀ ਸਿਕਾਈ ਕਰੋ। ਇਸ ਨੂੰ ਦੁਬਾਰਾ ਗਰਮ ਕਰ ਕੇ ਮੁੜ ਦਿਨ ਵਿਚ ਦੋ ਵਾਰ ਸਿਕਾਈ ਕਰੋ।

ਗੈਸ ਦੀ ਸਮੱਸਿਆ

ਜੇਕਰ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਚਾਹੀਦਾ ਹੈ ਤਾਂ ਇਕ ਤਾਂਬੇ ਦਾ ਬਰਤਨ ਗੈਸ 'ਤੇ ਚੜ੍ਹਾਓ, ਫਿਰ ਉਸ ਵਿਚ ਕਾਲਾ ਲੂਣ ਪਾ ਕੇ ਹਲਕਾ ਚਲਾਓ ਤੇ ਜਦੋਂ ਉਸ ਦਾ ਰੰਗ ਬਦਲ ਜਾਵੇ, ਗੈਸ ਬੰਦ ਕਰ ਦਿਉ। ਫਿਰ ਇਸ ਨੂੰ ਅੱਧਾ ਚਮਚ ਲੈ ਕੇ ਇਕ ਗਿਲਾਸ ਪਾਣੀ 'ਚ ਮਿਲਾ ਕੇ ਪੀਓ।

ਛਾਤੀ 'ਚ ਜਲਨ ਤੇ ਐਸੀਡਿਟੀ

ਐਸਿਡ ਨੇਚਰ ਹੋਣ ਕਾਰਨ ਇਹ ਪੇਟ 'ਚ ਜਾ ਕੇ ਉੱਥੇ ਬਣਨ ਵਾਲੇ ਐਸਿਡ ਨੂੰ ਕੱਟਦਾ ਹੈ ਤੇ ਛਾਤੀ ਦੀ ਜਲਨ ਤੇ ਐਸੀਡਿਟੀ ਠੀਕ ਕਰਦਾ ਹੈ। ਕਾਲਾ ਲੂਣ ਖਾਣ ਨਾਲ ਖ਼ੂਨ ਪਤਲਾ ਹੁੰਦਾ ਹੈ ਜਿਸ ਨਾਲ ਉਹ ਪੂਰੇ ਸਰੀਰ 'ਚ ਅਰਾਮ ਨਾਲ ਪਹੁੰਚਦਾ ਹੈ। ਇਸ ਨਾਲ ਹਾਈ ਕਲੈਸਟਰੋਲ ਤੇ ਬਲੱਡ ਪ੍ਰੈਸ਼ਰ ਠੀਕ ਹੁੰਦਾ ਹੈ।

ਮਸਲ ਸਪੈਜ਼ਮ ਤੇ ਕ੍ਰੈਂਪ

ਇਸ ਨਾਲ ਮਸਲ ਸਪੈਜ਼ਮ ਤੇ ਕ੍ਰੈਂਪ 'ਚ ਅਰਾਮ ਮਿਲਦਾ ਹੈ। ਕਾਲੇ ਲੂਣ 'ਚ ਪੋਟਾਸ਼ੀਅਮ ਹੁੰਦਾ ਹੈ ਜਿਹੜਾ ਸਾਡੀਆਂ ਮਾਸਪੇਸ਼ੀਆਂ ਠੀਕ ਤਰ੍ਹਾਂ ਕੰਮ ਕਰਨ 'ਚ ਮਦਦ ਕਰਦਾ ਹੈ। ਇਸ ਲਈ ਕਾਲੇ ਲੂਣ ਨੂੰ ਰੋਜ਼ਾਨਾ ਦੀ ਖ਼ੁਰਾਕ 'ਚ ਸ਼ਾਮਲ ਕਰੋ ਜਿਸ ਨਾਲ ਮਸਲ ਸਪੈਜ਼ਮ ਤੇ ਕ੍ਰੈਂਪ ਨਾ ਹੋਵੇ।

Posted By: Seema Anand